ਲਾਹੌਰ(ਵੈੱਬ ਡੈਸਕ) : ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ 88ਵਾਂ ਸ਼ਹੀਦੀ ਸਮਾਗਮ ਮਨਾਉਣ ਦੇ ਸੰਦਰਭ ਵਿਚ ਲਾਹੌਰ ਦੇ ਡੀ.ਸੀ. ਨੇ ਸ਼ਹਾਦਤ ਸਥਾਨ ਸਾਦਮਾਨ ਚੌਕ ਨੂੰ ਭਗਤ ਸਿੰਘ ਚੌਕ ਦੇ ਰੂਪ ਵਿਚ ਨਾਮਜ਼ਦ ਕਰ ਦਿੱਤਾ ਹੈ। ਡੀ.ਸੀ. ਨੇ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਨੇਤਾ ਵੀ ਦੱਸਿਆ। 23 ਮਾਰਚ ਨੂੰ ਮਨਾਏ ਜਾਣ ਵਾਲੇ ਸ਼ਹੀਦੀ ਸਮਾਗਮ ਲਈ ਸਖਤ ਸੁਰੱਖਿਆ ਮੁਹੱਈਆ ਕਰਨ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ।
ਕੱਟੜਵਾਦੀਆਂ ਦੇ ਵਿਰੋਧ 'ਤੇ ਵੀ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਹਰ ਸਾਲ ਮਨਾਉਂਦਾ ਹੈ ਸ਼ਹੀਦੀ ਸਮਾਗਮ :
ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ ਰਾਸ਼ਿਦ ਕੁਰੈਸ਼ੀ ਦੀ ਪਹਿਲ 'ਤੇ ਸਾਦਮਾਨ ਚੌਕ 'ਤੇ ਹਰ ਸਾਲ ਸ਼ਹੀਦੀ ਸਮਾਗਮ ਹੁੰਦਾ ਹੈ। ਕਈ ਵਾਰ ਕੱਟੜਵਾਦੀਆਂ ਨੇ ਇਤਰਾਜ ਜਤਾਇਆ ਪਰ ਕੁਰੈਸ਼ੀ ਨੇ ਸਮਾਗਮ ਮਨਾਉਣਾ ਬੰਦ ਨਹੀਂ ਕੀਤਾ। ਇਸ ਵਾਰ 88ਵਾਂ ਸ਼ਹੀਦੀ ਸਮਾਗਮ ਸ਼ਨੀਵਾਰ ਸ਼ਾਮ ਨੂੰ ਮਨਾਉਣ ਜਾ ਰਹੇ ਹਨ। ਉਨ੍ਹਾਂ ਨੇ 19 ਮਾਰਚ ਨੂੰ ਡੀ.ਸੀ. ਲਾਹੌਰ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੀ ਮੰਗ ਕੀਤੀ ਸੀ, ਜਿਸ 'ਤੇ ਡੀ.ਸੀ. ਨੇ ਲਾਹੌਰ ਪੁਲਸ ਨੂੰ ਕਿਹਾ ਕਿ ਉਚਿਤ ਸੁਰੱਖਿਆ ਮੁਹੱਈਆ ਕਰਾਈ ਜਾਏ।
ਅਦਾਲਤ ਨੇ ਲਾਹੌਰ ਦੇ ਮੇਅਰ ਨੂੰ ਦਿੱਤੇ ਸਨ ਹੁਕਮ :
ਖਾਸ ਗੱਲ ਇਹ ਹੈ ਕਿ ਡੀ.ਸੀ. ਵੱਲੋਂ ਜਾਰੀ ਉਕਤ ਲੈਟਰ ਵਿਚ ਸਮਾਗਮ ਵਾਲੇ ਸਥਾਨ ਨੂੰ ਭਗਤ ਸਿੰਘ ਚੌਕ (ਸਾਦਮਾਨ ਚੌਕ) ਲਿਖਿਆ ਗਿਆ ਹੈ। ਇਹੀ ਨਹੀਂ ਸਗੋਂ ਡੀ.ਸੀ. ਨੇ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਸ਼ਬਦ ਨਾਲ ਵੀ ਸੰਬੋਧਿਤ ਕੀਤਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਜ਼ਿਲਾ ਪ੍ਰਸ਼ਾਸਨ ਨੇ ਆਪਣੇ ਲੈਟਰ ਵਿਚ ਅਜਿਹਾ ਜ਼ਿਕਰ ਕੀਤਾ ਹੈ। ਦੱਸ ਦੇਈਏ ਕਿ ਇਮਤਿਆਜ ਇਹ ਮੰਗ ਲੰਬੇ ਸਮੇਂ ਤੋਂ ਚੁੱਕਦੇ ਆ ਰਹੇ ਹਨ। ਉਨ੍ਹਾਂ ਨੇ ਇਸ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਸੀ ਅਤੇ ਅਦਾਲਤ ਨੇ ਲਾਹੌਰ ਦੇ ਮੇਅਰ ਨੂੰ ਇਸ 'ਤੇ ਕੰਮ ਕਰਨ ਦੇ ਹੁਕਮ ਦਿੱਤੇ ਸਨ ਪਰ ਮਾਮਲਾ ਖਟਾਈ ਵਿਚ ਪੈ ਗਿਆ ਸੀ।
ਚੌਕ 'ਚ ਲੱਗੇਗਾ ਸ਼ਹੀਦ ਦਾ ਬੁੱਤ :
ਰਾਸ਼ਿਦ ਕੁਰੈਸ਼ੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਵਿਚ ਚੌਕ ਦਾ ਨਾਂ ਬਦਲਣ, ਉਥੇ ਭਗਤ ਸਿੰਘ ਦਾ ਬੁੱਤ ਲਗਾਉਣ ਅਤੇ ਉਨ੍ਹਾਂ ਨੂੰ ਨਿਸ਼ਾਨ-ਏ-ਹੈਦਰ ਦਾ ਖਿਤਾਬ ਦੇਣ ਦੀ ਵੀ ਮੰਗ ਕੀਤੀ ਗਈ ਹੈ। ਉਨ੍ਹਾਂ ਦੀ ਪਹਿਲ 'ਤੇ ਪਹਿਲੀ ਵਾਰ ਲਾਹੌਰ ਜ਼ਿਲਾ ਪ੍ਰਸ਼ਾਸਨ ਨੇ ਭਗਤ ਸਿੰਘ ਚੌਕ ਲਿਖ ਕੇ ਉਨ੍ਹਾਂ ਨੂੰ ਕ੍ਰਾਂਤੀਕਾਰੀ ਮੰਨਿਆ ਅਤੇ ਇਹ ਸਕਾਰਾਤਮਕ ਪਹਿਲ ਕੀਤੀ।
ਨਿਊ ਸਾਊਥ ਵੇਲਜ਼ ਚੋਣਾਂ : ਇਹ ਮੁੱਦੇ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
NEXT STORY