ਮੈਲਬੋਰਨ (ਮਨਦੀਪ ਸਿੰਘ ਸੈਣੀ)- ਜਿੱਥੇ ਦੁਨੀਆ ਭਰ 'ਚ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿਹਾੜੇ ਉਲੀਕੇ ਜਾ ਰਹੇ ਹਨ। ਉੱਥੇ ਆਸਟਰੇਲੀਆਈ ਸਿੱਖ ਸੰਗਤ ਨੇ ਵੀ ਨਿਵੇਕਲੀ ਪਹਿਲਕਦਮੀ ਕਰਦਿਆਂ ਸੰਸਦ ਭਵਨ ਕੈਨਬਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ।

ਜ਼ਿਕਰਯੋਗ ਹੈ ਆਸਟਰੇਲੀਆਈ ਸਿੱਖ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਆਸਟਰੇਲੀਆਈ ਸੰਸਦ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਸਮੇਤ ਸੰਸਦ 'ਚ ਦਾਖਲ ਹੋਣ ਦੀ ਪ੍ਰਵਾਨਗੀ ਮਿਲੀ।

ਇਸ ਮੌਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਸੰਸਦ ਭਵਨ ਲਿਆਂਦੇ ਗਏ ਅਤੇ ਰਾਗੀ ਜਥੇ ਵੱਲੋਂ ਸਿੱਖ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏ ਗਏ। ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਕਰੀਬ 40 ਸਿੱਖ ਸੰਸਥਾਵਾਂ, ਜਥੇਬੰਦੀਆਂ ਸਿੱਖ ਸੰਗਤਾਂ ਨੇ ਇਸ ਸਮਾਗਮ 'ਚ ਹਾਜ਼ਰੀ ਭਰੀ।

ਇਸ ਮੁਬਾਰਕ ਮੌਕੇ ਨੂੰ ਸਜਦਾ ਕਰਨ ਲਈ ਆਸਟਰੇਲੀਆ ਭਰ ਦੀਆਂ ਸਿਆਸੀ ਪਾਰਟੀਆਂ ਦੇ 32 ਸੰਸਦ ਮੈਂਬਰ ਸ਼ਾਮਲ ਹੋਏ, ਜਿਨ੍ਹਾਂ 'ਚ ਲੇਬਰ ਪਾਰਟੀ ਦੇ ਮੁਖੀ ਐਂਥਨੀ ਐਲਬਨੀਜ਼, ਗਰੀਨ ਪਾਰਟੀ ਦੇ ਮੁਖੀ ਏਡਮ ਬੈਂਡਟ, ਲਿਬਰਲ ਪਾਰਟੀ ਤੋਂ ਵਾਰਨ ਇੰਸ਼ ਅਤੇ ਕੈਟਰ ਪਾਰਟੀ ਦੇ ਬੌਬ ਕੈਟਰ ਨੇ ਸੰਬੋਧਨ ਕਰਦਿਆਂ ਸਮੂਹ ਆਸਟਰੇਲੀਆਈ ਸਿੱਖ ਭਾਈਚਾਰੇ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ।

ਇਸ ਮੌਕੇ ਵਿਰੋਧੀ ਧਿਰ ਦੇ ਵਿਦੇਸ਼ ਮੰਤਰੀ ਤਾਨੀਆ ਪਿਲਬਰਸੇਕ, ਵਿੱਤ ਮੰਤਰੀ ਕ੍ਰਿਸ ਬੋਵਨ, ਜੋਅੰਨ ਰਯਾਨ, ਟਿੰਮ ਵਾਟਸ, ਜੂਲੀਅਨ ਲੀਸਰ, ਪ੍ਰਧਾਨ ਮੰਤਰੀ ਦੇ ਸਹਾਇਕ ਮੰਤਰੀ ਬੇਨ ਮੋਰ ਟਨ, ਜੂਲ਼ੀਅਨ ਹਿੱਲ ਤੇ ਹੋਰ ਕਈ ਸੰਸਦ ਮੈਂਬਰਾਂ ਨੇ ਹਾਜ਼ਰੀ ਭਰੀ। ਸਿੱਖ ਰਿਸਰਚ ਇੰਸਟੀਚਿਊਟ ਅਮਰੀਕਾ ਤੋਂ ਪਹੁੰਚੇ ਹਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਮਨੁੱਖਤਾ ਪ੍ਰਤੀ ਸ਼ੰਦੇਸ਼ ਨੂੰ ਸਾਂਝਾ ਕੀਤਾ।

ਪਰਥ ਤੋਂ ਆਸਟਰੇਲੀਅਨ ਸਿੱਖ ਹੈਰੀਟੇਜ ਦੇ ਤਰਨਪ੍ਰੀਤ ਸਿੰਘ ਨੇ ਸਿੱਖਾਂ ਦੇ ਆਸਟਰੇਲੀਆ 'ਚ 180 ਸਾਲ ਪੁਰਾਣੇ ਇਤਿਹਾਸ ਤੋਂ ਜਾਣੂੰ ਕਰਵਾਇਆ। ਬੀਬੀ ਜਤਿੰਦਰ ਕੌਰ ਨੇ ਗੁਰੂ ਸਾਹਿਬ ਦੇ ਔਰਤਾਂ ਪ੍ਰਤੀ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ।
ਬਲੱਡ ਸ਼ੂਗਰ ਕੰਟਰੋਲ ਕਰਨ ਲਈ ਇਹ ਫਲ ਬੇਹੱਦ ਲਾਹੇਵੰਦ
NEXT STORY