ਭਾਰਤ ਨੂੰ ਆਪਣੀ ਨੌਜਵਾਨ ਆਬਾਦੀ ’ਤੇ ਮਾਣ ਹੈ, ਇਕ ਅਜਿਹਾ ਦੇਸ਼ ਜਿਸ ਦੀ ਔਸਤ ਉਮਰ 30 ਸਾਲ ਤੋਂ ਘੱਟ ਹੈ ਅਤੇ ਜਿਸ ਨੂੰ ਦੁਨੀਆ ਦੀ ਸਭ ਤੋਂ ਨੌਜਵਾਨ ਅਤੇ ਊਰਜਾਵਾਨ ਵਰਕ ਫੋਰਸ ਵਜੋਂ ਦੇਖਿਆ ਜਾਂਦਾ ਹੈ ਪਰ ਇਸ ਮਾਣ ਦੇ ਪਿੱਛੇ ਇਕ ਹੋਰ ਸੱਚਾਈ ਡੂੰਘੀ ਹੋ ਰਹੀ ਹੈ ਕਿ ਭਾਰਤ ਤੇਜ਼ੀ ਨਾਲ ਬੁੱਢਾ ਵੀ ਹੋ ਰਿਹਾ ਹੈ। ਸਾਲ 2022 ’ਚ ਦੇਸ਼ ’ਚ 60 ਸਾਲ ਤੋਂ ਵੱਧ ਉਮਰ ਦੇ ਲਗਭਗ 14.9 ਕਰੋੜ ਨਾਗਰਿਕ ਕੁੱਲ ਆਬਾਦੀ ਦਾ ਲਗਭਗ 10.5 ਫੀਸਦੀ ਸਨ। ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂ. ਐੱਨ. ਪੀ. ਐੱਫ. ਏ.) ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2036 ਤੱਕ ਇਹ ਗਿਣਤੀ 23 ਕਰੋੜ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਭਾਵ 15 ਫੀਸਦੀ ਤੋਂ ਵੱਧ ਆਬਾਦੀ ਬਜ਼ੁਰਗਾਂ ਦੀ ਹੋਵੇਗੀ। ਸਾਲ 2047 ’ਚ ਵਿਕਸਤ ਭਾਰਤ ਦਾ ਟੀਚਾ ਹਾਸਲ ਕਰਨ ਤੱਕ ਬਜ਼ੁਰਗਾਂ ਦੀ ਗਿਣਤੀ 34.7 ਕਰੋੜ ਤੱਕ ਪਹੁੰਚ ਸਕਦੀ ਹੈ, ਜੋ ਅੱਜ ਦੇ ਅਮਰੀਕਾ ਦੀ ਆਬਾਦੀ ਤੋਂ ਵੀ ਵੱਧ ਹੋਵੇਗੀ। ਦੁਨੀਆ ਦੇ ਹਰ 6 ਬਜ਼ੁਰਗਾਂ ’ਚ ਇਕ ਭਾਰਤੀ ਹੋਵੇਗੀ।
ਤੇਜ਼ੀ ਨਾਲ ਹੁੰਦੇ ਇਸ ਬਦਲਾਅ ’ਚ ਭਾਰਤ ਦੇ ਨੌਜਵਾਨ ਦੇਸ਼ ਵਾਲੇ ਅਕਸ ਨੂੰ ਹੁਣ ਵਧਦੀ ਬਜ਼ੁਰਗ ਆਬਾਦੀ ਲਈ ਥਾਂ ਬਣਾਉਣੀ ਹੋਵੇਗੀ। ਸਵਾਲ ਇਹ ਹੈ ਕਿ ਭਾਰਤ ਇਸ ਬਦਲਾਅ ਦਾ ਸਾਹਮਣਾ ਕਿਵੇਂ ਕਰੇਗਾ। ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਿਗਆ ਤਾਂ ਇਹ ਆਰਥਿਕ ਅਤੇ ਸਮਾਜਿਕ ਵਿਵਸਥਾ ’ਤੇ ਭਾਰ ਪਾ ਸਕਦਾ ਹੈ ਪਰ ਸਹੀ ਢੰਗ ਨਾਲ ਸੰਭਾਲਿਆ ਗਿਆ ਤਾਂ ਇਹੀ ਬਦਲਾਅ ਭਾਰਤ ਲਈ ‘ਸਿਲਵਰ ਇਕਾਨਮੀ’ ਭਾਵ ਨਵੀਂ ਆਰਥਿਕ ਤਾਕਤ ਬਣ ਸਕਦਾ ਹੈ।
ਨਿਰਭਰਤਾ ਨਾਲ ਵਿਕਾਸ ਦੀ ਦਿਸ਼ਾ : ਦੁਨੀਆ ਭਰ ’ਚ ਵਧਦੀ ਉਮਰ ਨੂੰ ਅਕਸਰ ਕਮਜ਼ੋਰ ਅਰਥਵਿਵਸਥਾ, ਘਟਦੀ ਵਰਕ ਫੋਰਸ ਅਤੇ ਵਧਦੇ ਪੈਨਸ਼ਨ ਬੋਝ ਦੇ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ। ਜਾਪਾਨ, ਇਟਲੀ ਤੇ ਜਰਮਨੀ ਵਰਗੇ ਦੇਸ਼ਾਂ ਦਾ ਤਜਰਬਾ ਦੱਸਦਾ ਹੈ ਕਿ ਜੇਕਰ ਇਸ ਬਦਲਾਅ ’ਤੇ ਸਹੀ ਢੰਗ ਨਾਲ ਪਾਬੰਦੀ ਨਾ ਲਾਈ ਗਈ ਤਾਂ ਇਹ ਵਿਕਾਸ ਨੂੰ ਮੱਠਾ ਕਰ ਸਕਦੀ ਹੈ ਪਰ ਤਸਵੀਰ ਦਾ ਦੂਜਾ ਪਹਿਲੂ ਵੀ ਹੈ।
ਵਿਸ਼ਵ ਪੱਧਰ ’ਤੇ ਸਿਲਵਰ ਇਕਾਨਮੀ ਅੱਜ ਖਰਬਾਂ ਡਾਲਰ ਦੇ ਕਾਰੋਬਾਰ, ਰੋਜ਼ਗਾਰ ਅਤੇ ਇਨੋਵੇਸ਼ਨ ਨਾਲ ਜੁੜੀ ਹੈ। ਬਜ਼ੁਰਗ ਸਿਰਫ ਆਸ਼ਰਿਤ ਨਹੀਂ, ਉਹ ਸਿਹਤ ਸੇਵਾਵਾਂ, ਬੀਮਾ, ਰਿਹਾਇਸ਼ੀ, ਮੰਨੋਰਜਨ, ਵਿੱਤੀ ਸੇਵਾਵਾਂ ਅਤੇ ਡਿਜੀਟਲ ਸਹੂਲਤਾਂ ਵਰਗੇ ਖੇਤਰਾਂ ’ਤੇ ਤੇਜ਼ੀ ਨਾਲ ਵਧਦੇ ਕੰਜ਼ਿਊਮਰ ਵੀ ਹਨ।
ਭਾਰਤ ਲਈ ਇਹ ਕਹਾਣੀ ਅਜੇ ਸ਼ੁਰੂ ਹੋਈ ਹੈ। ਰਿਪੋਰਟ ਅਨੁਸਾਰ ਆਉਣ ਵਾਲੇ ਸਾਲਾਂ ’ਚ ਭਾਰਤ ਦਾ ‘ਸੀਨੀਅਰ ਲੀਵਿੰਗ’ ਅਤੇ ‘ਸੀਨੀਅਰ ਕੇਅਰ’ ਬਾਜ਼ਾਰ ਤਿੰਨ ਤੋਂ ਚਾਰ ਗੁਣਾ ਤੱਕ ਵਧ ਸਕਦਾ ਹੈ ਅਤੇ ਅਗਲੇ ਦਹਾਕੇ ’ਚ ਇਸ ਦਾ ਆਕਾਰ 30 ਤੋਂ 50 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਸਕਦਾ ਹੈ। ਅਸਲੀ ਬਦਲਾਅ ਉਦੋਂ ਆਵੇਗਾ ਜਦੋਂ ਬਜ਼ੁਰਗਾਂ ਨੂੰ ਸਰਗਰਮ ਖਪਤਕਾਰ ਅਤੇ ਉੱਦਮੀ ਦੇ ਰੂਪ ’ਚ ਪਛਾਣਿਆ ਜਾਵੇਗਾ। ਵਿਕਸਤ ਭਾਰਤ ਦੇ ਇਹ ਸੀਨੀਅਰ ਨਾਗਰਿਕ ਪਹਿਲਾਂ ਤੋਂ ਕਿਤੇ ਵੱਧ ਤੰਦਰੁਸਤ, ਪੜ੍ਹੇ-ਲਿਖੇ ਅਤੇ ਡਿਜੀਟਲ ਤੌਰ ’ਤੇ ਸੂਝਵਾਨ ਅਤੇ ਸਮਰੱਥ ਹੋਣਗੇ। ਉਨ੍ਹਾਂ ਕੋਲ ਦਹਾਕਿਆਂ ਦਾ ਤਜਰਬਾ, ਬੱਚਤ ਅਤੇ ਸਮਾਜਿਕ ਪੂੰਜੀ ਹੋਵੇਗੀ। ਜੇਕਰ ਸਰਕਾਰ ਸਹੀ ਨੀਤੀਆਂ ਰਾਹੀਂ ਇਨ੍ਹਾਂ ਤਜਰਬੇ ਅਤੇ ਹੁਨਰ ਦੇ ਭੰਡਾਰ ਨੂੰ ਸਹੀ ਦਿਸ਼ਾ ਦੇਵੇ ਤਾਂ ਇਹ ਭਾਰਤ ਦੀ ਅਰਥਵਿਵਸਥਾ ਲਈ ਇਕ ਨਵੀਂ ਸ਼ਕਤੀ ਬਣ ਸਕਦੇ ਹਨ।
