ਰੋਮ (ਕੈਂਥ)-ਇਟਲੀ ’ਚ ਕੋਵਿਡ-19 ਦੇ ਮੁਕੰਮਲ ਖ਼ਾਤਮੇ ਲਈ ਸਰਕਾਰ ਹਰ ਉਹ ਹੀਲਾ ਕਰਨ ਲਈ ਦਿਨ-ਰਾਤ ਇੱਕ ਕਰ ਰਹੀ ਹੈ, ਜਿਸ ਨਾਲ ਕਿ ਇਟਲੀ ਕੋਵਿਡ-19 ਮੁਕਤ ਹੋ ਸਕੇ। ਇਸ ਕਾਰਵਾਈ ਤਹਿਤ ਸਰਕਾਰ ਨੇ ਹੁਣ ਤੱਕ ਦੇਸ਼ ਦੀ ਆਬਾਦੀ ਦੇ 50 ਫੀਸਦੀ ਤੋਂ ਉੱਪਰ ਲੋਕਾਂ ਨੂੰ ਭਾਵ 34.9 ਮਿਲੀਅਨ ਲੋਕਾਂ ਨੂੰ ਐਂਟੀ ਕੋਵਿਡ-19 ਦਾ ਦੂਜਾ ਟੀਕਾ ਵੀ ਲਗਾ ਦਿੱਤਾ ਹੈ ਪਰ ਹਾਲੇ ਵੀ ਦੇਸ਼ ’ਚ 4-5 ਹਜ਼ਾਰ ਦੇ ਨੇੜੇ ਨਵੇਂ ਮਰੀਜ਼ ਮਿਲ ਰਹੇ ਹਨ। ਇਸ ਗਿਣਤੀ ਨੂੰ ਠੱਲ੍ਹ ਪਾਉਣ ਲਈ ਹੀ ਸਰਕਾਰ ਨੇ ਦੇਸ਼ ’ਚ ਭਾਰਤ, ਸ਼੍ਰੀਲੰਕਾ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਲੋਕਾਂ ਉੱਪਰ ਅਪ੍ਰੈਲ ਤੋਂ ਨਿਰੰਤਰ ਪਾਬੰਦੀ ਲਗਾਈ ਹੋਈ ਹੈ, ਜੋ 30 ਅਗਸਤ 2021 ਤੱਕ ਐਲਾਨੀ ਹੋਈ ਹੈ । ਹੋ ਸਕਦਾ ਹੈ ਕਿ ਸਤੰਬਰ ਤੋਂ ਭਾਰਤੀ ਤੇ ਹੋਰ ਦੇਸ਼ਾਂ ਦੇ ਲੋਕਾਂ ਲਈ ਇਟਲੀ ਆਪਣੇ ਦਰਵਾਜ਼ੇ ਖੋਲ੍ਹ ਦੇਵੇ, ਜੇਕਰ ਨਾ ਖੋਲ੍ਹੇ ਤਾਂ ਸਭ ਤੋਂ ਵੱਧ ਉਨ੍ਹਾਂ ਲੋਕਾਂ ਨੂੰ ਹੋਰ ਮੁਸੀਬਤ ਬਣ ਜਾਵੇਗੀ, ਜਿਹੜੇ ਕੰਮ ਇਟਲੀ ਕਰਦੇ ਹਨ ਤੇ ਸਾਕ-ਸਬੰਧੀਆਂ ਨੂੰ ਮਿਲਣ ਗਏ ਪਾਬੰਦੀ ਕਾਰਨ ਆਪਣੇ-ਆਪਣੇ ਦੇਸ਼ ’ਚ ਹੀ ਫਸ ਕੇ ਰਹਿ ਗਏ ਹਨ।
