ਰੋਮ (ਏਜੰਸੀ)— ਸ਼ਾਨਦਾਰ ਜ਼ਿੰਦਗੀ ਦਾ ਸੁਪਨਾ ਲਈ ਇਟਲੀ ਪਹੁੰਚੇ ਪੰਜਾਬੀ ਨੌਜਵਾਨ ਮਾਫੀਆ ਦਾ ਸ਼ਿਕਾਰ ਹੋ ਰਹੇ ਹਨ। ਇਸ ਗੱਲ ਦਾ ਖੁਲਾਸਾ ਸੰਯੁਕਤ ਰਾਸ਼ਟਰ ਦੀ ਮਾਹਰ ਉਰਮਿਲਾ ਭੋਲਾ ਵੱਲੋਂ ਇਟਲੀ ਵਿਚ ਚੱਲ ਰਹੇ 'ਕੈਪੋਰਾਲਾਤੋ' ਤਹਿਤ ਗੁਲਾਮ ਵਿਵਸਥਾ ਸਬੰਧੀ ਆਈ ਰਿਪੋਰਟ ਵਿਚ ਕੀਤਾ ਗਿਆ ਹੈ। ਇੱਥੇ ਕਰੀਬ 36000 ਸਿੱਖ ਖੇਤ ਮਜ਼ਦੂਰ ਜੋ ਲਾਤੀਨਾ ਅਤੇ ਹੋਰ ਉੱਤਰੀ ਸੂਬਿਆਂ ਵਿਚ ਰਹਿ ਰਹੇ ਹਨ ਉਹ ਨਾ ਸਿਰਫ ਆਰਥਿਕ ਸ਼ੋਸ਼ਣ ਸਗੋਂ ਸਰੀਰਕ ਸ਼ੋਸ਼ਣ ਦੇ ਵੀ ਸ਼ਿਕਾਰ ਹੋਏ ਹਨ। ਇੱਥੇ ਉਹ ਗੈਂਗਸਟਰਾਂ ਦੇ ਦਬਾਅ ਹੇਠ ਦਿਨ ਬਿਤਾਉਣ ਲਈ ਮਜਬੂਰ ਹਨ।
ਇੱਥੇ ਇਸ ਖੇਤ ਮਾਫੀਆ ਨੂੰ 'ਕੈਪੋਰਾਲਾਤੋ' ਕਿਹਾ ਜਾਂਦਾ ਹੈ। ਪੰਜਾਬੀ ਜਿੰਨਾਂ ਵਿਚ ਜ਼ਿਆਦਾਤਰ ਖੇਤੀਬਾੜੀ ਪਿਛੋਕੜ ਦੇ ਹਨ ਉਹ ਇਟਲੀ ਵਿਚ ਪੂਰਾ ਹਫਤਾ 13 ਤੋਂ 14 ਘੰਟੇ ਤੱਕ ਕੰਮ ਕਰਨ ਲਈ ਮਜਬੂਰ ਹਨ। ਆਮਤੌਰ 'ਤੇ ਉਹ ਗਾਜਰਾਂ, ਬੈਂਗਨ, ਟਮਾਟਰ ਆਦਿ ਤੋੜਨ ਦਾ ਕੰਮ ਕਰਦੇ ਹਨ ਜਦੋਂ ਕਿ ਇਟਲੀ ਦੇ ਕਾਨੂੰਨ ਮੁਤਾਬਕ ਖੇਤ ਮਜ਼ਦੂਰਾਂ ਤੋਂ 6 ਘੰਟੇ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ। ਇਨ੍ਹਾਂ ਕਾਮਿਆਂ ਨੂੰ 12 ਡਾਲਰ ਪ੍ਰਤੀ ਘੰਟੇ ਦੀ ਮਜ਼ਦੂਰੀ ਦੇਣੀ ਜ਼ਰੂਰੀ ਹੈ ਜਦਕਿ ਉਨ੍ਹਾਂ ਨੂੰ ਮਜ਼ਦੂਰੀ ਦਾ ਸਿਰਫ 30 ਫੀਸਦੀ ਹੀ ਮਿਲਦਾ ਹੈ।
ਖੁਸ਼ਹਾਲ ਜ਼ਿੰਦਗੀ ਜਿਉਣ ਦੇ ਸੁਪਨੇ ਲਈ ਇਟਲੀ ਵਿਚ ਆਏ ਇਨ੍ਹਾਂ ਨੌਜਵਾਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਮਾਫੀਆ ਦਾ ਸ਼ਿਕਾਰ ਹੋਣਾ ਪਵੇਗਾ, ਜਿਸ ਵਿਚ ਕੁੱਟਮਾਰ ਵੀ ਸ਼ਾਮਲ ਹੈ। ਸਥਿਤੀ ਇੰਨੀ ਗੰਭੀਰ ਹੈ ਕਿ ਬਹੁਤ ਹੀ ਘੱਟ ਲੋਕ ਅਜਿਹੇ ਹਨ ਜੋ ਮਾਫੀਆ ਵਿਰੁੱਧ ਆਪਣੀ ਆਵਾਜ਼ ਚੁੱਕ ਰਹੇ ਹਨ। ਇਹ 20,000 ਤੋਂ 25,000 ਡਾਲਰ ਏਜੰਟਾਂ ਨੂੰ ਦੇ ਕੇ ਪੰਜਾਬ ਤੋਂ ਇਟਲੀ ਪਹੁੰਚੇ ਹਨ। ਇਨ੍ਹਾਂ ਵਿਚੋਂ ਕਾਫੀ ਸਾਰੇ ਸਮੈਕ, ਅਫੀਮ ਅਤੇ ਹੋਰ ਨਸ਼ਿਆਂ ਦੇ ਆਦੀ ਹੋਣ ਕਾਰਨ ਆਪਣੀ ਜ਼ਿੰਦਗੀ ਨੂੰ ਬਦਤਰ ਬਣਾ ਚੁੱਕੇ ਹਨ।
ਅਮਰੀਕਾ ਨੇ ਇਮਰਾਨ ਦੀ ਕੀਤੀ ਤਾਰੀਫ, ਮਸੂਦ ਲਈ ਕਹੀ ਇਹ ਗੱਲ
NEXT STORY