ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਵਿੱਚ ਇੱਕ ਵਾਰ ਫਿਰ ਵੱਡਾ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਉੱਤਰੀ ਇਜ਼ਰਾਈਲ ਵਿੱਚ ਇੱਕ ਫਲਸਤੀਨੀ ਹਮਲਾਵਰ ਨੇ ਆਪਣੀ ਕਾਰ ਨਾਲ ਲੋਕਾਂ ਨੂੰ ਕੁਚਲਣ ਤੋਂ ਬਾਅਦ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਕਾਰ ਨਾਲ ਕੁਚਲਿਆ ਤੇ ਫਿਰ ਚਾਕੂਆਂ ਨਾਲ ਕੀਤਾ ਵਾਰ
ਇਹ ਭਿਆਨਕ ਘਟਨਾ ਉੱਤਰੀ ਸ਼ਹਿਰ ਬੇਤ ਸ਼ੀਨ ਵਿੱਚ ਸ਼ੁਰੂ ਹੋਈ, ਜਿੱਥੇ ਹਮਲਾਵਰ ਨੇ ਆਪਣੀ ਗੱਡੀ ਲੋਕਾਂ 'ਤੇ ਚੜ੍ਹਾ ਦਿੱਤੀ। ਇਸ ਦੌਰਾਨ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਹਾਈਵੇਅ ਵੱਲ ਭੱਜਿਆ ਅਤੇ ਅਫੁਲਾ ਸ਼ਹਿਰ ਦੇ ਪ੍ਰਵੇਸ਼ ਦੁਆਰ ਕੋਲ ਇੱਕ ਔਰਤ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਜਵਾਬੀ ਕਾਰਵਾਈ ਕਰਦਿਆਂ ਹਮਲਾਵਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੀੜਤਾਂ ਦੀ ਹੋਈ ਪਛਾਣ
ਮਾਰੇ ਗਏ ਲੋਕਾਂ ਦੀ ਪਛਾਣ 68 ਸਾਲਾ ਸ਼ਿਮਸ਼ੋਨ ਮੋਰਦੇਚਾਈ ਅਤੇ ਇੱਕ ਨੌਜਵਾਨ ਅਵੀਵ ਮਾਓਰ ਵਜੋਂ ਕੀਤੀ ਹੈ। ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ "ਭਿਆਨਕ ਹੱਤਿਆ ਕਾਂਡ" ਕਰਾਰ ਦਿੱਤਾ ਹੈ।
ਇਜ਼ਰਾਈਲੀ ਫੌਜ ਦਾ ਵੱਡਾ ਐਕਸ਼ਨ
ਹਮਲੇ ਤੋਂ ਤੁਰੰਤ ਬਾਅਦ ਇਜ਼ਰਾਈਲੀ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਹਮਲਾਵਰ ਦੇ ਜੱਦੀ ਸ਼ਹਿਰ ਕਬਾਤੀਆ (ਪੱਛਮੀ ਬੈਂਕ) ਵਿੱਚ ਤੁਰੰਤ ਫੌਜੀ ਕਾਰਵਾਈ ਦੇ ਹੁਕਮ ਦਿੱਤੇ। ਫੌਜ ਨੇ ਹਮਲਾਵਰ ਦੇ ਘਰ ਦੀ ਘੇਰਾਬੰਦੀ ਕਰ ਲਈ ਹੈ ਅਤੇ ਉਸ ਦੇ ਨਿਵਾਸ ਸਥਾਨ ਨੂੰ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰੱਖਿਆ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਅੱਤਵਾਦ ਦੀ ਮਦਦ ਕਰਨ ਵਾਲਿਆਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਦੱਸਣਯੋਗ ਹੈ ਕਿ ਇਜ਼ਰਾਈਲ ਪਹਿਲਾਂ ਹੀ 7 ਅਕਤੂਬਰ 2023 ਦੇ ਹਮਾਸ ਦੇ ਹਮਲੇ ਦੇ ਦਰਦ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਵਿੱਚ 1,200 ਲੋਕ ਮਾਰੇ ਗਏ ਸਨ।
ਜਪਾਨ 'ਚ ਭਿਆਨਕ ਸੜਕ ਹਾਦਸਾ ! ਐਕਸਪ੍ਰੈਸਵੇਅ 'ਤੇ ਪੈ ਗਿਆ ਚੀਕ-ਚਿਹਾੜਾ
NEXT STORY