ਅਜਿਹੇ ਸੈਂਕੜੇ ਪਰਿਵਾਰਾਂ ਦੇ ਦਰਦ ਨੂੰ ਵੰਡਾਉਣ ਤੇ ਉਨ੍ਹਾਂ ਨੂੰ ਜਲਦ ਇਟਲੀ ਲਿਆਉਣ ਲਈ ਭਾਰਤੀ ਅੰਬੈਸੀ ਰੋਮ ਵੱਲੋਂ ਪੂਰਾ ਜ਼ੋਰ ਲਾਇਆ ਹੋਇਆ । ਕਈ ਮੀਟਿੰਗਾਂ ਇਟਲੀ ਸਰਕਾਰ ਨਾਲ ਕੀਤੀਆਂ ਜਾ ਚੁੱਕੀਆਂ ਹਨ ਤੇ ਹੁਣ ਵੀ ਕਾਰਵਾਈ ਚੱਲ ਰਹੀ ਹੈ। ਹੋ ਸਕਦਾ ਹੈ ਜਲਦ ਕੋਈ ਸਾਰਥਿਕ ਹੱਲ ਨਿਕਲ ਆਵੇ। ਇਟਲੀ ਵੱਲੋਂ ਭਾਰਤੀ ਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਉੱਪਰ ਲਗਾਈ ਪਾਬੰਦੀ ਕਾਰਨ ਕੁਝ ਭਾਰਤੀ ਯੂਰਪ ਦੇ ਹੋਰਨਾਂ ਦੇਸ਼ਾਂ ’ਚ ਦਾਖਲ ਹੋਣ ’ਚ ਕਾਮਯਾਬ ਰਹੇ ਤੇ ਇਟਲੀ ਤੋਂ ਬਾਹਰ 14 ਦਿਨ ਦਾ ਇਕਾਂਤਵਾਸ ਕੱਟ ਇਟਲੀ ਪਹੁੰਚ ਗਏ ਪਰ ਸਮੇਂ ਬਾਅਦ ਕੁਝ ਲੋਕਾਂ ਨੂੰ ਦਿੱਲੀ ਏਅਰਪੋਰਟ ਤੋਂ ਹੀ ਚੜ੍ਹਨ ਨਹੀਂ ਦਿੱਤਾ ਗਿਆ। ਇਸ ਸਾਰੇ ਮਾਮਲੇ ਨੂੰ ਭਾਂਪਦਿਆ ਕੁਝ ਨਿੱਜੀ ਉਡਾਣਾਂ ਸ਼ੁਰੂ ਹੋ ਗਈਆਂ, ਜਿਹੜੀਆਂ ਹੋਰ ਦੇਸ਼ਾਂ ਤੋਂ ਹੋ ਕੇ ਭਾਰਤੀ ਲੋਕਾਂ ਨੂੰ ਇਟਲੀ ਲਿਆਉਣ ਲਈ ਤਕਰੀਬਨ ਭਾਰਤ ਦਾ ਡੇਢ ਲੱਖ ਰੁਪਿਆ ਵਸੂਲ ਰਹੀਆਂ ਨੇ, ਜਿਸ ਰਾਹੀਂ ਲੋਕ ਆ ਵੀ ਰਹੇ ਹਨ ਪਰ ਮੁਸੀਬਤ ਉਸ ਵੇਲੇ ਬਣੀ, ਜਦੋਂ ਇਨ੍ਹਾਂ ਉਡਾਣਾਂ ਰਾਹੀਂ ਸਰਬੀਆਂ ਜਾਂ ਅਲਬਾਨੀਆਂ ਪਹੁੰਚੇ ਭਾਰਤੀ ਲੋਕਾਂ, ਜਿਹੜੇ ਉੱਥੇ 14 ਦਿਨਾਂ ਲਈ ਇਟਾਲੀਅਨ ਕਾਨੂੰਨ ਕਾਰਨ ਰੁਕੇ ਨੇ। ਉਨ੍ਹਾਂ ਆਪਣਾ ਦੁੱਖ ਸੁਣਾਉਂਦਿਆਂ ਆਪਣੇ ਨਾਲ ਹੋ ਰਹੇ ਧੱਕੇ ਦੀ ਗਾਥਾ ਸੁਣਾਈ, ਜਿਸ ’ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਤੋਂ ਸਰਬੀਆ ਜਾਂ ਅਲਬਾਨੀਆ ਰੁਕਣ ਲਈ ਹਜ਼ਾਰਾਂ ਰੁਪਏ ਲਏ ਹਨ।
