ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਕਨੈਕਟੀਕਟ 'ਚ ਪੈਂਦੇ ਨੌਰਵਿਚ ਦੇ ਪਹਿਲੇ ਸਿੱਖ ਮੇਅਰ ਸਵਰਨਜੀਤ ਸਿੰਘ ਖਾਲਸਾ ਨੇ ਅਮਰੀਕਾ 'ਚ ਸਿੱਖ ਭਾਈਚਾਰੇ ਖ਼ਿਲਾਫ਼ ਵਧ ਰਹੀਆਂ ਨਫ਼ਰਤੀ ਘਟਨਾਵਾਂ ਅਤੇ ਅੰਕੜਿਆਂ ਦੀ ਅਸਲੀਅਤ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਵੱਲੋਂ ਜਾਰੀ ਅੰਕੜਿਆਂ ਨੂੰ ਜ਼ਮੀਨੀ ਹਕੀਕਤ ਦਾ ਮਹਿਜ਼ ਇੱਕ ਛੋਟਾ ਹਿੱਸਾ ਦੱਸਦਿਆਂ ਮੇਅਰ ਖਾਲਸਾ ਨੇ ਪ੍ਰਸ਼ਾਸਨਿਕ ਨੀਤੀਆਂ ਅਤੇ ਭਾਈਚਾਰਕ ਚੁਣੌਤੀਆਂ ਦੋਵਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਸਥਿਤੀ ਸਪੱਸ਼ਟ ਕਰਦੀ ਹੈ ਕਿ ਵਿਕਸਤ ਲੋਕਤੰਤਰਾਂ 'ਚ ਵੀ ਘੱਟ-ਗਿਣਤੀਆਂ ਦੀ ਸੁਰੱਖਿਆ ਸਿਰਫ਼ ਕਾਗ਼ਜ਼ੀ ਦਾਅਵਿਆਂ ਨਾਲ ਯਕੀਨੀ ਨਹੀਂ ਬਣਾਈ ਜਾ ਸਕਦੀ।
ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਵੱਡੀ ਗਿਣਤੀ 'ਚ ਘਟਨਾਵਾਂ ਦਾ ਰਿਪੋਰਟ ਨਾ ਹੋਣਾ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਅੰਗਰੇਜ਼ੀ ਭਾਸ਼ਾ ਦੀ ਰੁਕਾਵਟ, ਅਮਰੀਕੀ ਕਾਨੂੰਨੀ ਪ੍ਰਣਾਲੀ ਦੀ ਪੇਚੀਦਗੀ ਅਤੇ ਪੁਲਸ ਕਾਰਵਾਈ 'ਚ ਭਰੋਸੇ ਦੀ ਘਾਟ ਕਾਰਨ ਬਹੁਤੇ ਪੀੜਤ ਸ਼ਿਕਾਇਤ ਦਰਜ ਕਰਵਾਉਣ ਤੋਂ ਕੰਨੀ ਕਤਰਾਉਂਦੇ ਹਨ। ਰੋਜ਼ ਦੇ ਜੀਵਨ ਵਿੱਚ ਝੱਲਣੀ ਪੈਂਦੀਆਂ ਘਟੀਆ ਨਫਰਤੀ ਅਤੇ ਨਸਲੀ ਟਿੱਪਣੀਆਂ ਨੂੰ ਅਣਗੌਲਿਆਂ ਕਰਨ ਦਾ ਰੁਝਾਨ ਅਪਰਾਧੀਆਂ ਦੇ ਹੌਸਲੇ ਹੋਰ ਬੁਲੰਦ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਖ਼ਾਸ ਤੌਰ 'ਤੇ ਸੋਸ਼ਲ ਮੀਡੀਆ ਦੇ ਪ੍ਰਚਾਰ ਕਾਰਨ ਮਿਹਨਤਕਸ਼ ਸਿੱਖ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਪ੍ਰਸ਼ਾਸਨਿਕ ਢਿੱਲ ਦਾ ਸਬੂਤ ਹੈ। ਇੱਕ ਪਾਸੇ ਜਿੱਥੇ ਟਰੰਪ ਪ੍ਰਸ਼ਾਸਨ ਵੱਲੋਂ ਨਫ਼ਰਤੀ ਅਪਰਾਧਾਂ ਖ਼ਿਲਾਫ਼ 'ਜ਼ੀਰੋ ਟਾਲਰੈਂਸ' ਦਾ ਦਾਅਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਘੱਟ-ਗਿਣਤੀਆਂ ਖਾਸ ਕਰ ਕੇ ਸਿੱਖਾਂ ਦੀ ਸੁਰੱਖਿਆ ਅਤੇ ਕਮਿਊਨਿਟੀ ਸੰਪਰਕ ਬਜਟ ਵਿੱਚ ਕਟੌਤੀਆਂ ਇਹਨਾਂ ਦਾਅਵਿਆਂ ਦੇ ਉਲਟ ਹਨ।
ਇਹ ਵੀ ਪੜ੍ਹੋ- ਪੰਜਾਬ-ਰਾਜਸਥਾਨ ਸਣੇ ਦੇਸ਼ ਦੇ 6 ਸੂਬਿਆਂ ਲਈ ਹੋ ਗਿਆ ਵੱਡਾ ਐਲਾਨ ! ਕੇਂਦਰ ਨੇ DCs ਨੂੰ ਦਿੱਤੀ 'ਸੁਪਰਪਾਵਰ'
ਮੇਅਰ ਖਾਲਸਾ ਨੇ ਅਪੀਲ ਕਰਦਿਆਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਥਾਨਕ ਸਿੱਖ ਆਗੂ ਪੁਲਸ ਵਿਭਾਗਾਂ, ਮੇਅਰਾਂ ਅਤੇ ਜ਼ਿਲ੍ਹਾ ਅਟਾਰਨੀ ਦਫ਼ਤਰਾਂ ਨਾਲ ਨਿਰੰਤਰ ਰਾਬਤਾ ਰੱਖਣ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਅਤੇ ਜਨਤਕ ਪਲੇਟਫਾਰਮਾਂ ਰਾਹੀਂ ਸਿੱਖ ਸਿਧਾਂਤਾਂ, ਲੰਗਰ ਅਤੇ ਸੇਵਾ ਭਾਵਨਾ ਬਾਰੇ ਜਾਣਕਾਰੀ ਵੰਡੀ ਜਾਵੇ। ਨੌਜਵਾਨ ਸਿੱਖ ਪੀੜ੍ਹੀ ਮੁੱਖ ਧਾਰਾ ਦੀ ਸਿਆਸਤ, ਨਿਆਂ ਪ੍ਰਣਾਲੀ ਅਤੇ ਪ੍ਰਸ਼ਾਸਨਿਕ ਖੇਤਰਾਂ ਵਿੱਚ ਸਰਗਰਮ ਭੂਮਿਕਾ ਨਿਭਾਵੇ।
ਉਨ੍ਹਾਂ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਉਸ ਦੀ ਦਿੱਖ ਜਾਂ ਧਰਮ ਕਰ ਕੇ ਨਿਸ਼ਾਨਾ ਬਣਾਇਆ ਜਾਣਾ ਅਮਰੀਕਨ ਸੰਵਿਧਾਨਕ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ। ਜੇਕਰ ਸਮਾਂ ਰਹਿੰਦੇ ਨਫ਼ਰਤੀ ਅਨਸਰਾਂ 'ਤੇ ਕਾਨੂੰਨੀ ਸ਼ਿਕੰਜਾ ਨਾ ਕੱਸਿਆ ਗਿਆ ਅਤੇ ਜ਼ਮੀਨੀ ਨੀਤੀਆਂ ਵਿੱਚ ਸੁਧਾਰ ਨਾ ਹੋਇਆ, ਤਾਂ ਇਹ ਰੁਝਾਨ ਸਮੁੱਚੇ ਸਮਾਜਿਕ ਤਾਣੇ-ਬਾਣੇ ਲਈ ਵੱਡਾ ਖ਼ਤਰਾ ਬਣ ਜਾਵੇਗਾ।
