ਤੇਹਰਾਨ (ਇੰਟ.)- ਪਿਛਲੇ ਕਈ ਦਹਾਕਿਆਂ ਤੋਂ ਈਰਾਨ ਭਿਆਨਕ ਸੋਕੇ ਦੀ ਮਾਰ ਝੱਲ ਰਿਹਾ ਹੈ। 6 ਦਹਾਕਿਆਂ ’ਚ ਪਹਿਲੀ ਵਾਰ ਹਾਲਾਤ ਇੰਨੇ ਖਰਾਬ ਹਨ ਕਿ ਰਾਜਧਾਨੀ ਤਹਿਰਾਨ ’ਚ ਪੀਣ ਵਾਲਾ ਪਾਣੀ ਖਤਮ ਹੋਣ ਦੀ ਕਗਾਰ ’ਤੇ ਹੈ। ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਨਵੰਬਰ ਦੇ ਅੰਤ ਤੱਕ ਮੀਂਹ ਨਹੀਂ ਪਿਆ ਤਾਂ ਸਰਕਾਰ ਨੂੰ ਪਾਣੀ ਦੀ ਸਪਲਾਈ ਸੀਮਤ ਕਰਨੀ ਪਵੇਗੀ ਅਤੇ ਹਾਲਾਤ ਨਾ ਸੁਧਰੇ ਤਾਂ ਤਹਿਰਾਨ ਨੂੰ ਖਾਲੀ ਕਰਵਾਉਣਾ ਪੈ ਸਕਦਾ ਹੈ। ਇਕ ਪਾਸੇ ਜਿੱਥੇ ਸਰਕਾਰ ਸੋਕੇ ਨੂੰ ਵਾਤਾਵਰਨੀ ਅਤੇ ਨੀਤੀਗਤ ਸਮੱਸਿਆ ਦੱਸ ਰਹੀ ਹੈ, ਉਥੇ ਹੀ ਧਾਰਮਿਕ ਆਗੂ ਇਸਨੂੰ ‘ਈਸ਼ਵਰ ਦੀ ਚਿਤਾਵਨੀ’ ਕਰਾਰ ਦੇ ਰਹੇ ਹਨ। ਈਰਾਨ ਦੇ ਸੀਨੀਅਰ ਧਰਮਗੁਰੂ ਅਤੇ ਅਸੈਂਬਲੀ ਆਫ ਐਕਸਪਰਟਸ ਦੇ ਮੈਂਬਰ ਮੋਹਸਿਨ ਅਰਾਕੀ ਨੇ ਕਿਹਾ ਹੈ ਕਿ ਅੱਜ ਦਾ ਸੋਕਾ ਅਤੇ ਸੰਕਟ ਸਮਾਜ ਲਈ ਈਸ਼ਵਰ ਦੀ ਚਿਤਾਵਨੀ ਹੈ ਕਿ ਉਹ ਉਸ ਵਾਪਸ ਮੁੜੇ।
ਬੰਨ੍ਹਾਂ ’ਚ ਪਾਣੀ ਹੇਠਲੇ ਪੱਧਰ ’ਤੇ
ਈਰਾਨ ਇੰਟਰਨੈਸ਼ਨਲ ਦੀ ਇਕ ਰਿਪੋਰਟ ਮੁਤਾਬਕ ਮੋਹਸਿਨ ਅਰਾਕੀ ਨੇ ਕਿਹਾ ਕਿ ਜਨਤਕ ਜੀਵਨ ’ਚ ਖੁੱਲ੍ਹਾ ਪਾਪ ਅਤੇ ਨੈਤਿਕ ਭ੍ਰਿਸ਼ਟਾਚਾਰ ਈਰਾਨ ਦੀਆਂ ਮੁਸ਼ਕਿਲਾਂ ਦਾ ਕਾਰਨ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਮਰਿਆਦਾ ਅਤੇ ਨੈਤਿਕ ਅਨੁਸ਼ਾਸਨ ਨੂੰ ਸਖ਼ਤੀ ਨਾਲ ਲਾਗੂ ਕਰਨ। ਧਰਮਗੁਰੂ ਅਰਾਕੀ ਨੇ ਸੋਕੇ ਅਤੇ ਮੀਂਹ ਦੀ ਘਾਟ ਨੂੰ ਸਰਕਾਰ ਦੀ ਲਾਪ੍ਰਵਾਹੀ ਅਤੇ ਅਨੈਤਿਕਤਾ ਨਾਲ ਜੋੜਿਆ।
ਉਨ੍ਹਾਂ ਦਾਅਵਾ ਕੀਤਾ ਕਿ ਹਿਜਾਬ ਕਾਨੂੰਨ ਨੂੰ ਲਾਗੂ ਨਾ ਕਰਨਾ ਅਤੇ ਜਨਤਕ ਥਾਵਾਂ ’ਤੇ ਨੈਤਿਕ ਅਨੁਸ਼ਾਸਨ ਦੀ ਘਾਟ ਨੇ ਸਮਾਜ ਨੂੰ ਈਸ਼ਵਰ ਤੋਂ ਦੂਰ ਕਰ ਦਿੱਤਾ ਹੈ, ਜਿਸਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ।
ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਕਿਹਾ ਕਿ ਸਥਿਤੀ ਬੇਹੱਦ ਗੰਭੀਰ ਹੈ। ਬੰਨ੍ਹਾਂ ’ਚ ਪਾਣੀ ਦਾ ਪੱਧਰ 60 ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਰਾਜਧਾਨੀ ਦੇ 5 ਪ੍ਰਮੁੱਖ ਜਲ ਭੰਡਾਰਾਂ ’ਚੋਂ ਕਈ ਲੱਗਭਗ ਸੁੱਕ ਚੁੱਕੇ ਹਨ। ਪੂਰਬੀ ਤਹਿਰਾਨ ਦਾ ਲਤਯਾਨ ਡੈਮ ਹੁਣ ਸਿਰਫ 9 ਫੀਸਦੀ ਸਮਰੱਥਾ ’ਤੇ ਹੈ। ਈਰਾਨ ਤੋਂ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ’ਚ ਬੰਨ੍ਹ ਦਾ ਪਾਣੀ ਖਤਮ ਹੋਣ ਤੋਂ ਬਾਅਦ ਜ਼ਮੀਨ ’ਤੇ ਦਰਾਰਾਂ ਪਈਆਂ ਦਿਸ ਰਹੀਆਂ ਹਨ। ਊਰਜਾ ਮੰਤਰਾਲਾ ਦੇ ਉਪ ਮੰਤਰੀ ਮੁਹੰਮਦ ਜਵਾਂਬਖ਼ਤ ਨੇ ਹਾਲ ਹੀ ’ਚ ਦੱਸਿਆ ਹੈ ਕਿ ਲਤਯਾਨ ਬੰਨ੍ਹ ’ਚ ਸਿਰਫ 9 ਮਿਲੀਅਨ ਘਣਮੀਟਰ ਪਾਣੀ ਬਚਿਆ ਹੈ, ਜੋ ਬੇਹੱਦ ਖਤਰਨਾਕ ਸਥਿਤੀ ਹੈ।
ਪਾਣੀ ਦੇ ਨਾਲ ਬਿਜਲੀ ਦਾ ਸੰਕਟ
ਲੱਗਭਗ 91 ਲੱਖ ਆਬਾਦੀ ਵਾਲੇ ਤਹਿਰਾਨ ਅਤੇ ਇਸਦੇ ਆਸ-ਪਾਸ ਦੇ ਸੂਬਿਆਂ ’ਚ ਬਿਜਲੀ ਅਤੇ ਪਾਣੀ ਦੋਵਾਂ ਦੀ ਸਪਲਾਈ ’ਤੇ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਈਰਾਨ ਦੀ ਬਿਜਲੀ ਉਤਪਾਦਨ ਪ੍ਰਣਾਲੀ ਕਾਫੀ ਹੱਦ ਤੱਕ ਹਾਈਡ੍ਰੋਪਾਵਰ ’ਤੇ ਨਿਰਭਰ ਹੈ ਪਰ ਦਰਿਆਵਾਂ ਅਤੇ ਝੀਲਾਂ ਦੇ ਸੁੱਕਣ ਨਾਲ ਕਈ ਪਾਵਰ ਪਲਾਂਟ ਬੰਦ ਹੋ ਗਏ ਹਨ। ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਨਾ ਸਿਰਫ਼ ਪਾਣੀ ਦੀ ਕਮੀ ਨਾਲ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ, ਸਗੋਂ ਬਿਜਲੀ ਸੰਕਟ ਦਾ ਸੰਕਟ ਹੋਰ ਵੀ ਗੰਭੀਰ ਹੋ ਜਾਵੇਗਾ।
ਰੂਸ ; ਲੜਾਕੂ ਜਹਾਜ਼ ਹੋ ਗਿਆ ਕ੍ਰੈਸ਼ ! 2 ਪਾਇਲਟਾਂ ਦੀ ਦਰਦਨਾਕ ਮੌਤ
NEXT STORY