ਇੱਥੇ ਇੱਕ ਕਮਰੇ ’ਚ ਤਿੰਨ-ਤਿੰਨ ਬੰਦਿਆਂ ਨੂੰ ਰੱਖਿਆ ਗਿਆ ਹੈ ਤੇ ਖਾਣਾ ਵੀ ਸਮੇਂ ਸਿਰ ਰੱਜਵਾਂ ਨਹੀਂ ਦੇ ਰਹੇ । ਵੈਸ਼ਨੂੰ ਬੰਦਿਆਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ। ਇਟਲੀ ਜਹਾਜ਼ ਰਾਹੀਂ ਲਿਜਾਣ ਦੀ ਗੱਲ ਕਰ ਕੇ ਬੱਸਾਂ ’ਚ ਖੱਜਲ ਕਰ ਕੇ ਲਿਜਾ ਰਹੇ ਹਨ। ਉਨ੍ਹਾਂ ਦੀ ਹੋਰ ਭਾਰਤੀ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਰਸਤੇ ਸੋਚ-ਵਿਚਾਰ ਕੇ ਹੀ ਆਉਣ। ਦੂਜੇ ਪਾਸੇ ਜਦੋਂ ਵਿਸ਼ੇਸ਼ ਉਡਾਣਾਂ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਲੋਕ ਉਨ੍ਹਾਂ ਕੋਲੋਂ ਦੇਸੀ ਘਿਓ ਦੇ ਪਰੌਂਠੇ ਤੇ ਵ੍ਹਿਸਕੀ ਦੀ ਬੋਤਲ ਰੋਜ਼ ਮੰਗਦੇ ਹਨ, ਜੋ ਸੰਭਵ ਨਹੀਂ। ਜਿਹੜੇ ਵੀ ਯਾਤਰੀ ਇਸ ਸਮੇਂ ਸਰਬੀਆਂ ਜਾਂ ਅਲਬਾਨੀਆ ਹਨ, ਉਨ੍ਹਾਂ ਸਭ ਨੂੰ ਪਹਿਲਾਂ ਸਭ ਜਾਣਕਾਰੀ ਦਿੱਤੀ ਸੀ ਕਿ ਉੱਥੇ ਥੋੜ੍ਹੀ ਜਿਹੀ ਪਰੇਸ਼ਾਨੀ ਹੋ ਸਕਦੀ ਹੈ। ਉਸ ਵਕਤ ਜਿਹੜੇ ਲੋਕ ਹੁਣ ਸ਼ਿਕਾਇਤ ਕਰ ਰਹੇ ਹਨ, ਉਹ ਮਿੰਨਤਾਂ ਕਰਦੇ ਸਨ ਕਿ ਜਿਸ ਤਰ੍ਹਾਂ ਵੀ ਹੋ ਸਕੇ, ਉਨ੍ਹਾਂ ਨੂੰ ਇਟਲੀ ਪਹੁੰਚਾ ਦਿਓ ਕਿਉਂਕਿ ਉਨ੍ਹਾਂ ਦੇ ਪੇਪਰਾਂ ਦੀ ਮਿਆਦ ਖਤਮ ਹੋ ਰਹੀ ਹੈ।
ਬਾਈਡੇਨ ਦਾ ਵੱਡਾ ਫੈਸਲਾ, ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਨਾਲ ਸਾਰੇ ਹਥਿਆਰ ਸੌਦੇ ਰੱਦ
NEXT STORY