ਜਲੰਧਰ (ਇੰਟ.)– ਕੈਨੇਡਾ ਵਿਚ ਇਕ ਵਾਰ ਫਿਰ ਇਕ ਸੰਵੇਦਨਸ਼ੀਲ ਮੁੱਦੇ ’ਤੇ ਖਾਲਿਸਤਾਨੀ ਸਮਰਥਕ ਭਾਰਤ ਵਿਰੋਧੀ ਕਾਰ ਰੈਲੀ ਦਾ ਆਯੋਜਨ ਕਰਨ ਜਾ ਰਹੇ ਹਨ, ਜਦੋਂਕਿ ਇਸ ਸਾਰੇ ਮਾਮਲੇ ਵਿਚ ਕੈਨੇਡਾ ਦੀ ਟਰੂਡੋ ਸਰਕਾਰ ਨੇ ਫਿਰ ਅੱਖਾਂ ਬੰਦ ਕਰ ਲਈਆਂ ਹਨ। ਅਸਲ ’ਚ ਕੈਨੇਡਾ ਵਿਚ ਬੈਠੇ ਖਾਲਿਸਤਾਨੀ ਹੁਣ ਏਅਰ ਇੰਡੀਆ ਦੇ ਬੋਇੰਗ ਜਹਾਜ਼ ਕਨਿਸ਼ਕ ਵਿਚ ਹੋਏ ਧਮਾਕੇ ਦੇ ਮਾਸਟਰਮਾਈਂਡ ਤਲਵਿੰਦਰ ਪਰਮਾਰ ਦੇ ਨਾਂ ’ਤੇ ਇਕ ਕਾਰ ਰੈਲੀ ਦਾ ਆਯੋਜਨ ਕਰਨ ਜਾ ਰਹੇ ਹਨ। ਇਸ ਹਾਦਸੇ ਦੀ 23 ਜੂਨ ਨੂੰ 38ਵੀਂ ਬਰਸੀ ਹੈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰੈਲੀ ਦੇ ਪ੍ਰਚਾਰ ਲਈ ਜਾਰੀ ਕੀਤੇ ਗਏ ਪੋਸਟਰ ਵਿਚ ਕਨਿਸ਼ਕ ਹਵਾਈ ਜਹਾਜ਼ ਵਿਚ ਹੋਏ ਧਮਾਕੇ ਵਿਚ ਕੈਨੇਡਾ ਸਰਕਾਰ ਤੋਂ ਭਾਰਤ ਦੀ ਭੂਮਿਕਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਕਾਰ ਰੈਲੀ ਦੇ ਪੋਸਟਰ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚ ਲਾਏ ਗਏ ਹਨ। ਕਨਿਸ਼ਕ ਹਵਾਈ ਜਹਾਜ਼ ਵਿਚ ਹੋਏ ਧਮਾਕੇ ’ਚ 329 ਵਿਅਕਤੀ ਮਾਰੇ ਗਏ ਸਨ ।
ਵੋਟ ਬੈਂਕ ਦੀ ਸਿਆਸਤ ’ਚ ਖਾਮੋਸ਼ ਸਰਕਾਰ
ਪੋਸਟਰ ਵਿਚ ਕਿਹਾ ਗਿਆ ਹੈ ਕਿ ‘ਸ਼ਹੀਦ ਭਰਾ ਤਲਵਿੰਦਰ ਪਰਮਾਰ ਕਾਰ ਰੈਲੀ’ ਦਾ ਆਯੋਜਨ ਐਤਵਾਰ, 25 ਜੂਨ ਦੁਪਹਿਰ 12.30 ਵਜੇ ਮਾਲਟਨ ਦੇ ਗ੍ਰੇਟ ਪੰਜਾਬ ਬਿਜ਼ਨੈੱਸ ਸੈਂਟਰ ’ਚ ਕੀਤਾ ਜਾਵੇਗਾ, ਜਦੋਂਕਿ ਇਹ ਰੈਲੀ ਏਅਰ ਇੰਡੀਆ ਫਲਾਈਟ 182 ਮੈਮੋਰੀਅਲ ਹੰਬਰ ਬੇਅ ਪਾਰਕ ਵੈਸਟ ਟੋਰਾਂਟੋ ਵਿਚ ਖ਼ਤਮ ਹੋਵੇਗੀ। ਪੋਸਟਰ ਦੇ ਹੇਠਾਂ ਲਿਖਿਆ ਹੈ ਕਿ ‘ਕੈਨੇਡਾ ਇਨਵੈਸਟੀਗੇਟ ਇੰਡੀਆਜ਼ ਰੋਲ ਇਨ 1985 ਕਨਿਸ਼ਕ ਬੋਮਿੰਗ’ ਭਾਵ ਪੋਸਟਰ ਵਿਚ ਭਾਰਤ ’ਤੇ ਜਹਾਜ਼ ਕਨਿਸ਼ਕ ਵਿਚ ਹੋਏ ਧਮਾਕੇ ਨੂੰ ਲੈ ਕੇ ਖਾਲਿਸਤਾਨੀ ਸਿੱਧੇ ਤੌਰ ’ਤੇ ਉਂਗਲ ਚੁੱਕ ਰਹੇ ਹਨ। ਹਾਲਾਂਕਿ ਇਹ ਸਭ ਨੂੰ ਪਤਾ ਹੈ ਕਿ ਇਸ ਧਮਾਕੇ ਦੀ ਜਾਂਚ ਭਾਰਤ ਤੇ ਕੈਨੇਡਾ ਦੋਵਾਂ ਨੇ ਮਿਲ ਕੇ ਕੀਤੀ ਸੀ। ਜਾਂਚ ਵਿਚ ਕੈਨੇਡਾ ਨੇ ਹੀ ਤਲਵਿੰਦਰ ਪਰਮਾਰ ਨੂੰ ਧਮਾਕੇ ਦਾ ਮਾਸਟਰਮਾਈਂਡ ਦੱਸਿਆ ਸੀ।
ਹੱਤਿਆ ਦੇ ਮੁਲਜ਼ਮ ਨੂੰ ਸਨਮਾਨਤ ਕਰਨਾ ਪਾਗਲਪਨ
ਲੰਡਨ, ਅਮਰੀਕਾ ਤੇ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਹੋਏ ਹਮਲੇ ਤੋਂ ਬਾਅਦ ਦੀ ਹੁਣ ਇਹ ਇਕ ਹੋਰ ਅਜਿਹੀ ਘਟਨਾ ਹੈ ਜੋ ਭਾਰਤ ਵਿਰੋਧੀ ਹੈ। ਵਿਵਾਦਿਤ ਪੋਸਟਰ ਸਬੰਧੀ ਸੀਨੀਅਰ ਪੱਤਰਕਾਰ ਤੇ ‘ਬਲੱਡ ਫਾਰ ਬਲੱਡ-ਫਿਫਟੀ ਯੀਅਰਸ ਆਫ ਦਿ ਗਲੋਬਲ ਖਾਲਿਸਤਾਨ ਪ੍ਰਾਜੈਕਟ’ ਦੇ ਲੇਖਕ ਟੇਰੀ ਮਿਲੇਵਸਕੀ ਨੇ ਟਵਿਟਰ ’ਤੇ ਲਿਖਿਆ ਹੈ ਕਿ ਕੈਨੇਡਾ ਦੇ ਖਾਲਿਸਤਾਨੀਆਂ ਨੇ ਏਅਰ ਇੰਡੀਆ ’ਤੇ ਗੋਲੀਬਾਰੀ ਕਰਨ ਵਾਲੇ ਮਨੋਰੋਗੀ ਤਲਵਿੰਦਰ ਪਰਮਾਰ ਨੂੰ ਮੁੜ ਆਪਣੇ ਪੋਸਟਰ ਬੁਆਏ ਦੇ ਰੂਪ ਵਿਚ ਚੁਣਿਆ ਹੈ। ਟੇਰੀ ਨੇ ਅੱਗੇ ਲਿਖਿਆ ਹੈ ਕਿ ਨਿਰਦੋਸ਼ 329 ਮਾਸੂਮਾਂ ਦੀ ਹੱਤਿਆ ਕਰਨ ਵਾਲੇ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਜਾਣਾ ਇਕ ਤਰ੍ਹਾਂ ਦਾ ਪਾਗਲਪਨ ਹੈ। ਅਜਿਹੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਅੱਗੇ ਲਿਖਿਆ ਹੈ ਕਿ ਜਾਰੀ ਕੀਤੇ ਗਏ ਪੋਸਟਰ ਵਿਚ ਭਾਰਤ ਦੀ ਭੂਮਿਕਾ ਦੀ ਜਾਂਚ ਦੀ ਗੱਲ ਕਹੀ ਗਈ ਹੈ ਪਰ ਦਹਾਕਿਆਂ ਦੀ ਜਾਂਚ ਨੇ ਸਾਬਤ ਕਰ ਦਿੱਤਾ ਕਿ ਭਾਰਤ ਦੀ ਅਜਿਹੀ ਕੋਈ ਭੂਮਿਕਾ ਨਹੀਂ ਸੀ। ਉਨ੍ਹਾਂ ਲਿਖਿਆ ਕਿ ਜਾਂਚ ਵਿਚ ਖੁਲਾਸਾ ਹੋ ਚੁੱਕਾ ਹੈ ਕਿ ਪਰਮਾਰ ਨੇ ਹੀ ਭਿਆਨਕ ਧਮਾਕੇ ਦੀ ਸਾਜ਼ਿਸ਼ ਦੀ ਅਗਵਾਈ ਕੀਤੀ ਸੀ।
ਆਪ੍ਰੇਸ਼ਨ ਬਲੂ ਸਟਾਰ ਦਾ ਬਦਲਾ
ਇਸ ਹਮਲੇ ਨੂੰ 1984 ਵਿਚ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਵਿਚ ਲੁਕੇ ਵੱਖਰੇ ਖਾਲਿਸਤਾਨ ਦੀ ਮੰਗ ਕਰ ਰਹੇ ਸਿੱਖ ਅੱਤਵਾਦੀਆਂ ਨੂੰ ਮਾਰਨ ਲਈ ਕੇਂਦਰ ਸਰਕਾਰ ਵਲੋਂ ਆਪ੍ਰੇਸ਼ਨ ਬਲੂ ਸਟਾਰ ਤਹਿਤ ਕੀਤੀ ਗਈ ਕਾਰਵਾਈ ਦਾ ਬਦਲਾ ਮੰਨਿਆ ਗਿਆ ਸੀ। 6 ਜੂਨ 1984 ਨੂੰ ਗੋਲਡਨ ਟੈਂਪਲ ਵਿਚ ਆਪ੍ਰੇਸ਼ਨ ਬਲੂ ਸਟਾਰ ਕੀਤਾ ਗਿਆ ਸੀ। ਭਾਰਤੀ ਫੌਜ ਦਾ ਇਹ ਮਿਸ਼ਨ ਗੋਲਡਨ ਟੈਂਪਲ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਚੁੰਗਲ ’ਚੋਂ ਛੁਡਾਉਣਾ ਸੀ।
ਜਾਂਚ ’ਚ ਬੱਬਰ ਖਾਲਸਾ ਠਹਿਰਾਇਆ ਗਿਆ ਸੀ ਦੋਸ਼ੀ
ਕੈਨੇਡਾ ਤੇ ਭਾਰਤ ਵਲੋਂ ਜਾਂਚ ਵਿਚ ਇਸ ਹਾਦਸੇ ਲਈ ਸਿੱਖ ਅੱਤਵਾਦੀ ਸੰਗਠਨ ਬੱਬਰ ਖਾਲਸਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਬੱਬਰ ਖਾਲਸਾ ਤੋਂ ਇਲਾਵਾ ਹਮਲੇ ਦੀ ਇਸ ਸਾਜ਼ਿਸ਼ ਵਿਚ ਕੈਨੇਡਾ ਦਾ ਵੀ ਇਕ ਗਰੁੱਪ ਸ਼ਾਮਲ ਸੀ। ਕੈਨੇਡਾ ਦੀ ਜਾਂਚ ਕਮੇਟੀ ਵਲੋਂ ਸ਼ੱਕ ਪ੍ਰਗਟ ਕੀਤਾ ਗਿਆ ਸੀ ਕਿ ਇਸ ਦੇ ਪਿੱਛੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵੀ ਸ਼ਾਮਲ ਸੀ। ਕਿਸੇ ਉੱਡਦੇ ਹਵਾਈ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਇਹ ਪਹਿਲੀ ਘਟਨਾ ਸੀ। ਜਾਂਚ ਦੌਰਾਨ ਕੈਨੇਡਾ ਦੀ ਪੁਲਸ ਨੇ ਦੋਸ਼ ਲਾਇਆ ਕਿ ਤਲਵਿੰਦਰ ਸਿੰਘ ਪਰਮਾਰ ਹਮਲੇ ਦੇ ਪਿੱਛੇ ਮਾਸਟਰਮਾਈਂਡ ਸੀ। ਹਾਲਾਂਕਿ ਉਸ ਦੇ ਖਿਲਾਫ ਕੁਝ ਦਿਨਾਂ ਬਾਅਦ ਦੋਸ਼ ਹਟਾ ਦਿੱਤੇ ਗਏ ਸਨ। ਪਰਮਾਰ ਨੂੰ ਬਾਅਦ ’ਚ ਭਾਰਤ ਵਿਚ ਪੁਲਸ ਨੇ ਮਾਰ ਸੁੱਟਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੀ ਭੰਨਤੋੜ ਦਾ ਮਾਮਲਾ, NIA ਵਲੋਂ ਜਾਰੀ ਤਸਵੀਰਾਂ 'ਚੋਂ ਦੋ ਵਿਅਕਤੀਆਂ ਦੀ ਪਛਾਣ
ਕੈਨੇਡਾ ’ਚ ਹੁਣ ਤਕ ਦੀ ਸਭ ਤੋਂ ਮਹਿੰਗੀ ਜਾਂਚ
ਜਾਂਚ ਦੀ ਪ੍ਰਕਿਰਿਆ ਪੂਰੇ 20 ਸਾਲ ਚੱਲੀ ਜਿਸ ਵਿਚ ਕੈਨੇਡਾ ਸਰਕਾਰ ਦੇ 130 ਮਿਲੀਅਨ ਕੈਨੇਡਿਆਈ ਡਾਲਰ ਖਰਚ ਹੋਏ ਸਨ ਪਰ ਮੁਲਜ਼ਮ ਫੜੇ ਨਹੀਂ ਗਏ। ਇਹ ਕੈਨੇਡਾ ਵਿਚ ਕਿਸੇ ਕੇਸ ਦੀਆਂ ਸਭ ਤੋਂ ਮਹਿੰਗੀਆਂ ਜਾਂਚਾਂ ਵਿਚੋਂ ਇਕ ਹੈ। ਲੰਮੀ ਜੱਦੋ-ਜਹਿਦ ਤੋਂ ਬਾਅਦ ਇਕ ਮੁਲਜ਼ਮ ਪਕੜ ਵਿਚ ਆਇਆ ਸੀ। ਧਮਾਕੇ ਦੇ ਇਕਲੌਤੇ ਦੋਸ਼ੀ ਇੰਦਰਜੀਤ ਸਿੰਘ ਰੇਯਾਤ ਨੂੰ 10 ਸਾਲ ਦੀ ਜੇਲ ਹੋ ਗਈ ਪਰ ਉਹ 2016 ਵਿਚ 28 ਜਨਵਰੀ ਨੂੰ ਕੈਨੇਡਾ ਦੀ ਜੇਲ ’ਚੋਂ ਰਿਹਾਅ ਹੋ ਗਿਆ ਸੀ। ਇੰਦਰਜੀਤ ਸਿੰਘ ਰੇਯਾਤ ’ਤੇ ਦੋਸ਼ ਲੱਗਾ ਕਿ ਧਮਾਕੇ ਲਈ ਉਸ ਨੇ ਡੈਟੋਨੇਟਰ, ਡਾਇਨਾਮਾਈਟ ਤੇ ਬੈਟਰੀਆਂ ਖਰੀਦੀਆਂ ਸਨ।
