ਅੱਜ ਸਾਡੇ ਦੇਸ਼ ’ਚ ਭਾਈਚਾਰੇ ਦੀ ਗੱਲ ਕਹਿਣਾ ਵੀ ਲੱਗਭਗ ਵਿਅਰਥ ਜਿਹਾ ਹੋ ਗਿਆ ਹੈ। ਇੰਝ ਜਾਪਦਾ ਹੈ ਕਿ ਇਸ ਬਾਰੇ ਕੋਈ ਗੱਲ ਕਰਨੀ ਹੀ ਨਹੀਂ ਚਾਹੁੰਦਾ। ਸੋਸ਼ਲ ਮੀਡੀਆ ਹੋਵੇ ਜਾਂ ਕੋਈ ਹੋਰ ਪਲੇਟਫਾਰਮ, ਸਾਰੇ ਊਲ-ਜਲੂਲ ਗੱਲਾਂ ਨਾਲ ਅਵਿਸ਼ਵਾਸ ਵਧਾ ਰਹੇ ਹਨ। ਇਹ ਹਾਲਾਤ ਦੇਸ਼ ’ਚ ਇਕਦਮ ਪੈਦਾ ਨਹੀਂ ਹੋਏ। ਕੁਝ ਲੋਕ ਇਸ ਤਰ੍ਹਾਂ ਦੇ ਹਾਲਾਤ ਬਣਾ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ।
ਜਿੱਥੋਂ ਤੱਕ ਭਾਈਚਾਰੇ ਦੀ ਗੱਲ ਹੈ, ਭਾਰਤ ’ਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਦਰਮਿਆਨ ਪਾੜਾ ਵਧਦਾ ਜਾ ਰਿਹਾ ਹੈ। ਇਸ ਪਾੜੇ ਨੂੰ ਪੂਰਨ ਲਈ ਅੱਜ ਤੋਂ ਕੁਝ ਸਾਲ ਪਹਿਲਾਂ ਜਿਸ ਤਰ੍ਹਾਂ ਦੀਆਂ ਗੱਲਾਂ ਅਤੇ ਲੇਖਣੀ ਹੁੰਦੀ ਸੀ, ਉਹ ਕਿਤੇ ਨਜ਼ਰ ਨਹੀਂ ਆਉਂਦੀ। ਸਿਆਸੀ ਪਾਰਟੀਆਂ ਬੜੀ ਹੀ ਚਲਾਕੀ ਨਾਲ ਇਸ ਭਾਈਚਾਰੇ ਨੂੰ ਮਿਟਾਉਣ ’ਤੇ ਤੁਲੀਆਂ ਹਨ। ਦੋਵਾਂ ਵਲੋਂ ਹੀ ਕੱਟੜ ਅਤੇ ਰੂੜੀਵਾਦੀ ਸੋਚ ਦੇ ਲੋਕਾਂ ਦੀਆਂ ਆਵਾਜ਼ਾਂ ਉਪਰ ਆ ਰਹੀਆਂ ਹਨ। ਆਪਸੀ ਭਾਈਚਾਰੇ ਦੀ ਸੋਚ ਅਤੇ ਗੱਲਾਂ ਕਰਨ ਵਾਲੇ ਲੋਕ ਦੱਬ ਕੇ ਰਹਿ ਗਏ ਹਨ।
ਲਗਾਤਾਰ ਹੋ ਰਹੀਆਂ ਅੱਤਵਾਦੀ ਘਟਨਾਵਾਂ ਵੀ ਅੱਗ ’ਚ ਘਿਓ ਪਾਉਣ ਦਾ ਕੰਮ ਕਰ ਰਹੀਆਂ ਹਨ। ਹਾਲ ਹੀ ’ਚ ਲਾਲ ਕਿਲੇ ਦੇ ਨੇੜੇ ਹੋਏ ਆਤਮਘਾਤੀ ਧਮਾਕੇ ਅਤੇ ਉਸ ’ਚ ਸ਼ਾਮਲ ਡਾਕਟਰਾਂ ਦੇ ਨਾਂ ਸਾਹਮਣੇ ਆਉਣ ’ਤੇ ਪੜ੍ਹੇ-ਲਿਖੇ ਲੋਕਾਂ ਬਾਰੇ ਜੋ ਧਾਰਨਾ ਸੀ ਕਿ ਉਹ ਕੱਟੜ ਅਤੇ ਰੂੜੀਵਾਦੀ ਨਹੀਂ ਹੁੰਦੇ, ਉਸ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਇਹ ਗੱਲ ਸੱਚ ਹੈ ਕਿ ਲੱਗਭਗ 20 ਸਾਲ ਪਹਿਲਾਂ ਤੱਕ ਹਿੰਦੂ ਭਾਈਚਾਰਾ ਸ਼ਾਂਤ ਅਤੇ ਬੜੇ ਹੀ ਹੌਸਲੇ ਵਾਲਾ ਰਿਹਾ, ਜਦਕਿ ਮੁਸਲਮਾਨਾਂ ’ਚ ਉਸ ਸਮੇਂ ਵੀ ਅਤੇ ਅੱਜ ਵੀ ਲੜਾਕੂ ਸੋਚ ਹੈ। ਬੇਸ਼ੱਕ ਪਿਛਲੇ 10-12 ਸਾਲਾਂ ਤੋਂ ਕੋਈ ਵੱਡਾ ਦੰਗਾ ਨਾ ਹੋਇਆ ਹੋਵੇ ਪਰ ਦੋਵੇਂ ਹੀ ਭਾਈਚਾਰਿਆਂ ’ਚ ਅਵਿਸ਼ਵਾਸੀ ਵਧੀ ਹੈ ਅਤੇ ਇਸ ਦੇ ਵਧਣ ’ਚ ਖੁਦਗਰਜ਼ੀ ਸਭ ਤੋਂ ਵੱਡਾ ਕਾਰਨ ਹੈ। ਪਹਿਲਾਂ ਕੁਝ ਸਿਆਸੀ ਪਾਰਟੀਆਂ ਨੇ ਆਪਣੀ ਖੁਦਗਰਜ਼ੀ ਲਈ ਮੁਸਲਮਾਨਾਂ ਨੂੰ ਭਰਮਾਇਆ ਅਤੇ ਨਾਲ ਹੀ ਬੇਵਕੂਫ ਬਣਾਇਆ, ਹੁਣ ਹਿੰਦੂਆਂ ਦੀਆਂ ਕੁਝ ਪਾਰਟੀਆਂ ਦੇ ਕੱਟੜਵਾਦੀਆਂ ਵਲੋਂ ਅਜਿਹਾ ਹੀ ਨਿਸ਼ਾਨਾ ਲਾਇਆ ਜਾ ਰਿਹਾ ਹੈ। ਇਸ ਨੂੰ ਉਹ ਕਹਿੰਦੇ ਹਨ ਕਿ ਹਿੰਦੂ ਜਾਗ ਗਿਆ ਹੈ। ਉਸ ਨੂੰ 80-20 ਵਰਗੇ ਭਰਮਾਊ ਨਾਅਰੇ ਤੇ ‘ਵੰਡੇ ਜਾਓਗੇ ਤਾਂ ਕੱਟੇ ਜਾਓਗੇ’ ਵਰਗੇ ਬੇਹੂਦਾ ਨਾਅਰੇ ਨਾਲ ਵਰਗਲਾਇਆ ਜਾ ਰਿਹਾ ਹੈ।
ਇਹ ਯਕੀਨਨ ਹੈ ਕਿ ਇਸ ਤਰ੍ਹਾਂ ਸਿਆਸੀ ਮਕਸਦ ਹਾਸਲ ਕਰਨ ਲਈ ਲੋਕਾਂ ਨੂੰ ਵਰਗਲਾ ਕੇ ਉਨ੍ਹਾਂ ਦਾ ਕੁਝ ਭਲਾ ਨਹੀਂ ਕੀਤਾ ਜਾ ਸਕਦਾ। ਉਧਰ ਮੁਸਲਮਾਨ ਸਮਾਜ ’ਚ ਕੁਝ ਲੋਕ ਅਜਿਹੇ ਹਨ ਜੋ ਇਸਲਾਮ ਬਾਰੇ ਅੱਧ-ਅਧੂਰਾ ਇਲਮ ਹਾਸਲ ਕਰ ਕੇ ਅੰਨ੍ਹਿਆਂ ’ਚ ਕਾਣੇ ਸਰਦਾਰ ਬਣੀ ਬੈਠੇ ਹਨ। ਉਨ੍ਹਾਂ ਨੂੰ ਧਰਮਪੁਣੇ ’ਚ ਧੱਕ ਰਹੇ ਹਨ। ਆਪਣੀਆਂ ਬੇਵਕੂਫੀ ਵਾਲੀਆਂ ਅਤੇ ਰੂੜੀਵਾਦੀ ਗੱਲਾਂ ਨੂੰ ਲੋਕਾਂ ਦੇ ਦਰਮਿਆਨ ਰੱਖ ਕੇ ਉਨ੍ਹਾਂ ਨੂੰ ਲੰਗੜਾ ਬਣਾ ਰਹੇ ਹਨ।
