ਹਾਲ ਹੀ ’ਚ ਇਕ ਮਰਦਮਸ਼ੁਮਾਰੀ ਤੋਂ ਪਤਾ ਲੱਗਾ ਹੈ ਕਿ ਚੀਨ ’ਚ ਜਨਮ ਦਰ ਘੱਟ ਹੋ ਰਹੀ ਹੈ ਤਾਂ ਚੀਨ ਦੀ ਸਰਕਾਰ ਨੇ ਵਿਆਹੁਤਾ ਜੋੜਿਆਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਿਦੱਤੀ ਹੈ। ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੁਣ ਆਬਾਦੀ ਨੂੰ ਜੰਗੀ ਪੱਧਰ ’ਤੇ ਮਹੱਤਵ ਦੇ ਰਿਹਾ ਹੈ।
ਕਿਸੇ ਦੇਸ਼ ਦੀ ਆਰਥਿਕ ਅਤੇ ਸਮਾਜਿਕ ਤਰੱਕੀ ’ਚ ਉੱਥੋਂ ਦੇ ਲੋਕਾਂ ਦੀ ਉਮਰ ਦਾ ਵੱਡਾ ਯੋਗਦਾਨ ਹੁੰਦਾ ਹੈ। ਉਦਾਹਰਣ ਦੇ ਤੌਰ ’ਤੇ ਜਿਸ ਦੇਸ਼ ਦੇ ਨਾਗਰਿਕਾਂ ਦੀ ਔਸਤ ਉਮਰ 20 ਤੋਂ 40 ਦਰਮਿਆਨ ਹੈ ਉਨ੍ਹਾਂ ਦੇਸ਼ਾਂ ’ਚ ਨਾ ਸਿਰਫ ਸੋਮਿਆਂ ਦੀ ਖਪਤ ਜ਼ਿਆਦਾ ਹੋਵੇਗੀ ਸਗੋਂ ਅਰਥਵਿਵਸਥਾ ਦੇ ਕਈ ਪਹਿਲੂਆਂ ’ਤੇ ਨੌਜਵਾਨਾਂ ਦਾ ਦਖਲ ਵੀ ਵੱਧ ਹੋਵੇਗਾ। ਸੁਭਾਵਿਕ ਹੈ ਕਿ ਆਰਥਿਕ, ਸਿਆਸੀ, ਸਮਾਜਿਕ ਅਤੇ ਆਬਾਦੀ ਵਰਗੇ ਸਾਰੇ ਮੋਰਚਿਆਂ ’ਤੇ ਇਹੀ ਵਰਗ ਸਭ ਤੋਂ ਵੱਧ ਸਰਗਰਮ ਰਹਿੰਦਾ ਹੈ। ਇਹੀ ਕਾਰਨ ਹੈ ਕਿ ਲੰਬੇ ਸਮੇਂ ਦੇ ਝਰੋਖੇ ’ਚ ਦੇਖੀਏ ਤਾਂ ਭਾਰਤ 2050 ਤੱਕ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਕੇ ਉੱਭਰ ਸਕਦਾ ਹੈ।
ਪਰ ਇਸ ਮਾਮਲੇ ’ਚ ਚੀਨ ਪੱਛੜਦਾ ਦਿਸ ਰਿਹਾ ਹੈ। ਮਈ 2021 ’ਚ ਚੀਨ ਨੇ ਆਪਣੀ ਆਬਾਦੀ ਸਬੰਧੀ ਰਾਸ਼ਟਰੀ ਆਬਾਦੀ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ 2020 ’ਚ ਲਗਾਤਾਰ ਚੌਥੇ ਸਾਲ ਬੱਚਿਆਂ ਦੀ ਜਨਮ ਦਰ ’ਚ ਕਮੀ ਆਈ ਹੈ। ਇਹ ਵੀ ਕਿਹਾ ਗਿਆ ਹੈ ਕਿ 2020 ’ਚ 60 ਸਾਲ ਤੋਂ ਉਪਰ ਦੇ ਲੋਕਾਂ ਦੀ ਗਿਣਤੀ 26.4 ਕਰੋੜ ਰਹੀ ਹੈ ਜੋ ਕੁੱਲ ਆਬਾਦੀ ਦਾ 18.7 ਹੈ। 2025 ਤੱਕ ਇਹ ਅੰਕੜਾ 30 ਕਰੋੜ ਨੂੰ ਟੱਪ ਜਾਵੇਗਾ।
