ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ ਜਾਰਜੀਆ ਰਾਜ ਵਿੱਚ ਬੇਹੱਦ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਵਿਆਹ ਤੋਂ ਮਹਿਜ਼ ਕੁਝ ਘੰਟਿਆਂ ਬਾਅਦ ਹੀ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ ਭਾਰਤੀ ਮੂਲ ਦੇ ਇੱਕ ਨੌਜਵਾਨ ਅਤੇ ਹੈਲੀਕਾਪਟਰ ਦੇ ਪਾਇਲਟ ਦੀ ਮੌਤ ਹੋ ਗਈ, ਜਦਕਿ ਨਵ-ਵਿਆਹੁਤਾ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਮ੍ਰਿਤਕ ਨੌਜਵਾਨ ਦੀ ਪਛਾਣ 25 ਸਾਲਾ ਡੇਵ ਫਿਜ਼ੀ ਵਜੋਂ ਹੋਈ ਹੈ, ਜੋ ਅਟਲਾਂਟਾ ਦਾ ਰਹਿਣ ਵਾਲਾ ਸੀ ਅਤੇ ਖੁਦ 'ਡੈਲਟਾ ਏਅਰਲਾਈਨਜ਼' ਵਿੱਚ ਪਾਇਲਟ ਵਜੋਂ ਕੰਮ ਕਰਦਾ ਸੀ। ਡੇਵ ਅਤੇ ਉਸ ਦੀ ਪਤਨੀ ਜੈਸਨੀ ਨੇ ਸ਼ੁੱਕਰਵਾਰ ਨੂੰ ਹੀ ਡੌਸਨਵਿਲ ਦੇ 'ਦਿ ਰਿਵੇਰੇ' ਨਾਮਕ ਸਥਾਨ 'ਤੇ ਇੱਕ ਸ਼ਾਨਦਾਰ ਸਮਾਗਮ ਵਿੱਚ ਵਿਆਹ ਕਰਵਾਇਆ ਸੀ, ਜਿਸ ਵਿੱਚ ਸੈਂਕੜੇ ਮਹਿਮਾਨ ਸ਼ਾਮਲ ਹੋਏ ਸਨ। ਡੇਵ ਦਾ ਪਰਿਵਾਰ ਮੂਲ ਰੂਪ ਵਿੱਚ ਕੇਰਲ ਦੇ ਇਰਨਾਕੁਲਮ ਜ਼ਿਲ੍ਹੇ ਨਾਲ ਸਬੰਧਤ ਹੈ, ਜਦਕਿ ਜੈਸਨੀ ਦਾ ਪਰਿਵਾਰ ਕੇਰਲ ਦੇ ਅਲਾਪੁਝਾ ਜ਼ਿਲ੍ਹੇ ਤੋਂ ਹੈ।
ਪੜ੍ਹੋ ਇਹ ਅਹਿਮ ਖ਼ਬਰ- ਭਿਆਨਕ ਤੂਫ਼ਾਨ ਮਗਰੋਂ ਹੋ ਗਿਆ 'ਬਲੈਕਆਊਟ'! ਆਸਟ੍ਰੇਲੀਆ 'ਚ ਕੁਦਰਤ ਦਾ ਕਹਿਰ (ਤਸਵੀਰਾਂ)
ਪਰਿਵਾਰ ਅਨੁਸਾਰ ਵਿਆਹ ਤੋਂ ਬਾਅਦ ਜੋੜੇ ਨੇ ਹੈਲੀਕਾਪਟਰ ਰਾਹੀਂ ਪੀਚਟਰੀ-ਡੀਕਾਲਬ ਏਅਰਪੋਰਟ ਜਾਣਾ ਸੀ। ਹਾਲਾਂਕਿ,ਰਾਤ ਨੂੰ ਸਮਾਗਮ ਖ਼ਤਮ ਹੋਣ ਵੇਲੇ ਮੌਸਮ ਬਹੁਤ ਖ਼ਰਾਬ ਹੋ ਗਿਆ ਸੀ ਅਤੇ ਭਾਰੀ ਧੁੰਦ ਤੇ ਮੀਂਹ ਕਾਰਨ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਡੇਵ, ਜੋ ਕਿ ਇੱਕ ਤਜਰਬੇਕਾਰ ਕਮਰਸ਼ੀਅਲ ਪਾਇਲਟ ਸੀ, ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਹ ਅਜਿਹੇ ਮੌਸਮ ਵਿੱਚ ਉਡਾਣ ਨਹੀਂ ਭਰੇਗਾ। ਪਰ ਇਸ ਦੇ ਬਾਵਜੂਦ ਹੈਲੀਕਾਪਟਰ ਨੇ ਉਡਾਣ ਭਰੀ ਅਤੇ ਕੁਝ ਸਮੇਂ ਬਾਅਦ ਡੌਸਨਵਿਲ ਦੇ ਨੇੜੇ ਪਹਾੜੀ ਅਤੇ ਜੰਗਲੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਪੰਜ ਸੀਟਾਂ ਵਾਲਾ ਰੌਬਿਨਸਨ ਹੈਲੀਕਾਪਟਰ ਬੁਰੀ ਤਰ੍ਹਾਂ ਨਸ਼ਟ ਹੋ ਗਿਆ।
ਡੇਵ ਦੀ ਪਤਨੀ ਜੈਸਨੀ, ਜੋ ਪੇਸ਼ੇ ਤੋਂ ਇੱਕ ਨਰਸ ਹੈ, ਲਗਭਗ ਪੰਜ ਘੰਟਿਆਂ ਤੱਕ ਮਲਬੇ ਅਤੇ ਦਰੱਖਤਾਂ ਹੇਠ ਫਸੀ ਰਹੀ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਪਤੀ ਨੂੰ ਮ੍ਰਿਤਕ ਪਾਇਆ। ਬਚਾਅ ਟੀਮ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ। ਡੇਵ ਦੇ ਪਿਤਾ ਜਾਰਜ ਫਿਜ਼ੀ ਨੇ ਭਰੇ ਮਨ ਨਾਲ ਕਿਹਾ ਕਿ ਡੇਵ ਉਨ੍ਹਾਂ ਲਈ ਰੱਬ ਦਾ ਦਿੱਤਾ ਇੱਕ ਅਨਮੋਲ ਤੋਹਫ਼ਾ ਸੀ। ਉਨ੍ਹਾਂ ਦੱਸਿਆ ਕਿ ਵਿਆਹ ਬਹੁਤ ਵਧੀਆ ਰਿਹਾ ਸੀ, ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਖੁਸ਼ੀਆਂ ਪਲ ਭਰ ਵਿੱਚ ਮਾਤਮ ਵਿੱਚ ਬਦਲ ਜਾਣਗੀਆਂ। ਫਿਲਹਾਲ ਸੰਘੀ ਹਵਾਬਾਜ਼ੀ ਪ੍ਰਸ਼ਾਸਨ (FAA) ਇਸ ਹਾਦਸੇ ਦੀ ਜਾਂਚ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਿਆਨਕ ਤੂਫ਼ਾਨ ਮਗਰੋਂ ਹੋ ਗਿਆ 'ਬਲੈਕਆਊਟ'! ਆਸਟ੍ਰੇਲੀਆ 'ਚ ਕੁਦਰਤ ਦਾ ਕਹਿਰ (ਤਸਵੀਰਾਂ)
NEXT STORY