ਧਰਮਪੁਣਾ ਨਾ ਸਮਝਣ ’ਤੇ ਇਹ ਲੋਕਾਂ ਦੇ ਸਮਾਜਿਕ ਬਾਈਕਾਟ ਦੀਆਂ ਧਮਕੀਆਂ ਤਾਂ ਦਿੰਦੇ ਹੀ ਹਨ ਪਰ ਧਾਰਮਿਕ ਸਿੱਖਿਆ ਹਾਸਲ ਕਰ ਕੇ ਖੜ੍ਹੀ ਇਕ ਬੇਰੁਜ਼ਗਾਰ ਫੌਜ ਨੂੰ ਉਹ ਕੀ ਕਹਿਣਗੇ? ਉਨ੍ਹਾਂ ਲਈ ਕੀ ਕਰਨਗੇ, ਕੁਝ ਪਤਾ ਨਹੀਂ। ਅਸਲ ਗੱਲ ਤਾਂ ਇਹ ਹੈ ਕਿ ਜੋ ਉਹ ਕਹਿ ਰਹੇ ਹਨ, ਉਸ ਦਾ ਉਨ੍ਹਾਂ ਨੂੰ ਖੁਦ ਨਹੀਂ ਪਤਾ। ਖੈਰ, ਸਾਡੀ ਨੌਜਵਾਨ ਪੀੜ੍ਹੀ ਸਮਝਦਾਰ ਹੈ, ਉਸ ਨੂੰ ਸਮਝਣਾ ਹੋਵੇਗਾ ਕਿ ਕੱਟੜਤਾ ਅਤੇ ਹੱਠਪੁਣੇ ਨਾਲ ਕਿਸੇ ਵੀ ਦੇਸ਼ ਦੀ ਜਨਤਾ ਦਾ ਭਲਾ ਨਹੀਂ ਹੋਇਆ, ਭਾਵੇਂ ਕਿਸੇ ਵੀ ਧਰਮ ਨੂੰ ਤੁਸੀਂ ਦੇਖ ਲਓ।
ਜਿੱਥੇ ਲੋਕਾਂ ਨੇ ਧਰਮ ਨੂੰ ਨਿੱਜੀ ਰੱਖਿਆ, ਉਪਰ ਵਾਲੇ ’ਤੇ ਭਰੋਸਾ ਰੱਖਿਆ, ਉਥੇ ਤਰੱਕੀ ਹੋਈ। ਜਿੱਥੇ ਧਰਮ ਨੂੰ ਰੂੜੀਵਾਦੀ ਬਣਾਉਣ ਦੀ ਕੋਸ਼ਿਸ਼ ਹੋਈ, ਉਥੇ ਬਰਬਾਦੀ ਹੀ ਹੋਈ। ਇਹ ਮੇਰਾ ਆਪਣਾ ਵੀ ਮੰਨਣਾ ਹੈ ਅਤੇ ਮੈਂ ਲੇਖ ਰਾਹੀਂ ਕਹਿਣਾ ਵੀ ਚਾਹਾਂਗਾ ਕਿ ਧਰਮ ਹਮੇਸ਼ਾ ਨਫਰਤ ਅਤੇ ਦੂਰੀ ਨੂੰ ਮਿਟਾਉਂਦੇ ਹਨ, ਕਦੇ ਵਧਾਉਂਦੇ ਨਹੀਂ। ਇਸ ਲਈ ਧਰਮ ਦੇ ਨਾਂ ’ਤੇ ਕਿਸੇ ਵੀ ਸਿਆਸੀ ਪਾਰਟੀ ਦੇ ਪਿਛਲੱਗੂ ਨਾ ਬਣੋ। ਇਸ ਨਾਲ ਖੁਦ ਨੂੰ ਕਮਜ਼ੋਰ ਹੀ ਕਰੋਗੇ। ਨਫਰਤ ਨੂੰ ਖਤਮ ਕਰਨ ਵੱਲ ਚਾਰ ਕਦਮ ਵਧਾਓ। ਦੇਸ਼ ’ਚ ਇਹ ਸਮਾਂ ਸਾਡੀ ਸੋਚ ਦੀ ਪ੍ਰੀਖਿਆ ਲੈ ਰਿਹਾ ਹੈ, ਅਸੀਂ ਇਸ ਪ੍ਰੀਖਿਆ ਨੂੰ ਪਾਸ ਕਰਨਾ ਹੀ ਹੈ, ਜਿਸ ਨਾਲ ਦੇਸ਼ ਨਾ ਤਾਂ ਕਮਜ਼ੋਰ ਹੋਵੇਗਾ ਅਤੇ ਖੁੱਲ੍ਹੀ ਸੋਚ ਅਤੇ ਤਰੱਕੀ ਵੱਲ ਅੱਗੇ ਵਧੇਗਾ।
–ਵਕੀਲ ਅਹਿਮਦ
ਸਮਾਜਵਾਦੀ ਅੰਦੋਲਨ ਦੀ ਨੈਤਿਕ ਅਤੇ ਰਚਨਾਤਮਕ ਵਿਰਾਸਤ
NEXT STORY