ਵਾਸ਼ਿੰਗਟਨ (ਬਿਊਰੋ)— ਚਾਰ ਭਾਰਤੀ ਬੱਚਿਆਂ ਨੇ ਨਾਸਾ ਵੱਲੋਂ ਕਰਵਾਏ ਗਏ ਮੁਕਾਬਲੇ ਵਿਚ ਜਿੱਤ ਹਾਸਲ ਕਰ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਹੁਣ ਇਨ੍ਹਾਂ ਭਾਰਤੀ ਬੱਚਿਆਂ ਵੱਲੋਂ ਬਣਾਈਆਂ ਪੇਂਟਿੰਗਜ਼ ਨਾਸਾ ਦੇ ਸਾਲਾਨਾ ਕੈਲੰਡਰ 'ਤੇ ਛਾਈਆਂ ਹੋਈਆਂ ਹਨ। ਨਾਸਾ ਵੱਲੋਂ ਇਸ ਵਾਰ ਕਮਰਸ਼ੀਅਲ ਕਰੂ ਪ੍ਰੋਗਰਾਮ 2019 ਚਿਲਡਰਨ ਆਰਟ ਵਰਕ ਕੈਲੰਡਰ (Commercial Crew Program 2019 Children's Art Work Calendar) ਲਾਂਚ ਕੀਤਾ ਗਿਆ। ਇਸ ਦੇ ਕਵਰ ਪੇਜ 'ਤੇ ਉੱਤਰ ਪ੍ਰਦੇਸ਼ ਦੀ 9 ਸਾਲਾ ਦੀਪਸ਼ਿਖਾ ਦਾ ਬਣਾਇਆ ਚਿੱਤਰ ਹੈ। ਇਸ ਕੈਲੰਡਰ ਵਿਚ ਸਾਲ ਦੇ 12 ਮਹੀਨਿਆਂ ਲਈ ਬੱਚਿਆਂ ਵੱਲੋਂ ਤਿਆਰ ਆਰਟ ਵਰਕ ਦੀ ਵਰਤੋਂ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਕਵਰ ਪੇਜ 'ਤੇ ਭਾਰਤੀ ਬੱਚੀ ਦੇ ਨਾਲ ਤਿੰਨ ਹੋਰ ਬੱਚਿਆਂ ਦਾ ਆਰਟ ਵਰਕ ਇਸ ਕੈਲੰਡਰ 'ਤੇ ਹੈ।
ਮਹਾਰਾਸ਼ਟਰ ਦੇ 10 ਸਾਲ ਦੇ ਇੰਦਰਯੁੱਧ ਅਤੇ 8 ਸਾਲ ਦੇ ਸ਼੍ਰੀਹਨ ਦਾ ਬਣਾਇਆ ਆਰਟ ਵਰਕ ਵੀ ਇਸ ਕੈਲੰਡਰ ਵਿਚ ਸ਼ਾਮਲ ਹੈ। ਇਨ੍ਹਾਂ ਦੋਹਾਂ ਨੇ ਸਾਂਝੇ ਤੌਰ 'ਤੇ ਇਹ ਆਰਟ ਵਰਕ ਤਿਆਰ ਕੀਤਾ। ਇਸ ਦੇ ਇਲਾਵਾ 12 ਸਾਲ ਦੇ ਤਾਮਿਲਨਾਡੂ ਦੇ ਥੇਮੁਕਿਲਿਮਨ ਦਾ ਆਰਟ ਵਰਕ ਵੀ ਕੈਲੰਡਰ ਵਿਚ ਸ਼ਾਮਲ ਹੈ। 12 ਮਹੀਨਿਆਂ ਦਾ ਇਹ ਕੈਲੰਡਰ ਇਕ ਥੀਮ 'ਤੇ ਆਧਾਰਿਤ ਹੈ ਜੋ ਪੁਲਾੜ ਵਿਗਿਆਨ ਨਾਲ ਸਬੰਧਤ ਹੈ। ਹਰ ਮਹੀਨੇ ਲਈ ਸਪੇਸ ਨਾਲ ਜੁੜਿਆ ਕੋਈ ਮਾਸਟਰਪੀਸ ਥੀਮ ਦੇ ਤੌਰ 'ਤੇ ਚੁਣਿਆ ਗਿਆ ਹੈ।
ਇੰਦਰਯੁੱਧ ਅਤੇ ਸ਼੍ਰੀਹਨ ਦੇ ਬਣਾਏ ਆਰਟ ਵਰਕ ਦਾ ਥੀਮ 'ਲਿਵਿੰਗ ਐਂਡ ਵਰਕਿੰਗ ਇਨ ਸਪੇਸ' ਹੈ। ਥੇਮੁਕਿਲਿਮਨ ਦਾ ਥੀਮ 'ਸਪੇਸ ਫੂਡ' ਹੈ। ਕੈਲੰਡਰ ਲਈ ਨਾਸਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ,''ਜਿਹੜੇ ਆਰਟ ਵਰਕ ਨੂੰ ਇਸ ਕੈਲੰਡਰ ਵਿਚ ਸ਼ਾਮਲ ਕੀਤਾ ਗਿਆ ਹੈ ਉਹ ਸਾਰੇ ਕਿਸੇ ਨਾ ਕਿਸੇ ਪੁਲਾੜ ਵਿਗਿਆਨ ਨਾਲ ਜੁੜੇ ਮਾਮਲੇ ਨੂੰ ਦੱਸਦੇ ਹਨ। ਸਪੇਸ ਸਟੇਸ਼ਨ ਵਿਚ ਰਹਿ ਰਹੇ ਪੁਲਾੜ ਵਿਗਿਆਨੀਆਂ ਦੀ ਜ਼ਿੰਦਗੀ, ਕੰਮ ਆਦਿ ਨੂੰ ਬੱਚਿਆਂ ਨੇ ਕਾਫੀ ਚੰਗੇ ਤਰੀਕੇ ਨਾਲ ਸਮਝਿਆ ਹੈ।''
ਨਾਸਾ ਨੇ ਕਿਹਾ,''ਬੱਚਿਆਂ ਵਿਚਕਾਰ ਪੁਲਾੜ ਵਿਗਿਆਨ ਨੂੰ ਲੈ ਕੇ ਉਤਸੁਕਤਾ ਜਗਾਉਣ ਲਈ ਇਸ ਆਰਟ ਵਰਕ ਦਾ ਆਯੋਜਨ ਕੀਤਾ ਗਿਆ। ਭਵਿੱਖ ਦੇ ਪੁਲਾੜ ਵਿਗਿਆਨੀ, ਇੰਜੀਨੀਅਰ, ਵਿਗਿਆਨੀਆਂ ਨੂੰ ਉਤਸ਼ਾਹਿਤ ਕਰਨ ਦੀ ਇਹ ਸਾਡੀ ਕੋਸ਼ਿਸ਼ ਸੀ। ਅਸੀਂ ਉਨ੍ਹਾਂ ਸਾਰੇ ਬੱਚਿਆਂ ਦੇ ਆਰਟ ਵਰਕ ਦੀ ਪ੍ਰਸ਼ੰਸਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਮੁਕਾਬਲੇ ਵਿਚ ਹਿੱਸਾ ਲਿਆ।''
ਬੰਗਲਾਦੇਸ਼ 'ਚ ਆਮ ਚੋਣਾਂ ਤੋਂ ਪਹਿਲਾਂ ਹਜ਼ਾਰਾਂ ਫੌਜੀ ਤਾਇਨਾਤ
NEXT STORY