ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੀ ਰਾਜਧਾਨੀ ਰੋਮ ਤੋਂ 30 ਕਿਲੋਮੀਟਰ ਦੂਰੀ 'ਤੇ ਵਸੇ ਕਸਬਾ ਆਸੀਓ ਵਿਚ ਰਹਿੰਦੇ ਪੰਜਾਬੀਆਂ ਦੇ ਘਰਾਂ ਵਿਚੋਂ ਦਿਨ-ਦਿਹਾੜੇ ਲੱਖਾਂ ਯੂਰੋ ਦੇ ਗਹਿਣੇ ਅਤੇ ਨਗਦੀ ਚੋਰੀ ਹੋਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਦੱਸਣ ਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਪੰਜਾਬੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਕੇ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਪ੍ਰੈਸ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰੋਂ ਸੋਨਾ ਅਤੇ ਨਕਦੀ ਉਸ ਵੇਲੇ ਚੋਰੀ ਹੋਏ, ਜਦੋਂ ਉਨ੍ਹਾਂ ਦੇ ਬੱਚੇ ਸਕੂਲ ਗਏ ਹੋਏ ਸਨ ਅਤੇ ਉਹ ਆਪਣੀ ਪਤਨੀ ਨਾਲ ਸਟੋਰ 'ਤੇ ਕਾਰੋਬਾਰ ਵਿੱਚ ਰੁੱਝੇ ਹੋਏ ਸਨ।
ਇਹ ਵੀ ਪੜ੍ਹੋ: ਜਨਮ ਲੈਂਦੇ ਹੀ ਵਿਛੜ ਗਈਆਂ ਸਨ ਇਹ ਜੁੜਵਾ ਭੈਣਾਂ, 19 ਸਾਲਾਂ ਬਾਅਦ ਇੰਝ ਹੋਈ ਮੁਲਾਕਾਤ
ਇਸੇ ਹੀ ਤਰ੍ਹਾਂ ਉਨ੍ਹਾਂ ਦੇ ਗੁਆਂਢੀ ਮਨਦੀਪ ਸਿੰਘ ਦੇ ਘਰੋਂ ਵੀ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਹੋ ਗਈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸੇ ਹੀ ਕਸਬੇ ਵਿੱਚ 2 ਹਫਤੇ ਪਹਿਲਾਂ ਵੀ ਪੰਜਾਬੀਆਂ ਦੇ ਘਰਾਂ ਵਿੱਚ ਵੱਡੀਆਂ ਚੋਰੀਆਂ ਹੋ ਚੁੱਕੀਆਂ ਹਨ। ਇਨ੍ਹਾਂ ਵਾਰਦਾਤਾਂ ਦਾ ਸ਼ਿਕਾਰ ਹੋਏ ਲੋਕਾਂ ਦਾ ਮੰਨਣਾ ਹੈ ਕਿ ਕੋਈ ਭਾਰਤੀ ਮੂਲ ਦਾ ਜਾਣਕਾਰ ਵਿਅਕਤੀ ਇਨ੍ਹਾਂ ਚੋਰਾਂ ਨਾਲ ਮਿਲ ਕੇ ਪੂਰੀ ਇਤਲਾਹ ਦੇ ਰਿਹਾ ਹੈ, ਜਿਸ ਤੋਂ ਬਾਅਦ ਚੋਰ ਸਿਰਫ਼ 'ਤੇ ਸਿਰਫ਼ ਪੰਜਾਬੀਆਂ ਦੇ ਘਰਾਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਚੋਰੀਆਂ ਤੋਂ ਡਰੇ ਹੋਏ ਲੋਕਾਂ ਨੇ ਸਥਾਨਕ ਪੁਲਸ ਕੋਲ ਸ਼ਿਕਾਇਤਾਂ ਦਰਜ ਕਰ ਇਨਸਾਫ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਫਰਾਂਸ 'ਚ 41,000 ਤੋਂ ਵੱਧ ਟਰੈਕਟਰਾਂ ਨਾਲ ਸੜਕਾਂ 'ਤੇ ਉਤਰੇ 70 ਹਜ਼ਾਰ ਤੋਂ ਵੱਧ ਕਿਸਾਨ, ਮੁੱਖ ਹਾਈਵੇਜ਼ ਕੀਤੇ ਜਾਮ
ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੁਲਸ ਪ੍ਰਸ਼ਾਸਨ ਲੋਕਾਂ ਦੀ ਕਿੱਥੋਂ ਤੱਕ ਸੁਣਵਾਈ ਕਰਦਾ ਹੈ। ਇੱਥੇ ਦੱਸ ਦੇਈਏ ਕਿ ਦੋ-ਢਾਈ ਸਾਲ ਪਹਿਲਾਂ ਵੀ ਇਸ ਇਲਾਕੇ ਵਿੱਚ ਨਵੇਂ ਆਏ ਪੰਜਾਬੀ ਨੌਜਵਾਨਾਂ ਕੋਲੋਂ ਕੰਮ ਤੋਂ ਵਾਪਸ ਮੁੜਦੇ ਸਮੇਂ ਅਕਸਰ ਲੁਟੇਰੇ ਪੈਸੇ ਜਾਂ ਫੋਨ ਖੋਹ ਕੇ ਲੈ ਜਾਂਦੇ ਸਨ। ਉਸ ਵੇਲੇ ਵੀ ਪੰਜਾਬੀ ਭਾਈਚਾਰੇ ਦੇ ਆਗੂਆਂ ਦੇ ਕਹਿਣ ਉੱਤੇ ਹੀ ਪੁਲਸ ਨੇ ਬਣਦੀ ਕਾਰਵਾਈ ਕੀਤੀ ਸੀ। ਲੋਕਾਂ ਦਾ ਮੰਨਣਾ ਹੈ ਕਿ ਹੁਣ ਵੀ ਕੁਝ ਅਜਿਹਾ ਕਰਨਾ ਪੈਣਾ ਹੈ, ਜਿਸ ਨਾਲ ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਨੂੰ ਉੱਚ ਪੁਲਸ ਅਧਿਕਾਰੀਆਂ ਤੱਕ ਪਹੁੰਚਾਇਆ ਜਾ ਸਕੇ।
ਇਹ ਵੀ ਪੜ੍ਹੋ: 'ਜੈ ਸੀਆ ਰਾਮ' ਦਾ ਨਾਅਰਾ ਲਗਾ ਅਧਿਆਪਕ ਦੇ ਲਾਇਆ ਪੈਰੀਂ ਹੱਥ, ਬ੍ਰਿਟੇਨ 'ਚ ਵਿਦਿਆਰਥੀ ਨੇ ਛੂਹਿਆ ਸਭ ਦਾ ਦਿਲ
ਆਓ ਜਾਣਦੇ ਹਾਂ ਕੀ ਕਹਿੰਦੇ ਨੇ ਸਥਾਨਿਕ ਆਗੂ ?
ਇਸ ਮੌਕੇ 'ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਥਾਨਕ ਸਿੱਖ ਆਗੂ ਅਜੀਤ ਸਿੰਘ ਥਿੰਦ ਅਤੇ ਰਾਜਵਿੰਦਰ ਸਿੰਘ (ਫਤਿਹਪੁਰ) ਨੇ ਕਿਹਾ ਕਿ ਜਿਹੜੀਆਂ ਇਹ ਵਾਰਦਾਤਾਂ ਵਾਪਰ ਰਹੀਆਂ ਹਨ, ਇਨ੍ਹਾਂ ਦਾ ਸ਼ਿਕਾਰ ਸਿਰਫ਼ 'ਤੇ ਸਿਰਫ਼ ਪੰਜਾਬੀ ਪਰਿਵਾਰ ਹੀ ਹੋ ਰਹੇ ਹਨ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੁਲਸ ਨੂੰ ਪੂਰੀ ਜਾਣਕਾਰੀ ਉਪਰੰਤ ਰਿਪੋਰਟ ਦਰਜ ਕਰਵਾਈਏ ਅਤੇ ਕੇਸ ਦੀ ਪੈਰਵਾਈ ਕਰੀਏ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ। ਇਨ੍ਹਾਂ ਆਗੂਆਂ ਦਾ ਮੰਨਣਾ ਹੈ ਕਿ ਜੇ ਸਥਾਨਕ ਪੁਲਸ ਨੇ ਗੰਭੀਰਤਾ ਨਾਲ ਬਣਦੀ ਕਾਰਵਾਈ ਨਾ ਕੀਤੀ ਜਾਂ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਜੇਲ੍ਹ ਅੰਦਰ ਨਾ ਸੁੱਟਿਆ ਤਾਂ ਉਹ ਆਉਂਦੇ ਦਿਨਾਂ ਵਿਚ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਆਪਣੀ ਗੱਲ ਰੱਖਣਗੇ ਅਤੇ ਆਪਣੇ ਲੋਕਾਂ ਨੂੰ ਇਨਸਾਫ ਦਿਵਾਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਸਿੱਖਸ ਆਫ਼ ਅਮੈਰੀਕਾ ਨੇ ਅੰਬੈਸਡਰ ਤਰਨਜੀਤ ਸਿੰਘ ਸੰਧੂ ਨੂੰ ਸ਼ਾਹੀ ਅੰਦਾਜ਼ 'ਚ ਦਿੱਤੀ ਵਿਦਾਇਗੀ ਪਾਰਟੀ
NEXT STORY