ਸ਼ਾਹ ਪੋਰਿਰ ਟਾਪੂ/ਬਾਂਗਲਾਦੇਸ਼(ਭਾਸ਼ਾ)—ਨਬੀ ਹੁਸੈਨ ਨੇ ਜਿੰਦਾ ਰਹਿਣ ਦੀ ਆਪਣੀ ਸਭ ਤੋਂ ਵੱਡੀ ਜੰਗ ਇਕ ਪੀਲੇ ਰੰਗ ਦੇ ਪਲਾਸਟਿਕ ਦੇ ਡਰੱਮ ਦੇ ਸਹਾਰੇ ਜਿੱਤੀ। ਰੋਹਿੰਗਿਆ ਮੁਸਲਮਾਨ ਨਾਬਾਲਗ ਨਬੀ ਦੀ ਉਮਰ ਸਿਰਫ਼ 13 ਸਾਲ ਹੈ ਅਤੇ ਉਹ ਤੈਰ ਵੀ ਨਹੀਂ ਸਕਦਾ। ਮਿਆਂਮਾਰ ਵਿਚ ਆਪਣੇ ਪਿੰਡ 'ਚੋਂ ਭੱਜਣ ਤੋਂ ਪਹਿਲਾਂ ਉਸ ਨੇ ਕਦੇ ਨੇੜਿਓਂ ਸਮੁੰਦਰ ਨਹੀਂ ਦੇਖਿਆ ਸੀ। ਉਸ ਨੇ ਮਿਆਂਮਾਰ ਤੋਂ ਬੰਗਲਾਦੇਸ਼ ਤੱਕ ਦਾ ਸਮੁੰਦਰ ਦਾ ਸਫਰ ਪੀਲੇ ਰੰਗ ਦੇ ਪਲਾਸਟਿਕ ਦੇ ਖਾਲੀ ਡਰੱਮ ਉੱਤੇ ਆਪਣੀ ਮਜਬੂਤ ਪਕੜ ਦੇ ਸਹਾਰੇ ਲਹਿਰਾਂ ਨੂੰ ਮਾਤ ਦੇ ਕੇ ਪੂਰਾ ਕੀਤਾ। ਕਰੀਬ ਢਾਈ ਮੀਲ ਦੀ ਇਸ ਦੂਰੀ ਦੌਰਾਨ ਸਮੁੰਦਰੀ ਲਹਿਰਾਂ ਦੇ ਤੇਜ਼ ਵਹਾਅ ਦੇ ਬਾਵਜੂਦ ਉਸ ਨੇ ਡਰੱਮ ਉੱਤੇ ਆਪਣੀ ਪਕੜ ਬਣਾਈ ਰੱਖੀ ਅਤੇ ਉਸ ਨੂੰ ਨਹੀਂ ਛੱਡਿਆ। ਮਿਆਂਮਾਰ ਵਿਚ ਹਿੰਸਾ ਦੀ ਵਜ੍ਹਾ ਨਾਲ ਡਰੇ ਰੋਹਿੰਗਿਆ ਮੁਸਲਮਾਨ ਨਿਰਾਸ਼ਾ ਵਿਚ ਆਪਣਾ ਘਰ-ਬਾਰ ਸਭ ਕੁੱਝ ਛੱਡ ਕੇ ਉੱਥੋਂ ਨਿਕਲਣ ਦੀ ਕੋਸ਼ਿਸ਼ ਵਿਚ ਸਮੁੰਦਰ ਵਿਚ ਤੈਰ ਕੇ ਬੰਗਲਾਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਹਫਤੇ ਵਿਚ ਹੀ ਤਿੰਨ ਦਰਜਨ ਤੋਂ ਜ਼ਿਆਦਾ ਨੌਜਵਾਨਾਂ ਨੇ ਤੇਲ ਦੇ ਡਰੱਮਾਂ ਦਾ ਇਸਤੇਮਾਲ ਛੋਟੀ ਕਿਸ਼ਤੀ ਦੇ ਤੌਰ ਉੱਤੇ ਨਫ ਨਦੀ ਨੂੰ ਪਾਰ ਕਰਨ ਲਈ ਕੀਤਾ ਅਤੇ ਸ਼ਾਹ ਪੋਰਿਰ ਟਾਪੂ ਪੁੱਜੇ। ਧਾਰੀਦਾਰ ਸ਼ਰਟ ਅਤੇ ਚੈਕ ਦੀ ਧੋਤੀ ਪਾਏ ਪਤਲੇ-ਦੁਬਲੇ ਨਬੀ ਨੇ ਕਿਹਾ, ''ਮੈਂ ਮਰਨ ਨੂੰ ਲੈ ਕੇ ਬਹੁਤ ਡਰਿਆ ਹੋਇਆ ਸੀ। ਮੈਨੂੰ ਲੱਗਾ ਕਿ ਇਹ ਮੇਰਾ ਆਖਰੀ ਦਿਨ ਹੋਣ ਵਾਲਾ ਹੈ।'' ਮਿਆਂਮਾਰ ਵਿਚ ਰੋਹਿੰਗਿਆ ਮੁਸਲਮਾਨ ਦਹਾਕਿਆਂ ਤੋਂ ਰਹਿ ਰਹੇ ਹਨ ਪਰ ਉੱਥੇ ਬਹੁਗਿਣਤੀ ਬੋਧੀ ਉਨ੍ਹਾਂ ਨੂੰ ਹੁਣ ਵੀ ਬੰਗਲਾਦੇਸ਼ੀ ਘੁੱਸਪੈਠੀਆਂ ਦੇ ਤੌਰ ਉੱਤੇ ਦੇਖਦੇ ਹਨ। ਸਰਕਾਰ ਉਨ੍ਹਾਂ ਨੂੰ ਮੁੱਢਲੇ ਅਧਿਕਾਰ ਵੀ ਨਹੀਂ ਦਿੰਦੀ ਅਤੇ ਸੰਯੁਕਤ ਰਾਸ਼ਟਰ ਨੇ ਉਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਪੀੜਤ ਘੱਟ ਗਿਣਤੀ ਵਾਲੀ ਆਬਾਦੀ ਕਿਹਾ ਸੀ। ਅਗਸਤ ਦੇ ਬਾਅਦ ਤੋਂ ਕਰੀਬ 6 ਲੱਖ ਰੋਹਿੰਗਿਆ ਬੰਗਲਾਦੇਸ਼ ਜਾ ਚੁੱਕੇ ਹਨ। ਕਮਾਲ ਹੁਸੈਨ (18) ਵੀ ਤੇਲ ਦੇ ਡਰੱਮ ਦੇ ਸਹਾਰੇ ਹੀ ਬੰਗਲਾਦੇਸ਼ ਪਹੁੰਚਿਆ ਸੀ। ਉਸ ਨੇ ਕਿਹਾ, ''ਅਸੀਂ ਬਹੁਤ ਪ੍ਰੇਸ਼ਾਨ ਸੀ, ਇਸ ਲਈ ਸਾਨੂੰ ਲੱਗਾ ਕਿ ਪਾਣੀ ਵਿਚ ਡੁੱਬ ਜਾਣਾ ਕਿਤੇ ਬਿਹਤਰ ਹੋਵੇਗਾ।'' ਨਬੀ ਇਸ ਦੇਸ਼ ਵਿਚ ਕਿਸੇ ਨੂੰ ਨਹੀਂ ਜਾਣਦਾ ਅਤੇ ਮਿਆਂਮਾਰ ਵਿਚ ਉਸ ਦੇ ਮਾਤਾ-ਪਿਤਾ ਨੂੰ ਇਹ ਨਹੀਂ ਪਤਾ ਕਿ ਉਹ ਜਿੰਦਾ ਹੈ। ਉਸ ਦੇ ਚਿਹਰੇ ਉੱਤੇ ਹੁਣ ਪਹਿਲਾਂ ਵਾਲੀ ਮੁਸਕਾਨ ਨਹੀਂ ਰਹਿੰਦੀ ਅਤੇ ਉਹ ਲੋਕਾਂ ਨਾਲ ਅੱਖ ਵੀ ਘੱਟ ਹੀ ਮਿਲਾਉਂਦਾ ਹੈ। ਨਬੀ ਆਪਣੇ ਮਾਤਾ-ਪਿਤਾ ਦੀ 9 ਬੱਚਿਆਂ ਵਿਚੋਂ ਚੌਥੇ ਨੰਬਰ 'ਤੇ ਸੀ। ਮਿਆਂਮਾਰ ਵਿਚ ਪਹਾੜੀਆਂ ਉੱਤੇ ਰਹਿਣ ਵਾਲਾ ਉਸ ਦਾ ਕਿਸਾਨ ਪਿਤਾ ਪਾਨ ਦੇ ਪੱਤੇ ਉਗਾਉਂਦੇ ਸਨ। ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਇਕ ਰੋਹਿੰਗਿਆ ਬਾਗ਼ੀ ਸੰਗਠਨ ਨੇ ਮਿਆਂਮਾਰ ਦੇ ਸੁਰੱਖਿਆ ਬਲਾਂ ਉੱਤੇ ਹਮਲਾ ਕੀਤਾ। ਮਿਆਂਮਾਰ ਦੇ ਸੁਰੱਖਿਆ ਬਲਾਂ ਨੇ ਇਸ ਉੱਤੇ ਬਹੁਤ ਸਖ਼ਤ ਕਾਰਵਾਈ ਕੀਤੀ। ਫੌਜੀ ਕਾਰਵਾਈ ਦੌਰਾਨ ਕਈ ਸਾਰੇ ਲੋਕ ਮਾਰੇ ਗਏ, ਔਰਤਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਉਨ੍ਹਾਂ ਦੇ ਘਰਾਂ ਅਤੇ ਜਾਇਦਾਦਾਂ ਨੂੰ ਅੱਗ ਲਗਾ ਦਿੱਤੀ ਗਈ। ਨਬੀ ਨੇ ਜਦੋਂ ਆਖਰੀ ਵਾਰ ਆਪਣੇ ਪਿੰਡ ਨੂੰ ਦੇਖਿਆ ਸੀ ਉਦੋਂ ਉੱਥੇ ਸਾਰੇ ਘਰ ਸਾੜੇ ਜਾ ਚੁੱਕੇ ਸਨ।
ਪੇਰੂ ਵਿਚ ਲੱਗੀ ਅੱਗ ਵਿਚ ਪ੍ਰਾਚੀਨ ਪੁਰਾਤਤਵ ਸਥਾਨ ਹੋਇਆ ਤਬਾਹ
NEXT STORY