ਵਾਸ਼ਿੰਗਟਨ (ਏਜੰਸੀਆਂ): ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਦੀਆਂ ਕੁਝ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਮੁਖੀਆਂ ਨਾਲ ਮੀਟਿੰਗ ਵਿਚ ਕਿਹਾ ਕਿ ਸਿੱਖਿਆ ਤੇ ਤਕਨੀਕ ਨੂੰ ਮਜ਼ਬੂਤ ਕਰਨਾ ਭਾਰਤ-ਅਮਰੀਕਾ ਦੀ ਭਾਈਵਾਲੀ ਦੇ ਕੇਂਦਰੀ ਥੰਮ੍ਹ ਹਨ।ਸੰਧੂ ਨੇ 10 ਅਮਰੀਕੀ ਯੂਨੀਵਰਸਿਟੀਆਂ ਦੇ ਮੁਖੀਆਂ ਨਾਲ ਗੱਲਬਾਤ ਤੋਂ ਬਾਅਦ ਟਵੀਟ ਵਿਚ ਕਿਹਾ,‘‘ਭਾਰਤ ਤੇ ਅਮਰੀਕਾ ਭਾਈਵਾਲੀ ਦੇ ਥੰਮ੍ਹਾਂ ਸਿੱਖਿਆ ਤੇ ਤਕਨੀਕ ਨੂੰ ਮਜ਼ਬੂਤ ਕਰ ਰਹੇ ਹਨ। ਇੱਥੇ ਅਮਰੀਕੀ ਅੰਬੈਸੀ ਵਿਚ ਹੋਏ ਪ੍ਰੋਗਰਾਮ ਵਿਚ ਕੁਝ ਮੁਖੀ ਨਿੱਜੀ ਤੌਰ ’ਤੇ ਸ਼ਾਮਲ ਹੋਏ, ਜਦੋਂਕਿ ਕੁਝ ਨੇ ਡਿਜੀਟਲ ਢੰਗ ਨਾਲ ਹਿੱਸਾ ਲਿਆ।
ਸੰਧੂ ਨੇ ਕਿਹਾ,‘‘ਸਾਂਝੀਆਂ ਕਦਰਾਂ-ਕੀਮਤਾਂ ਵਾਲੇ ਲੋਕਤੰਤਰਾਂ ਦੇ ਰੂਪ ’ਚ ਗਿਆਨ, ਸੂਚਨਾਵਾਂ ਤੇ ਵਿਚਾਰਾਂ ਦਾ ਖੁੱਲ੍ਹਾ ਅਦਾਨ-ਪ੍ਰਦਾਨ ਭਾਰਤ-ਅਮਰੀਕਾ ਰਿਸ਼ਤਿਆਂ ਦਾ ਅਟੁੱਟ ਅੰਗ ਹੈ। ਸਾਡੇ ਰਿਸ਼ਤਿਆਂ ਦੇ ਰਣਨੀਤਕ ਥੰਮ੍ਹ ਨੂੰ ਮਜ਼ਬੂਤ ਕਰਨ ਲਈ ਤਕਨੀਕ ਨੂੰ ਮਜ਼ਬੂਤ ਕਰਨਾ ਅਤੇ ਨਵੀਂ ਪ੍ਰਣਾਲੀ ਵਾਲੀ ਭਾਈਵਾਲੀ ਵੀ ਅਹਿਮ ਹੈ।’’ ਉਨ੍ਹਾਂ ਅਮਰੀਕੀ ਯੂਨੀਵਰਸਿਟੀਆਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ,‘‘ਪ੍ਰਧਾਨ ਮੰਤਰੀ ਤੇ ਸਿੱਖਿਆ ਮੰਤਰੀ ਦੋਵੇਂ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਗਿਆਨ ਦੀ ਵੰਡ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ।’’