ਜ਼ਿਕਰਯੋਗ ਹੈ ਕਿ ਸਵਰਨਜੀਤ ਸਿੰਘ ਖ਼ਾਲਸਾ ਨੂੰ ਅਮਰੀਕਾ 'ਚ ਮਨੁੱਖੀ ਅਧਿਕਾਰਾਂ, ਨਾਗਰਿਕ ਹੱਕਾਂ ਅਤੇ ਸਿੱਖ ਜਾਗਰੂਕਤਾ ਲਈ ਸਰਕਾਰੀ ਅਦਾਰਿਆਂ ਅਤੇ ਸੰਵਿਧਾਨਕ ਨੁਮਾਇੰਦਿਆਂ ਵੱਲੋਂ ਪ੍ਰਮੁੱਖ ਅਵਾਰਡ ਅਤੇ ਸਨਮਾਨ-ਪੱਤਰ ਮਿਲ ਚੁਕੇ ਹਨ। 2018 ਦੌਰਾਨ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਨਫ਼ਰਤੀ ਅਪਰਾਧਾਂ ਦੀ ਰੋਕਥਾਮ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਪੁਲ ਬਣਾਉਣ ਅਤੇ ਨਾਗਰਿਕ ਅਧਿਕਾਰਾਂ ਦੀ ਰਾਖੀ ਲਈ FBI ਡਾਇਰੈਕਟਰਜ਼ ਕਮਿਊਨਿਟੀ ਲੀਡਰਸ਼ਿਪ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਸ ਤੋਂ ਬਾਅਦ 2016-2019 ਦੌਰਾਨ ਅਮਰੀਕੀ ਕਾਂਗਰਸਮੈਨ ਜੋਅ ਕੋਰਟਨੀ ਅਤੇ ਫੈਡਰਲ ਨੁਮਾਇੰਦਿਆਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਵਕਾਲਤ ਅਤੇ ਸਮਾਜਿਕ ਨਿਆਂ ਲਈ ਉਨ੍ਹਾਂ ਨੂੰ ਵਿਸ਼ੇਸ਼ ਪ੍ਰਸ਼ੰਸਾ-ਪੱਤਰ ਦਿਤਾ ਸੀ। 2015, 2017 ਅਤੇ 2019 'ਚ ਕਨੈਕਟੀਕਟ ਸੂਬੇ ਦੀ ਸੈਨੇਟ ਅਤੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵੱਲੋਂ ਸਿੱਖ ਜਾਗਰੂਕਤਾ, ਨਸਲਵਾਦ ਵਿਰੋਧੀ ਕਾਰਜਾਂ ਅਤੇ ਸੂਬਾਈ ਪੱਧਰ 'ਤੇ ਮਨੁੱਖੀ ਹੱਕਾਂ ਦੀ ਰਾਖੀ ਬਦਲੇ ਉਨ੍ਹਾਂ ਨੂੰ ਸਰਕਾਰੀ ਪ੍ਰਸ਼ੰਸਾ-ਪੱਤਰ ਦਿੱਤਾ ਗਿਆ ਸੀ। ਸਾਲ 2016-2020 ਦੌਰਾਨ ਨੌਰਵਿਚ ਕਮਿਸ਼ਨ ਆਨ ਹਿਊਮਨ ਰਾਈਟਸ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵਜੋਂ ਵੱਖ-ਵੱਖ ਨਸਲਾਂ ਅਤੇ ਭਾਈਚਾਰਿਆਂ ਵਿਚਕਾਰ ਬਰਾਬਰੀ ਤੇ ਸਦਭਾਵਨਾ ਕਾਇਮ ਕਰਨ ਲਈ ਮੇਅਰ ਖਾਲਸਾ ਨੂੰ ਵਿਸ਼ੇਸ਼ ਮਾਨਤਾ ਦਿੱਤੀ ਸੀ।
ਇਹ ਵੀ ਪੜ੍ਹੋ- ਹੁਣ ਛਿੜੇਗੀ Dollar vs Dollar ਦੀ ਜੰਗ ! US ਨੇ ਠੋਕਿਆ 50% ਟੈਰਿਫ਼, PM ਕਾਰਨੀ ਨੇ ਵੀ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੀਨ ਨੇ ਤਾਈਵਾਨ ਖ਼ਿਲਾਫ਼ ਮੁੜ ਕੱਸਿਆ ਸ਼ਿਕੰਜਾ ! ਦੇਖੇ ਗਏ ਹਵਾਈ ਤੇ ਸਮੁੰਦਰੀ ਫੌਜੀ ਜਹਾਜ਼
NEXT STORY