ਕਾਬੁਲ (ਭਾਸ਼ਾ): ਕਾਬੁਲ ਵਿਚ ਪਾਕਿਸਤਾਨ ਦੂਤਾਵਾਸ ਨੇ ਕਿਹਾ ਕਿ ਉਹ ਅਫਗਾਨਿਸਤਾਨ ਦੀ ਰਾਜਧਾਨੀ ਵਿਚ ਆਪਣੇ ਵਪਾਰਕ ਦਫਤਰ ਨੂੰ ਸੁਰੱਖਿਆ ਕਾਰਨਾਂ ਕਾਰਨ ਅਨਿਸ਼ਚਿਤ ਸਮੇਂ ਲਈ ਬੰਦ ਕਰ ਰਿਹਾ ਹੈ। ਪਾਕਿਸਤਾਨ ਨੇ ਇਹ ਕਦਮ ਅਜਿਹੇ ਸਮੇਂ ਵਿਚ ਚੁੱਕਿਆ ਹੈ ਜਦੋਂ ਹਾਲ ਹੀ ਦੇ ਦਿਨਾਂ ਵਿਚ ਦੋਹਾਂ ਗੁਆਂਢੀ ਦੇਸ਼ਾਂ ਵਿਚ ਤਣਾਅ ਵਧਿਆ ਹੈ। ਵੀਜ਼ਾ ਵਿਭਾਗ ਦਾ ਬੰਦ ਹੋਣਾ ਕਈ ਅਫਗਾਨਿਸਤਾਨੀਆਂ ਲਈ ਵੱਡਾ ਝਟਕਾ ਹੈ ਕਿਉਂਕਿ ਰੋਜ਼ਾਨਾ ਸੈਂਕੜੇ ਲੋਕ ਇਲਾਜ, ਸਾਮਾਨ ਲਿਆਉਣ-ਲਿਜਾਉਣ ਅਤੇ ਯੂਨੀਵਰਸਿਟੀਆਂ ਵਿਚ ਸਿੱਖਿਆ ਦੇ ਉਦੇਸ਼ ਨਾਲ ਵੀਜ਼ਾ ਲਈ ਐਪਲੀਕੇਸ਼ਨ ਦਿੰਦੇ ਹਨ।
ਦੂਤਾਵਾਸ ਦੇ ਬੁਲਾਰੇ ਵੱਲੋਂ ਐਤਵਾਰ ਨੂੰ ਵਟਸਐਪ 'ਤੇ ਸਾਂਝਾ ਕੀਤੇ ਗਏ ਇਕ ਸੰਦੇਸ਼ ਦੇ ਮੁਤਾਬਕ ਵਪਾਰਕ ਵਿਭਾਗ ਸੋਮਵਾਰ ਤੋਂ ਅਗਲੀ ਸੂਚਨਾ ਤੱਕ ਬੰਦ ਰਹੇਗਾ। ਬੁਲਾਰੇ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਵਪਾਰਕ ਵਿਭਾਗ ਰੋਜ਼ਾਨਾ ਲੱਗਭਗ 1500 ਵੀਜ਼ਾ ਐਪਲੀਕੇਸ਼ਨਾਂ ਨੂੰ ਦੇਖਦਾ ਹੈ। ਇਸਲਾਮਾਬਾਦ ਵਿਚ ਪਾਕਿਸਤਾਨੀ ਵਿਦੇਸ਼ ਵਿਭਾਗ ਨੇ ਕਿਹਾ,''ਅਫਗਾਨਿਸਤਾਨ ਦੂਤਾਵਾਸ ਦੇ ਅਧਿਕਾਰੀ ਨੂੰ ਸੰਮਨ ਕਰ ਕੇ ਉਨ੍ਹਾਂ ਨੂੰ ਕਾਬੁਲ ਵਿਚ ਪਾਕਿਸਤਾਨੀ ਦੂਤਾਵਾਸ ਅਤੇ ਉਸ ਦੇ ਉਪ ਮਿਸ਼ਨਾਂ ਵਿਚ ਕੰਮ ਕਰ ਰਹੇ ਲੋਕਾਂ ਦੀ ਸੁਰੱਖਿਆ ਸੰਬੰਧੀ ਗੰਭੀਰ ਚਿੰਤਾਵਾਂ ਤੋਂ ਜਾਣੂ ਕਰਵਾਇਆ ਗਿਆ ਹੈ।''
ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਦੂਤਾਵਾਸ ਕਰਮੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਬਿਆਨ ਮੁਤਾਬਕ,''ਉਨ੍ਹਾਂ ਨੂੰ ਸੜਕਾਂ 'ਤੇ ਰੋਕਿਆ ਜਾਂਦਾ ਹੈ ਅਤੇ ਦੂਤਾਵਾਸ ਵੱਲ ਜਾਂਦੇ ਸਮੇਂ ਉਨ੍ਹਾਂ ਦੀਆਂ ਗੱਡੀਆਂ ਨੂੰ ਮੋਟਰਸਾਈਕਲਾਂ ਦੁਆਰਾ ਟੱਕਰ ਮਾਰ ਦਿੱਤੀ ਜਾਂਦੀ ਹੈ।'' ਪਾਕਿਸਤਾਨੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਵੀ ਆਮ ਗੱਲ ਹੈ ਅਤੇ ਕਈ ਵਾਰ ਇਹ ਇਸ ਲਈ ਵੀ ਹੁੰਦਾ ਹੈ ਕਿਉਂਕਿ ਲੋਕ ਵੀਜ਼ਾ ਲਈ ਲੰਬੇ ਇੰਤਜ਼ਾਰ ਦੇ ਸਮੇਂ ਜਾਂ ਫਿਰ ਸੁਰੱਖਿਆ ਜਾਂਚ ਦੇ ਲਈ ਲੰਬੀ ਲਾਈਨ ਵਿਚ ਖੜ੍ਹੇ ਹੋਣ ਨਾਲ ਨਾਰਾਜ਼ ਹੁੰਦੇ ਹਨ।
ਗੌਰਤਲਬ ਹੈ ਕਿ ਇਸਲਾਮੀ ਗਣਰਾਜ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿਚ ਹਾਲ ਹੀ ਵਿਚ ਰਿਸ਼ਤਿਆਂ ਵਿਚ ਕੁੜਤਣ ਦੇਖਣ ਨੂੰ ਮਿਲੀ ਹੈ। ਅਫਗਾਨ ਮੰਨਦੇ ਹਨ ਕਿ ਪਾਕਿਸਤਾਨ ਕਥਿਤ ਰੂਪ ਨਾਲ ਤਾਲਿਬਾਨ ਦਾ ਸਮਰਥਨ ਕਰਦਾ ਹੈ। ਪਾਕਿਸਤਾਨ ਨੇ ਬਾਗੀ ਸਮੂਹਾਂ ਦੀ ਮਦਦ ਤੋਂ ਇਨਕਾਰ ਕੀਤਾ ਹੈ। ਅਫਗਾਨਿਸਤਾਨ ਦੀ ਪੂਰਬੀ ਸੀਮਾ 'ਤੇ ਕੁਨਾਰ ਵਿਚ ਹਾਲ ਹੀ ਵਿਚ ਹੋਈਆਂ ਝੜਪਾਂ ਦੇ ਬਾਅਦ ਵੀ ਤਣਾਅ ਵਧਿਆ ਹੈ। ਦੋਵੇਂ ਪੱਖ ਇਕ-ਦੂਜੇ ਦੇ ਫੌਜੀਆਂ 'ਤੇ ਸੀਮਾ 'ਤੇ ਗੋਲੀਬਾਰੀ ਦਾ ਦੋਸ਼ ਲਗਾਉਂਦੇ ਰਹੇ ਹਨ। ਇੱਥੇ ਦੱਸ ਦਈਏ ਕਿ ਹੇਰਾਤ, ਜਲਾਲਾਬਾਦ ਅਤੇ ਮਜਾਰ-ਏ-ਸ਼ਰੀਫ ਵਿਚ ਪਾਕਿਸਤਾਨੀ ਵਪਾਰਕ ਸੇਵਾਵਾਂ ਖੁੱਲ੍ਹੀਆਂ ਹਨ ਅਤੇ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਵੀਜ਼ਾ ਦੀ ਤੁਰੰਤ ਲੋੜ ਹੋਵੇ ਤਾਂ ਬਿਨੈਕਾਰ ਜਲਾਲਾਬਾਦ ਜਾ ਸਕਦੇ ਹਨ।
ਫਰਾਂਸ 'ਚ ਵਾਪਰਿਆ ਬੱਸ ਹਾਦਸਾ, 33 ਲੋਕ ਜ਼ਖਮੀ
NEXT STORY