ਸਿਰਫ ਇਕ ਤਿਹਾਈ ਨੌਜਵਾਨਾਂ ਨਾਲ ਕਿਵੇਂ ਚੱਲੇਗਾ ਕੰਮ
ਅੰਕੜਿਆਂ ਅਤੇ ਅਰਥਵਿਵਸਥਾ ’ਤੇ ਨਜ਼ਰ ਰੱਖਣ ਵਾਲਿਆਂ ਦੀ ਮੰਨੀਏ ਤਾਂ 2050 ਤੱਕ ਚੀਨ ਦੀ ਆਬਾਦੀ ਦਾ 60 ਫੀਸਦੀ ਹਿੱਸਾ 60 ਸਾਲ ਦੀ ਉਮਰ ਪਾਰ ਕਰ ਚੁੱਕਾ ਹੋਵੇਗਾ। ਇਹ ਆਮ ਗੱਲ ਨਹੀਂ ਹੈ। ਜੇਕਰ ਲਗਭਗ ਦੋ ਤਿਹਾਈ ਆਬਾਦੀ ਰਿਟਾਇਰਮੈਂਟ ਦੀ ਉਮਰ ਨੂੰ ਛੂਹੇਗੀ ਤਾਂ ਮੈਨੂਫੈਕਚਰਿੰਗ ਸੈਕਟਰ, ਭਾਰੀ ਉਦਯੋਗਾਂ ਅਤੇ ਰੱਖਿਆ ਖੇਤਰ ’ਚ ਕੰਮ ਕਿਵੇਂ ਚੱਲੇਗਾ।
ਇਹ 60 ਫੀਸਦੀ ਜਨਤਾ ਸਿਹਤ ਸਹੂਲਤਾਂ ਅਤੇ ਬੀਮੇ ਵਰਗੇ ਮਸਲਿਆਂ ’ਤੇ ਵੀ ਥੋੜ੍ਹੀ ਕਮਜ਼ੋਰ ਪੈ ਸਕਦੀ ਹੈ। ਇਨ੍ਹਾਂ ਸਾਰੀਆਂ ਕਿਆਸਅਰਾਈਆਂ ਅਤੇ ਪ੍ਰੋਜੈਕਸ਼ਨਾਂ ਨੇ ਚੀਨ ਦੇ ਨੀਤੀ ਘਾੜਿਆਂ ਨੂੰ ਸੋਚੀਂ ਪਾ ਦਿੱਤਾ ਹੈ। ਜਾਣਕਾਰ ਮੰਨਦੇ ਹਨ ਕਿ ਦੇਸ਼ ਦੇ ਸਭ ਤੋਂ ਵੱਡੇ ਵਪਾਰਕ ਕੇਂਦਰ ਸ਼ੰਘਾਈ ’ਚ ਇਹ ਸਮੱਸਿਆ ਪਹਿਲਾਂ ਹੀ ਘਰ ਕਰ ਚੁੱਕੀ ਹੈ।ਅੰਕੜਿਆਂ ਅਨੁਸਾਰ 2021 ’ਚ ਹੀ ਨੌਜਵਾਨਾਂ ਦੀ ਗਿਣਤੀ ਅੱਧੇ ਤੋਂ ਘੱਟ ਹੋ ਚੁੱਕੀ ਹੈ।
ਲੰਬੇ ਸਮੇਂ ਦੇ ਝਰੋਖੇ ’ਚ ਦੇਖਿਆ ਜਾਵੇ ਤਾਂ ਸਾਫ ਹੈ ਕਿ ਚੀਨ ਦੀ ਨੌਜਵਾਨ ਪੀੜ੍ਹੀ ਜੋ ਅੱਜ ਸਭ ਤੋਂ ਸਰਗਰਮ ਹੈ ਅਤੇ ਸ਼ਾਇਦ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਹਮਲਾਵਰ ਨੀਤੀਆਂ ਦੀ ਨੀਂਹ ’ਚ ਵੀ ਵਸੀ ਹੈ, ਉਹੀ ਪੀੜ੍ਹੀ ਜਦੋਂ ਰਿਟਾਇਰਮੈਂਟ ਦੀਆਂ ਬਰੂਹਾਂ ’ਤੇ ਖੜ੍ਹੀ ਹੋਵੇਗੀ ਤਾਂ ਉਸ ਦੇ ਸਿਆਸੀ ਅਤੇ ਸਮਾਜਿਕ ਨਤੀਜੇ ਵੀ ਵੱਡੇ ਹੋਣਗੇ। ਇਨ੍ਹਾਂ ਨਤੀਜਿਆਂ ਦੀਆਂ ਚਿੰਤਾਵਾਂ ਨੇ ਚੀਨ ਦੇ ਨੀਤੀ ਘਾੜਿਆਂ ਦੀਆਂ ਰਾਤਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ।
ਇਹ ਮੁੱਦਾ ਕੌਮਾਂਤਰੀ ਵਿਵਸਥਾ ਦੇ ਭਵਿੱਖ ਨਾਲ ਵੀ ਜੁੜਿਆ ਹੋਇਆ ਹੈ। ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਮਹਾਸ਼ਕਤੀਆਂ, ਚੀਨ ਅਤੇ ਅਮਰੀਕਾ ਦੋਵਾਂ ਲਈ ਇਹ ਮਹੱਤਵਪੂਰਨ ਮੁੱਦਾ ਹੈ ਕਿਉਂਕਿ ਹੌਲੀ-ਹੌਲੀ ਇਹ ਸਾਫ ਹੋ ਚੱਲਿਆ ਹੈ ਕਿ ਆਉਣ ਵਾਲੇ ਸਮੇਂ ’ਚ ਇਨ੍ਹਾਂ ਦੇਸ਼ਾਂ ਦਰਮਿਆਨ ਗਲਬੇ ਦੀ ਲੜਾਈ ਪਹਿਲਾਂ ਨਾਲੋਂ ਕਿਤੇ ਵੱਧ ਸਖਤ ਅਤੇ ਤੇਜ਼ ਰਫਤਾਰ ਹੋ ਜਾਵੇਗੀ।
ਬੁੱਢਾ ਹੁੰਦਾ ਚੀਨ
ਚੀਨ ਦੀ ਅਮਰੀਕਾ ਨਾਲ ਵਧਦੀ ਮੁਕਾਬਲੇਬਾਜ਼ੀ ਕਿਸੇ ਤੋਂ ਲੁਕੀ ਨਹੀਂ ਹੈ। ਪਿਛਲੇ ਕੁਝ ਸਾਲਾਂ ਤੋਂ ਚੀਨ ਅਮਰੀਕਾ ਨਾਲ ਖੁੱਲ੍ਹ ਕੇ ਮੁਕਾਬਲੇਬਾਜ਼ੀ ਕਰਨ ਦੀ ਰਾਹ ’ਤੇ ਚੱਲ ਰਿਹਾ ਹੈ। ਇਸ ਸਦੀ ਦੇ ਦੂਸਰੇ ਦਹਾਕੇ ਤੋਂ ਇਹ ਵਰਤਾਰਾ ਸ਼ੁਰੂ ਹੋਇਆ। ਓਬਾਮਾ ਦੇ ਸਮੇਂ ਤਾਂ ਇਸ ਮੁਕਾਬਲੇਬਾਜ਼ੀ ਨੂੰ ਕੁਝ ਸਮੇਂ ਤੱਕ ਚੰਗਾ ਅਤੇ ਹਾਂਪੱਖੀ ਵੀ ਮਾਪਿਆ ਗਿਆ ਪਰ ਸ਼ੀ ਜਿਨਪਿੰਗ ਦੇ ਚੀਨ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਤੋਂ ਚੀਨ ਦੇ ਵਤੀਰੇ ’ਚ ਦ੍ਰਿੜ੍ਹਤਾ ਅਤੇ ਹਮਲਾਵਰਪੁਣਾ ਦੋਵਾਂ ਹੀ ਪਹਿਲੂਆਂ ’ਚ ਬੜੀਆਂ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ।