ਮੀਟਿੰਗ ਵਿਚ ਹਿੱਸਾ ਲੈਣ ਵਾਲਿਆਂ ਵਿਚ ਸਟੇਟ ਯੂਨੀਵਰਸਿਟੀ ਆਫ ਨਿਊਯਾਰਕ, ਬਫੈਲੋ ਦੇ ਸਤੀਸ਼ ਕੇ. ਤ੍ਰਿਪਾਠੀ, ਪ੍ਰਦੀਪ ਖੋਸਲਾ (ਕੈਲੀਫੋਰਨੀਆ ਯੂਨੀਵਰਸਿਟੀ, ਸਾਨ ਡਿਆਗੋ), ਮਾਈਕਲ ਰਾਵ (ਵਰਜੀਨੀਆ ਕਾਮਨਵੈਲਥ ਯੂਨੀਵਰਿਸਟੀ), ਪ੍ਰੋ. ਕੁੰਬਲੇ ਸੁੱਬਾਸਵਾਮੀ (ਮੈਸਾਚੁਸੈਟਸ ਯੂਨੀਵਰਸਿਟੀ, ਐਮਹਰਸਟ), ਆਸ਼ੀਸ਼ ਵੈਦਯ (ਨਦਰਨ ਕੇਂਟੁਕੀ ਯੂਨੀਵਰਸਿਟੀ), ਰੇਣੂ ਖਟੋਰ (ਹਿਊਸਟਨ ਯੂਨੀਵਰਸਿਟੀ), ਵੈਂਕਟ ਰੈੱਡੀ (ਕੋਲੋਰਾਡੋ ਯੂਨੀਵਰਸਿਟੀ, ਕੋਲੋਰਾਡੋ ਸਪ੍ਰਿੰਗਜ਼), ਮੌਲੀ ਅਗਰਵਾਲ (ਮਿਸੌਰੀ ਯੂਨੀਵਰਸਿਟੀ, ਕੰਸਾਸ ਸਿਟੀ), ਮੰਟੋਸ਼ ਦੀਵਾਨ (ਅਪਸਟੇਟ ਮੈਡੀਕਲ ਯੂਨੀਵਰਸਿਟੀ, ਸੁਨੀ) ਅਤੇ ਮਹੇਸ਼ ਦਾਸ (ਬੋਸਟਨ ਆਰਕੀਟੈਕਚਰਲ ਕਾਲਜ, ਬੋਸਟਨ)। ਮੌਜੂਦਾ ਸਮੇਂ ’ਚ ਵੱਖ-ਵੱਖ ਯੂਨੀਵਰਸਿਟੀਆਂ ਦੇ 16 ਮੁਖੀ ਭਾਰਤੀ ਮੂਲ ਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਲੁੱਟਖੋਹ ਮਾਮਲੇ 'ਚ 2 ਪੰਜਾਬੀਆਂ ਸਮੇਤ ਤਿੰਨ ਵਿਅਕਤੀਆਂ 'ਤੇ ਦੋਸ਼ ਆਇਦ
ਰਾਜਦੂਤ ਨੇ ਹਿੱਸਾ ਲੈਣ ਵਾਲਿਆਂ ਨੂੰ ਕਿਹਾ,‘‘ਸਾਨੂੰ ਤੁਹਾਡੀਆਂ ਪ੍ਰਾਪਤੀਆਂ ’ਤੇ ਮਾਣ ਹੈ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਾਲਾਂ ਵਿਚ ਸਾਡੇ ਕੋਲ ਸਫਲਤਾ ਦੀਆਂ ਕਈ ਹੋਰ ਕਹਾਣੀਆਂ ਹੋਣਗੀਆਂ। ਇਹ ਸਿਰਫ ਜ਼ਿਆਦਾ ਵਿਦਿਆਰਥੀਆਂ ਜਾਂ ਜ਼ਿਆਦਾ ਫੈਕਲਟੀ ਗਠਜੋੜ ਬਾਰੇ ਨਹੀਂ। ਇਹ ਅਹਿਮ ਹੈ, ਹਾਲਾਂਕਿ ਮੈਂ ਜ਼ਿਆਦਾ ਲਗਾਤਾਰ ਆਧਾਰ ’ਤੇ ਜੁੜਨ ਲਈ ਉਪਕਰਣਾਂ ਦੇ ਇਕ ਸੈੱਟ ਦਾ ਨਿਰਮਾਣ ਵੇਖਣਾ ਚਾਹੁੰਦਾ ਹਾਂ। ਕੀ ਅਸੀਂ ਇਕ ਵਰਚੁਅਲ ਮੰਚ ਬਣਾ ਸਕਦੇ ਹਾਂ ਜਿੱਥੇ ਅਸੀਂ ਦੋਵਾਂ ਦੇਸ਼ਾਂ ’ਚ ਯੂਨੀਵਰਸਿਟੀਆਂ ਨੂੰ ਇਕੱਠਾ ਲਿਆ ਸਕੀਏ? ਕੀ ਅਸੀਂ ਲਗਾਤਾਰ ਸੂਚਨਾ ਪ੍ਰਵਾਹ ਦੀ ਸਹੂਲਤ ਪ੍ਰਦਾਨ ਕਰ ਸਕਦੇ ਹਾਂ? ਕੀ ਅਸੀਂ ਜ਼ਿਆਦਾ ਸਾਂਝੀ ਖੋਜ ਨੂੰ ਵਧਾ ਸਕਦੇ ਹਾਂ?’’
ਭਾਰਤ ਤੇ ਸੰਯੁਕਤ ਰਾਜ ਅਮਰੀਕਾ ਦਰਮਿਆਨ ਸਿੱਖਿਆ ਤੇ ਗਿਆਨ ਦੀ ਵੰਡ ਨੂੰ ਮਜ਼ਬੂਤ ਕਰਨ ਦੇ ਇੱਛੁਕ ਸੰਧੂ ਨੇ ਕਿਹਾ ਕਿ ਭਾਰਤ-ਅਮਰੀਕਾ ਰਿਸ਼ਤਿਆਂ ਦਾ ਭਵਿੱਖ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਦੋਵਾਂ ਦੇਸ਼ਾਂ ਦੇ ਨੌਜਵਾਨ ਇਕ-ਦੂਜੇ ਨਾਲ ਕਿੰਨੀ ਨੇੜਤਾ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਕਿਹਾ,‘‘ਇਹ ਮੇਰੇ ਲਈ ਵੀ ਅਹਿਮ ਹੈ। ਮੇਰੇ ਮਾਤਾ-ਪਿਤਾ ਦੋਵੇਂ ਅਧਿਆਪਕ ਸਨ। ਉਨ੍ਹਾਂ ਓਹੀਓ ਯੂਨੀਵਰਸਿਟੀ ਤੋਂ ਡਾਕਟ੍ਰੇਟ ਦੀ ਡਿਗਰੀ ਪੂਰੀ ਕੀਤੀ ਅਤੇ ਭਾਰਤ ਵਾਪਸ ਆ ਗਏ।'' ਪਿਛਲੇ ਕੁਝ ਮਹੀਨਿਆਂ ਵਿਚ ਸੰਧੂ ਨੇ ਜਾਰਜੀਆ ਟੈੱਕ, ਐਮੋਰੀ ਯੂਨੀਵਰਸਿਟੀ, ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਏਂਜਲਸ ਸਮੇਤ ਕਈ ਯੂਨੀਵਰਸਿਟੀਆਂ ਦਾ ਦੌਰਾ ਕੀਤਾ ਹੈ।
ਕੈਨੇਡਾ : ਲੁੱਟਖੋਹ ਮਾਮਲੇ 'ਚ 2 ਪੰਜਾਬੀਆਂ ਸਮੇਤ ਤਿੰਨ ਵਿਅਕਤੀਆਂ 'ਤੇ ਦੋਸ਼ ਆਇਦ
NEXT STORY