ਕਿੱਥੇ ਤੇ ਕਦੋਂ ਹੋਇਆ ਸੀ ਦਰਦਨਾਕ ਹਾਦਸਾ
ਵਰਣਨਯੋਗ ਹੈ ਕਿ 23 ਜੂਨ 1985 ਨੂੰ ਏਅਰ ਇੰਡੀਆ ਦੇ ਬੋਇੰਗ ਜਹਾਜ਼ ਕਨਿਸ਼ਕ ਵਿਚ ਆਸਮਾਨ ’ਚ ਧਮਾਕਾ ਹੋ ਗਿਆ ਸੀ। ਹਾਦਸੇ ਵੇਲੇ ਜਹਾਜ਼ ਵਿਚ 307 ਯਾਤਰੀ ਅਤੇ 22 ਕਰੂ ਮੈਂਬਰ ਸਵਾਰ ਸਨ। ਟੋਰਾਂਟੋ ਤੋਂ ਲੋਕਾਂ ਨੂੰ ਲੈ ਕੇ ਜਹਾਜ਼ ਜਬਕ ਯੂਰਪ ਦੀ ਸਰਹੱਦ ਵਿਚ ਦਾਖਲ ਹੋਣ ਤੋਂ ਬਾਅਦ ਆਇਰਲੈਂਡ ਵੱਲ ਪਹੁੰਚਿਆ ਤਾਂ ਉਸ ਵਿਚ ਧਮਾਕਾ ਹੋ ਗਿਆ। ਸੜਦਾ ਹੋਇਆ ਜਹਾਜ਼ ਅਟਲਾਂਟਿਕ ਸਾਗਰ ਵਿਚ ਡਿੱਗ ਪਿਆ ਸੀ ਅਤੇ ਇਸ ਵਿਚ 22 ਕਰੂ ਮੈਂਬਰਾਂ ਸਮੇਤ ਸਵਾਰ ਸਾਰੇ 329 ਯਾਤਰੀ ਮਾਰੇ ਗਏ ਸਨ। ਹਾਦਸੇ ਵਿਚ ਮਾਰੇ ਗਏ ਕੁਲ 329 ਯਾਤਰੀਆਂ ਵਿਚੋਂ 268 ਕੈਨੇਡਾ, 27 ਇੰਗਲੈਂਡ, 10 ਅਮਰੀਕਾ ਅਤੇ 2 ਭਾਰਤ ਦੇ ਨਾਗਰਿਕ ਸਨ। ਨਾਲ ਹੀ ਜਹਾਜ਼ ਦੀ ਕਰੂ ਵਿਚ ਸ਼ਾਮਲ ਸਾਰੇ 22 ਭਾਰਤੀ ਵੀ ਮਾਰੇ ਗਏ ਸਨ। ਹਾਦਸੇ ਤੋਂ ਬਾਅਦ 131 ਯਾਤਰੀਆਂ ਦੀਆਂ ਲਾਸ਼ਾਂ ਮਹਾਸਾਗਰ ’ਚੋਂ ਬਰਾਮਦ ਕੀਤੀਆਂ ਗਈਆਂ ਸਨ। ਇਸ ਹਾਦਸੇ ਨੂੰ ‘ਕਨਿਸ਼ਕ ਜਹਾਜ਼ ਹਾਦਸਾ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟੇਨ 'ਚ ਭਾਰਤੀ ਮੂਲ ਦੇ ਇਕ ਹੋਰ ਵਿਅਕਤੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ
NEXT STORY