ਮੈਲਬੋਰਨ (ਮਨਦੀਪ ਸਿੰਘ ਸੈਣੀ) : ਕਬੱਡੀ ਫੈਡਰੇਸ਼ਨ ਆਸਟ੍ਰੇਲੀਆ ਦੀ ਸਰਪ੍ਰਸਤੀ ਹੇਠ ਕਿੰਗਜ਼ ਕਬੱਡੀ ਕਲੱਬ ਅਤੇ ਸਹਿਯੋਗੀਆਂ ਵੱਲੋਂ ਸ਼ਨੀਵਾਰ ਨੂੰ ਮੈਲਬੋਰਨ ਦੇ ਐਨਜੈੱਕ ਪਾਰਕ ਕਰੇਗੀਬਰਨ 'ਚ ਚੌਥਾ ਕਿੰਗਜ਼ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ 6 ਟੀਮਾਂ ਭਾਗ ਲਿਆ। ਸਾਰੇ ਹੀ ਮੁਕਾਬਲੇ ਦਿਲਚਸਪ ਹੋ ਨਿਬੜੇ। ਫਾਈਨਲ ਮੁਕਾਬਲਾ ਕਿੰਗਜ਼ ਕਲੱਬ ਅਤੇ ਹਰੀ ਸਿੰਘ ਨਲੂਆ ਕਲੱਬ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਹਰੀ ਸਿੰਘ ਨਲੂਆ ਕਲੱਬ ਨੇ 28 ਅੰਕਾਂ ਦੇ ਮੁਕਾਬਲੇ 32.5 ਅੰਕਾਂ ਨਾਲ ਬਾਜ਼ੀ ਮਾਰੀ। ਸਰਵੋਤਮ ਧਾਵੀ ਵਜੋਂ ਸੁਲਤਾਨ ਅਤੇ ਜਾਫ਼ੀ ਵਜੋਂ ਫੂਲਾ ਸ਼ੂਸ਼ਕ ਨੂੰ ਚੁਣਿਆ ਗਿਆ।
ਇਹ ਵੀ ਪੜ੍ਹੋ : ਇਟਲੀ ਦੇ ਨਾਪੋਲੀ ਸ਼ਹਿਰ 'ਚ ਨਿਰੰਕਾਰੀ ਮਿਸ਼ਨ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ
ਫਾਈਨਲ ਮੁਕਾਬਲੇ ਤੋਂ ਪਹਿਲਾਂ ਸਵ. ਸੰਦੀਪ ਨੰਗਲ ਅੰਬੀਆਂ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮਾਂ-ਖੇਡ ਕਬੱਡੀ ਵਿੱਚ ਨਾਮਣਾ ਖੱਟਣ ਵਾਲੇ ਅੰਤਰਰਾਸ਼ਟਰੀ ਖਿਡਾਰੀ ਲਾਡ ਜੌਹਲ ਦਾ ਰੇਂਜ ਰੋਵਰ ਗੱਡੀ ਨਾਲ ਸਨਮਾਨ ਕੀਤਾ ਗਿਆ। ਇਸ ਖੇਡ ਮੇਲੇ ਕਈ ਅੰਤਰਰਾਸ਼ਟਰੀ ਖਿਡਾਰੀਆਂ ਨੇ ਆਪਣੀ ਦਰਸ਼ਨੀ ਖੇਡ ਦੇ ਜੌਹਰ ਵਿਖਾਏ ਅਤੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਕੁਮੈਂਟਰੀ ਦੀ ਸੇਵਾ ਗੱਗੀ ਮਾਨ, ਰੁਪਿੰਦਰ ਜਲਾਲ ਅਤੇ ਅਮਰੀਕ ਖੋਸਾ ਕੋਟਲਾ ਵੱਲੋਂ ਬਾਖੂਬੀ ਨਿਭਾਈ ਗਈ।
ਇਹ ਵੀ ਪੜ੍ਹੋ : ਜੇਲ੍ਹ 'ਚ ਜ਼ਿੰਦਾ ਕੈਦੀ ਨੂੰ ਕੱਟ-ਕੱਟ ਖਾ ਗਏ ਖਟਮਲ, ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ
ਇਸ ਮੌਕੇ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਮਹਿਮਾਨ ਰਮਿੰਦਰ ਸਿੰਘ ਆਂਵਲਾ (ਸਾਬਕਾ ਵਿਧਾਇਕ ਜਲਾਲਾਬਾਦ) ਨੇ ਹਾਜ਼ਰ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਪ੍ਰਵਾਸੀਆਂ ਨੇ ਆਪਣੀ ਮਿਹਨਤ ਨਾਲ ਵਿਦੇਸ਼ਾਂ ਵਿੱਚ ਵੀ ਝੰਡੇ ਗੱਡੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਮੇਲੇ ਅਮੀਰ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਹਨ ਤੇ ਆਪਣੇ ਪੁਰਖਿਆਂ ਦੇ ਸ਼ਾਨਾਮੱਤੀ ਇਤਿਹਾਸ, ਰਹੁ-ਰੀਤਾਂ ਅਤੇ ਵਿਰਾਸਤ ਨਾਲ ਜੋੜਦਿਆਂ ਭਾਈਚਾਰਕ ਸਾਂਝ ਅਤੇ ਖੇਡ ਭਾਵਨਾ ਵਿੱਚ ਵਾਧਾ ਕਰਦੇ ਹਨ। ਉਨ੍ਹਾਂ ਪ੍ਰਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਆਪਣੀ ਕਿਰਤ-ਕਮਾਈ 'ਚੋਂ ਆਪਣੀ ਜਨਮ ਭੂਮੀ ਪੰਜਾਬ ਲਈ ਬਣਦਾ ਯੋਗਦਾਨ ਪਾ ਰਹੇ ਹਨ।
ਇਹ ਵੀ ਪੜ੍ਹੋ : ਅਮਰੀਕਾ : ਕੀ ਦੂਸਰੀ ਵਾਰ ਰਾਸ਼ਟਰਪਤੀ ਅਹੁਦੇ ਲਈ ਲੜਨਗੇ ਜੋਅ ਬਾਈਡੇਨ? ਜਾਣੋ ਉਨ੍ਹਾਂ ਦਾ ਜਵਾਬ
ਫਿਲਮੀ ਜਗਤ ਵਿੱਚ ਦਮਦਾਰ ਚਿਹਰੇ ਵਜੋਂ ਜਾਣੇ ਜਾਂਦੇ ਯੋਗਰਾਜ ਸਿੰਘ ਨੇ ਕਿਹਾ ਕਿ ਖੇਡਾਂ ਸਾਡੀ ਅਜੋਕੀ ਪੀੜ੍ਹੀ ਨੂੰ ਨਿਰੋਗ ਰੱਖਣ ਅਤੇ ਆਪਣੇ ਵਤਨ ਨਾਲ ਜੋੜਨ ਵਿੱਚ ਸਹਾਈ ਹੁੰਦੀਆਂ ਹਨ, ਇਸ ਲਈ ਪ੍ਰਵਾਸੀਆਂ ਨੂੰ ਵੱਧ-ਚੜ੍ਹ ਕੇ ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਗਾਇਕ ਗਗਨ ਕੋਕਰੀ ਵੀ ਹਾਜ਼ਰ ਸਨ। ਜੇਤੂ ਟੀਮਾਂ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਇਨਾਮ ਭੇਟ ਕੀਤੇ ਗਏ। ਮੁੱਖ ਪ੍ਰਬੰਧਕ ਵਿਸ਼ਾਲ ਸ਼ਰਮਾ, ਸਰਵਣ ਸੰਧੂ, ਰਿੱਕੀ ਰਟੌਲ, ਸੰਨੀ ਬੇਰੀ ਤੇ ਜੱਸ ਰੰਧਾਵਾ ਵੱਲੋਂ ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਸਮੂਹ ਖਿਡਾਰੀਆਂ, ਦਰਸ਼ਕਾਂ, ਮੀਡੀਆ ਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਟਲੀ ਦੇ ਨਾਪੋਲੀ ਸ਼ਹਿਰ 'ਚ ਨਿਰੰਕਾਰੀ ਮਿਸ਼ਨ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ
NEXT STORY