ਚੀਨ ਦੀਆਂ ਬਦਲਦੀਆਂ ਨੀਤੀਆਂ ਤੋਂ ਅਮਰੀਕਾ ਦੀਆਂ ਇੱਛਾਵਾਂ ਵਧੀਆਂ ਹਨ ਅਤੇ ਅੱਜ ਅਮਰੀਕਾ ਵੀ ਚੀਨ ਨੂੰ ਆਪਣੇ ਗਲਬੇ ਲਈ ਬੜੀ ਦੂਰ ਤੱਕ ਖਤਰਾ ਮੰਨਣ ਲੱਗਾ ਹੈ। ਚੀਨ ਦੀ ਇਸ ਨਵੀਂ ਮਰਦਮਸ਼ੁਮਾਰੀ ਤੋਂ ਅਮਰੀਕਾ ਅਤੇ ਪੱਛਮ ਦੀਆਂ ਚਿੰਤਾਵਾਂ ਕੁਝ ਘੱਟ ਤਾਂ ਹੋਈਆਂ ਹੋਣਗੀਆਂ। ਖਾਸ ਤੌਰ ’ਤੇ ਪੱਛਮ ਦੇ ਮੁਕਾਬਲੇ ਚੀਨ ’ਚ ਕੰਮ ਕਰਨ ਦੀ ਉਮਰ ਦੇ ਲੋਕ 2050 ਤੱਕ ਕਾਫੀ ਘੱਟ ਹੋਣਗੇ। ਫਿਲਹਾਲ, ਹੁਣ ਜਦਕਿ ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਦਾ ਇਸ ਮੁਕਾਮ ’ਤੇ ਪਹੁੰਚਣਾ ਤੈਅ ਹੀ ਸੀ ਤਾਂ ਤਿੰਨ ਵੱਡੇ ਸਵਾਲ ਸਾਹਮਣੇ ਆਉਂਦੇ ਹਨ।
ਪਹਿਲਾ ਇਹ ਕਿ ਚੀਨ ਇੱਥੇ ਪਹੁੰਚਿਆ ਕਿਵੇਂ? ਇਸ ਸਵਾਲ ਦਾ ਜਵਾਬ ਮਿਲਣਾ ਔਖਾ ਨਹੀਂ ਹੈ। 1978 ’ਚ ਜਦੋਂ ਡੇਂਗ ਸ਼ਿਆਓਪਿੰਗ ਚੀਨ ਦੀ ਸਰਕਾਰ ਦੇ ਮੁਖੀ ਸਨ ਤਦ ਉਨ੍ਹਾਂ ਨੇ ਦੇਸ਼ ’ਚ ਤੇਜ਼ੀ ਨਾਲ ਵਧਦੀ ਆਬਾਦੀ ’ਤੇ ਰੋਕ ਲਾਉਣ ਲਈ ਇਹ ਨਿਯਮ ਲਾਗੂ ਕਰ ਦਿੱਤਾ ਕਿ ਦੇਸ਼ ’ਚ ਜੋੜਿਆਂ ਨੂੰ ਇਕ ਤੋਂ ਵੱਧ ਬੱਚਾ ਪੈਦਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਵਿਵਸਥਾ ’ਚ ਇਕ ਛੋਟ ਇਹ ਜ਼ਰੂਰ ਸੀ ਕਿ ਪਿੰਡਾਂ ਅਤੇ ਛੋਟੇ ਕਸਬਿਆਂ ’ਚ ਰਹਿਣ ਵਾਲੇ ਉਹ ਜੋੜੇ ਜਿਨ੍ਹਾਂ ਦੀ ਪਹਿਲੀ ਔਲਾਦ ਲੜਕੀ ਹੋਵੇ, ਉਨ੍ਹਾਂ ਨੂੰ ਇਕ ਹੋਰ ਬੱਚਾ ਪੈਦਾ ਕਰਨ ਦੀ ਲੋੜ ਹੈ। ਘੱਟਗਿਣਤੀ ਭਾਈਚਾਰਿਆਂ ਨੂੰ ਵੀ ਕਈ ਛੋਟਾਂ ਦਿੱਤੀਆਂ ਗਈਆਂ ਸਨ। ਉਂਝ ਤਾਂ ਇਸ ਵਿਵਸਥਾ ਨੂੰ ਪੂਰੇ ਦੇਸ਼ ’ਚ ਲਾਗੂ ਕਰਨ ’ਚ ਕਈ ਸਾਲ ਲੱਗੇ ਪਰ ਹੌਲੀ-ਹੌਲੀ ਚੀਨ ਦੇ ਲੋਕਾਂ ਨੇ ਇਸ ਨੀਤੀ ਨੂੰ ਆਪਣੀ ਜ਼ਿੰਦਗੀ ’ਚ ਉਤਾਰ ਲਿਆ।
ਰਾਸ਼ਟਰਪਤੀ ਸ਼ੀ ਜਿਨਪਿੰਗ ਚਾਹੁੰਦੇ ਹਨ ਕਿ ਚੀਨੀ ਹੋਰ ਬੱਚੇ ਪੈਦਾ ਕਰਨ : ਵਰ੍ਹਿਆਂ ਤੋਂ ਚੱਲੀ ਆ ਰਹੀ ਪ੍ਰੰਪਰਾ ਸੌਖਿਆਂ ਜਾਣ ਵਾਲੀ ਨਹੀਂ ਹੈ। ਇਹ ਲਾਜ਼ਮੀ ਵੀ ਹੈ। ਅੰਕੜਿਆਂ ਅਨੁਸਾਰ 2020 ’ਚ ਚੀਨੀ ਬੱਚਿਆਂ ਦੀ ਪੈਦਾਇਸ਼ ਦੇ ਅੰਕੜਿਆਂ ’ਚ 15 ਫੀਸਦੀ ਦੀ ਕਮੀ ਆਈ ਹੈ। 2021 ਦੀ ਮਰਦਮਸ਼ੁਮਾਰੀ ਦੇ ਅੰਕੜੇ ਵੀ ਕਹਿੰਦੇ ਹਨ ਕਿ 2000-2010 ਦੇ ਦਹਾਕੇ ’ਚ ਆਬਾਦੀ ਵਾਧੇ ਦੀ ਜੋ ਦਰ 0.57 ਫੀਸਦੀ ਸੀ, ਉਹ ਪਿਛਲੇ ਦਹਾਕੇ ’ਚ ਘੱਟ ਕੇ 0.53 ਫੀਸਦੀ ਹੋ ਗਈ ਹੈ। ਇਕ ਬੱਚੇ ਦੇ ਹੋਣ ਨਾਲ ਜੋੜਿਆਂ ’ਤੇ ਸਮਾਜਿਕ ਅਤੇ ਆਰਥਿਕ ਬੋਝ ਤਾਂ ਘੱਟ ਹੋਇਆ ਹੀ ਹੈ।
ਰਿਹਾਇਸ਼ੀ ਇਲਾਕਿਆਂ ’ਚ ਵਧਦੀ ਮਹਿੰਗਾਈ, ਮਹਿੰਗੇ ਘਰ, ਤੇਜ਼ੀ ਨਾਲ ਸੁਧਰੇ ਜ਼ਿੰਦਗੀ ਦੇ ਪੱਧਰ ਅਤੇ ਨਤੀਜੇ ਵਜੋਂ ਵਧੇ ਖਰਚਿਆਂ ਅਤੇ ਮਹਿੰਗੀ ਸਿੱਖਿਆ ਨੇ ਇਕ ਆਮ ਚੀਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਵਿਦੇਸ਼ ’ਚ ਪੜ੍ਹਨ ਦੇ ਮਾਮਲੇ ’ਚ ਚੀਨੀ ਵਿਦਿਆਰਥੀਆਂ ਦੀ ਗਿਣਤੀ ਦੁਨੀਆ ’ਚ ਸਭ ਤੋਂ ਵੱਧ ਹੈ। ਅਮਰੀਕਾ ਹੋਵੇ ਜਾਂ ਆਸਟ੍ਰੇਲੀਆ, ਕੈਨੇਡਾ ਹੋਵੇ ਜਾਂ ਮਲੇਸ਼ੀਆ ਹਰ ਥਾਂ ਚੀਨੀ ਵਿਦਿਆਰਥੀ ਵਿਦੇਸ਼ੀ ਕੋਟੇ ’ਚ ਸਭ ਤੋਂ ਉਪਰ ਹਨ।
ਵਧਦੀ ਮਹਿੰਗਾਈ ਦੇ ਕਈ ਨੁਕਸਾਨਾਂ ’ਚ ਇਕ ਵੱਡਾ ਨੁਕਸਾਨ ਹੈ ਚੀਨ ’ਚ ਮਜ਼ਦੂਰਾਂ ਅਤੇ ਕਰਮਚਾਰੀਆਂ ਦੇ ਭੱਤੇ ਅਤੇ ਤਨਖਾਹ ’ਚ ਵਾਧਾ ਅਤੇ ਨਤੀਜੇ ਵਜੋਂ ਕੰਪਨੀਆਂ ਦੀ ਸਸਤੀ ਮਜ਼ਦੂਰੀ ਲੱਭਣ ਦੀ ਕਵਾਇਦ। ਕੰਬੋਡੀਆ ਅਤੇ ਵੀਅਤਨਾਮ ’ਚ ਚੀਨੀ ਫੈਕਟਰੀਆਂ ਦੇ ਲੱਗਣ ਦੇ ਪਿੱਛੇ ਸਸਤੀ ਮਜ਼ਦੂਰੀ ਇਕ ਵੱਡਾ ਕਾਰਕ ਹੈ। ਅਜਿਹੇ ’ਚ ਚੀਨ ਦੇ ਸਾਹਮਣੇ ਇਕ ਉਪਾਅ ਇਹੀ ਹੈ ਕਿ ਆਪਣੀ ਮੈਨੂਫੈਕਚਰਿੰਗ ਅਤੇ ਸਾਰੇ ਉੱਦਮਾਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰੇ। ਚੀਨ ਕਦੋਂ ਤੱਕ ਅਜਿਹਾ ਕਰਨ ’ਚ ਸਮਰੱਥ ਹੋ ਸਕੇਗਾ, ਇਹ ਤਾਂ ਸਮਾਂ ਹੀ ਦੱਸੇਗਾ।
ਜਿੱਥੋਂ ਤੱਕ ਦੂਸਰੇ ਅਤੇ ਇਸ ਹਾਲਤ ਤੋਂ ਚੀਨ ਦੇ ਬਾਹਰ ਨਿਕਲ ਸਕਣ ਦੀਆਂ ਸੰਭਾਵਨਾਵਾਂ ਦਾ ਸਵਾਲ ਹੈ ਤਾਂ ਇੱਥੇ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਚੀਨ ਦੀਆਂ ਇਹ ਚਿੰਤਾਵਾਂ ਨਵੀਆਂ ਨਹੀਂ ਹਨ। ਚੀਨ ਨੇ 2015 ’ਚ ਹੀ ਵਨ ਚਾਈਲਡ ਨੀਤੀ ਨੂੰ ਰੱਦ ਕਰ ਕੇ ਦੋ ਬੱਚਿਆਂ ਦੀ ਨੀਤੀ ਲਾਗੂ ਕਰ ਦਿੱਤੀ ਸੀ। ਇਸ ਤਬਦੀਲੀ ਦੇ ਪਿੱਛੇ ਸਾਲਾਂ ਤੋਂ ਬੜੇ ਹਾਂਪੱਖੀ ਨਤੀਜੇ ਨਹੀਂ ਆਏ ਹਨ।
ਆਬਾਦੀ ਦੇ ਮਾਮਲੇ ’ਚ ਚੀਨ ਨੂੰ ਪਛਾੜ ਦੇਵੇਗਾ ਭਾਰਤ:ਚੀਨ ਦੇ ਆਬਾਦੀ ਸਬੰਧੀ ਮਾਹਿਰਾਂ ਨੇ ਆਪਣੇ ਅਧਿਐਨ ’ਚ ਦਾਅਵਾ ਕੀਤਾ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਦੇ ਅਨੁਮਾਨ ਤੋਂ ਪਹਿਲਾਂ ਹੀ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਭਾਰਤ 2027 ਤੱਕ ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ ਪਰ ਹੁਣ ਅਧਿਐਨ ’ਚ ਇਸ ਤੋਂ ਪਹਿਲਾਂ ਇਹ ਹੋਣ ਦਾ ਮੁਲਾਂਕਣ ਕੀਤਾ ਗਿਆ ਹੈ।
ਕਰਜ਼ਾਧਾਰਕਾਂ ਨੂੰ ਨਹੀਂ ਮਿਲੀ ਰਾਹਤ, RBI ਨੇ ਰੈਪੋ ਰੇਟ 4% 'ਤੇ ਰੱਖੀ ਬਰਕਰਾਰ
NEXT STORY