ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਅਫਗਾਨਿਸਤਾਨ ਵਿਚ ਹਿੰਸਾਤਮਕ ਘਟਨਾਵਾਂ ਵੱਧਣ ਕਾਰਨ ਅਫਗਾਨਿਸਤਾਨੀ ਸ਼ਰਨਾਰਥੀਆਂ ਨੂੰ ਅਸਥਾਈ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਘਰ ਵਾਪਸੀ ਦੀ ਸਮੇਂ ਸੀਮਾ ਵਧਾ ਦਿੱਤੀ ਹੈ। ਕਰੀਬ 30 ਲੱਖ ਅਫਗਾਨਿਸਤਾਨੀ ਦਹਾਕਿਆਂ ਤੋਂ ਪਾਕਿਸਤਾਨ ਵਿਚ ਰਹਿ ਰਹੇ ਹਨ। ਇਨ੍ਹਾਂ ਵਿਚੋਂ ਕਰੀਬ ਅੱਧੇ ਲੋਕਾਂ ਦਾ ਰਜਿਸਟਰੇਸ਼ਨ ਨਹੀਂ ਹੋਇਆ ਹੈ ਅਤੇ ਉਹ ਗੈਰ ਕਾਨੂੰਨੀ ਰੂਪ ਨਾਲ ਦੇਸ਼ ਵਿਚ ਰਹਿ ਰਹੇ ਹਨ। ਸੰਘੀ ਕੈਬੀਨੇਟ ਨੇ ਉਨ੍ਹਾਂ ਦੀ ਘਰ ਵਾਪਸੀ ਦੀ ਸਮੇਂ ਸੀਮਾ ਵਧਾਉਣ ਦਾ ਫੈਸਲਾ ਕੱਲ ਲਿਆ। ਬਿਆਨ ਵਿਚ ਕਿਹਾ ਗਿਆ ਹੈ,''ਕੈਬੀਨੇਟ ਨੇ ਅਫਗਾਨਿਸਤਾਨੀ ਸ਼ਰਨਾਰਥੀਆਂ ਲਈ 'ਪਰੂਫ ਆਫ ਰਜਿਸਟਰੇਸ਼ਨ' (ਪੀ. ਓ. ਆਰ.) ਕਾਰਡਾਂ ਨੂੰ 60 ਦਿਨਾਂ ਦਾ ਵਿਸਤਾਰ ਦੇਣ ਦੀ ਇਜਾਜ਼ਤ ਦਿੱਤੀ ਹੈ।'' ਕਈ ਅਫਗਾਨਿਸਤਾਨੀ ਸ਼ਰਨਾਰਥੀਆਂ ਦੀ ਸ਼ਰਨਾਰਥੀ ਦਰਜੇ ਦੀ ਵੈਧਤਾ 31 ਜਨਵਰੀ ਨੂੰ ਖਤਮ ਹੋ ਗਈ ਸੀ, ਜਿਸ ਕਾਰਨ ਇਨ੍ਹਾਂ ਸ਼ਰਨਾਰਥੀਆਂ ਦੇ ਭਵਿੱਖ 'ਤੇ ਸਵਾਲ ਖੜ੍ਹੇ ਹੋ ਗਏ ਸਨ। ਪਾਕਿਸਤਾਨ ਨੇ ਪਹਿਲਾਂ ਵੀ ਘੱਟ ਤੋਂ ਘੱਟ 6 ਵਾਰੀ ਸ਼ਰਨਾਰਥੀਆਂ ਦੇ ਪੀ. ਓ. ਆਰ. ਦੀ ਵੈਧਤਾ ਵਧਾਈ ਹੈ। ਸਮੇਂ ਸੀਮਾ ਵਿਚ 60 ਦਿਨਾਂ ਦਾ ਵਿਸਤਾਰ ਅਜਿਹੇ ਸਮੇਂ ਵਿਚ ਦਿੱਤਾ ਗਿਆ ਹੈ, ਜਦੋਂ ਅਫਗਾਨਿਸਤਾਨ ਦੇ ਗ੍ਰਹਿ ਮੰਤਰੀ ਵਾਈਸ ਅਹਿਮਦ ਬਰਮਾਕ ਅਤੇ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਮੁਖੀ ਮੁਹੰਮਦ ਮਾਸੂਮ ਸਤਾਨਕੇਜ਼ਈ ਨੇ ਦੋ-ਪੱਖੀ ਸੰਬੰਧਾਂ 'ਤੇ ਚਰਚਾ ਲਈ ਪਾਕਿਸਤਾਨ ਦੀ ਯਾਤਰਾ ਕੀਤੀ। ਅਫਗਾਨਿਸਤਾਨ ਵਿਚ ਹਾਲ ਹੀ ਦੇ ਹਫਤੇ ਵਿਚ ਸੁਰੱਖਿਆ ਹਾਲਾਤ ਵਿਗੜ ਗਏ ਹਨ।
ਕਰਾਚੀ 'ਚ ਮ੍ਰਿਤ ਮਿਲੇ ਸਿੰਧ ਦੇ ਮੰਤਰੀ ਤੇ ਉਸ ਦੀ ਪਤਨੀ
NEXT STORY