ਦੱਖਣੀ ਕੋਰੀਆ/ ਓਟਾਵਾ— ਦੱਖਣੀ ਕੋਰੀਆ 'ਚ ਚੱਲ ਰਹੀਆਂ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਸੁਰਖੀਆਂ 'ਚ ਹਨ। ਇੱਥੇ ਕੈਨੇਡਾ ਦੇ ਕਰਲਿੰਗ ਖਿਡਾਰੀਆਂ ਕੇਟਲਿਨ ਲਾਵੇਸ ਅਤੇ ਜੌਨ ਮੋਰਿਸ ਨੇ ਦੂਜੀ ਵਾਰ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਪਹਿਲੇ ਕੈਨੇਡੀਅਨ ਕਰਲਿੰਗ ਖਿਡਾਰੀ ਹਨ, ਜਿਨ੍ਹਾਂ ਨੇ ਕੈਨੇਡਾ ਦੀ ਝੋਲੀ 'ਚ ਦੂਜਾ-ਦੂਜਾ ਸੋਨ ਤਮਗਾ ਪਾਇਆ ਹੈ। ਮੰਗਲਵਾਰ ਰਾਤ ਨੂੰ ਦੱਖਣੀ ਕੋਰੀਆ 'ਚ ਉਨ੍ਹਾਂ ਨੇ ਮਿਕਸਡ ਡਬਲ ਕਰਲਿੰਗ 'ਚ ਸਵਿਟਜ਼ਰਲੈਂਡ ਨੂੰ 10-3 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਮੋਰਿਸ ਦਾ ਜਨਮ ਵਿਨੀਪੈੱਗ 'ਚ ਹੋਇਆ ਸੀ ਅਤੇ ਉਸ ਨੇ 2010 'ਚ ਸੋਨ ਤਮਗਾ ਜਿੱਤਿਆ ਸੀ ਅਤੇ ਵਿਨੀਪੈੱਗ 'ਚ ਰਹਿਣ ਵਾਲੀ 29 ਸਾਲਾ ਲਾਵੇਸ ਨੇ 2014 'ਚ ਸੋਨ ਤਮਗਾ ਜਿੱਤਿਆ ਸੀ ਤੇ ਹੁਣ 2018 'ਚੋ ਦੋਵਾਂ ਨੂੰ ਸੋਨ ਤਮਗਾ ਮਿਲਿਆ ਹੈ। ਲਾਵੇਸ ਦੀ ਮਾਂ, ਉਸ ਦਾ ਭਰਾ ਅਤੇ ਪ੍ਰੇਮੀ ਇਹ ਜਿੱਤ ਦੇਖ ਕੇ ਭਾਵੁਕ ਹੋ ਗਏ ਤੇ ਉਨ੍ਹਾਂ ਕਿਹਾ ਕਿ ਉਹ ਅੱਜ ਬਹੁਤ ਖੁਸ਼ ਹਨ।
ਲਾਵੇਸ ਦੇ ਪਿਤਾ ਦੀ 10 ਸਾਲ ਪਹਿਲਾਂ ਕੈਂਸਰ ਦੀ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ। ਉਸ ਦੇ ਪਿਤਾ ਕੀਥ ਵੀ ਕਰਲਿੰਗ ਖੇਡਣ ਦੇ ਸ਼ੌਕੀਨ ਸਨ ਅਤੇ ਉਨ੍ਹਾਂ ਨੇ ਹੀ ਲਾਵੇਸ ਨੂੰ ਵੀ ਇਸ ਖੇਡ ਵੱਲ ਪ੍ਰੇਰਿਤ ਕੀਤਾ ਸੀ। ਲਾਵੇਸ ਦੀ ਮਾਂ ਨੇ ਕਿਹਾ,''ਲਾਵੇਸ ਦੇ ਪਿਤਾ ਵੀ ਇਸ ਖੇਡ ਨੂੰ ਖੇਡਣ ਦੇ ਸ਼ੌਕੀਨ ਸਨ ਅਤੇ ਲਾਵੇਸ ਉਨ੍ਹਾਂ ਦੇ ਦੱਸੇ ਹੋਏ ਰਸਤੇ 'ਤੇ ਚੱਲ ਰਹੀ ਹੈ।'' ਲਾਵੇਸ ਨੇ ਕਿਹਾ,''ਹਰ ਵੇਲੇ ਜਦ ਵੀ ਮੈਂ ਖੇਡਦੀ ਹਾਂ, ਮੇਰੇ ਪਿਤਾ ਮੇਰੇ ਨਾਲ ਹੁੰਦੇ ਹਨ, ਬਰਫ 'ਤੇ ਖੇਡਦਿਆਂ ਮੈਨੂੰ ਲੱਗਦਾ ਹੈ ਕਿ ਪਾਪਾ ਮੇਰੇ ਨਾਲ ਹੀ ਹਨ।'' ਲਾਵੇਸ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਹ ਦੱਖਣੀ ਕੋਰੀਆ ਤੋਂ ਆਪਣੇ ਦੇਸ਼ ਲਈ ਸੋਨ ਤਮਗਾ ਲੈ ਕੇ ਜਾਵੇਗੀ। ਉਸ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਤਾਂ ਉਹ ਮੋਰਿਸ ਨੂੰ ਜਾਣਦੀ ਵੀ ਨਹੀਂ ਸੀ, ਜਿਸ ਨਾਲ ਖੇਡ ਕੇ ਉਸ ਨੇ ਇਹ ਜਿੱਤ ਪ੍ਰਾਪਤ ਕੀਤੀ ਹੈ। ਉਸ ਨੇ ਮੋਰਿਸ ਦਾ ਧੰਨਵਾਦ ਕੀਤਾ ਕਿ ਉਸ ਨੇ ਉਸ 'ਤੇ ਵਿਸ਼ਵਾਸ ਕਰਕੇ ਉਸ ਨੂੰ ਆਪਣੇ ਨਾਲ ਖੇਡਣ ਦਾ ਮੌਕਾ ਦਿੱਤਾ।
ਪੁਰਤਗਾਲ ਦੇ ਹਵਾਈ ਅੱਡੇ 'ਤੇ ਕੋਕੀਨ ਲੈ ਜਾ ਰਿਹਾ ਵਿਅਕਤੀ ਗ੍ਰਿਫਤਾਰ
NEXT STORY