60-69 ਸਾਲ ਦੇ ਲੋਕਾਂ ਦੀ ਕੰਮ ਕਰਨ ਦੀ ਉਮਰ ਨੂੰ ਸਿਰਫ 5 ਸਾਲ ਵੀ ਵਧਾ ਦਿੱਤਾ ਜਾਵੇ ਤਾਂ ਇਹ ਘਟਦੀ ਸਕਿੱਲਡ ਵਰਕ ਫੋਰਸ ਦੀ ਪੂਰਤੀ ਕਰ ਸਕਦੇ ਹਨ। ਮਾਮੂਲੀ ਕੰਮ, ਪੜਾਅਬੱਧ ਸੇਵਾਮੁਕਤੀ ਜਾਂ ਪ੍ਰਾਜੈਕਟ ਆਧਾਰਿਤ ਭੂਮਿਕਾਵਾਂ ਬਜ਼ੁਰਗਾਂ ਨੂੰ ਸਰਗਰਮ ਬਣਾਈ ਰੱਖਦੇ ਹੋਏ ਨੌਜਵਾਨਾਂ ਦੀ ਮਾਰਗਦਰਸ਼ਕ ਬਣ ਸਕਦੀਆਂ ਹਨ। ਬਜ਼ੁਰਗ ਨੌਜਵਾਨਾਂ ਦੀਆਂ ਨੌਕਰੀਆਂ ਨਹੀਂ ਖੋਹਣਗੇ ਸਗੋਂ ਤਜਰਬਾ, ਨੈਤਿਕਤਾ, ਫੈਸਲਾ ਸਮਰੱਥਾ ਅਤੇ ਸੰਸਥਾਗਤ ਗਿਆਨ ਦੇ ਖੇਤਰਾਂ ’ਚ ਨੌਜਵਾਨਾਂ ਦੀ ਬਿਹਤਰੀ ਲਈ ਸਹਿਯੋਗੀ ਸਾਬਤ ਹੋਣਗੇ।
‘ਸਿਲਵਰ ਇੰਟਰਪ੍ਰਨਿਓਰਸ਼ਿਪ’ ਵੀ ਇਕ ਵੱਡਾ ਮੌਕਾ ਹੈ। ਤਜਰਬੇਕਾਰ ਪੇਸ਼ੇਵਰ ਜਿਨ੍ਹਾਂ ਕੋਲ ਨੈੱਟਵਰਕ, ਪੂੰਜੀ ਅਤੇ ਸਮਝ ਹੈ, ਉਹ ਮੈਨੂਫੈਕਚਰਿੰਗ ਤੋਂ ਲੈ ਕੇ ਸਰਵਿਸ ਸੈਕਟਰ ਖਾਸ ਕਰ ਕੇ ਤਕਨਾਲੋਜੀ ਆਧਾਰਿਤ ਖੇਤਰਾਂ ’ਚ ਨਵੇਂ ਕਾਰੋਬਾਰ ਸ਼ੁਰੂ ਕਰ ਸਕਦੇ ਹਨ, ਜਿਸ ਨਾਲ ਰੋਜ਼ਗਾਰ ਅਤੇ ਇਨੋਵੇਸ਼ਨ ਦੋਹਾਂ ਨੂੰ ਹੁਲਾਰਾ ਮਿਲੇਗਾ। ਉਦਾਹਰਣ ਲਈ ਦੁਨੀਆ ਭਰ ’ਚ ਫੈਲੀ ਅਮਰੀਕੀ ਫਾਸਟ ਫੂਡ ਰੈਸਟੋਰੈਂਟ ਚੇਨ ਕੇ. ਐੱਫ. ਸੀ. ਦੇ ਫਾਊਂਡਰ ਹਾਰਲੈਂਡ ਡੇਵਿਡ ਸੈਂਡਰਸ ਨੇ 62 ਸਾਲ ਦੀ ਉਮਰ ’ਚ ਕੇ. ਐੱਫ. ਸੀ. ਦੀ ਨੀਂਹ ਰੱਖੀ। ਅਜਿਹੇ ਬਜ਼ੁਰਗ ਕਾਰੋਬਾਰੀਆਂ ਦੀ ਸਫਲਤਾ ਦੀਆਂ ਕਹਾਣੀਆਂ ਨੌਜਵਾਨਾਂ ਲਈ ਸਬਕ ਹਨ।
ਮੈਕਿੰਜ਼ੇ ਹੈਲਥ ਇੰਸਟੀਚਿਊਟ ਦੀ ਰਿਸਰਚ ਅਨੁਸਾਰ ‘ਸਿਲਵਰ ਇਕਾਨਮੀ’ ’ਤੇ ਖਰਚ ਕੀਤਾ ਗਿਆ ਹਰ ਇਕ ਰੁਪਇਆ ਤਿੰਨ ਗੁਣਾ ਲਾਭ ਦਿੰਦਾ ਹੈ। ਇਸ ਲਈ ਬਜ਼ੁਰਗਾਂ ਦੀਆਂ ਬੀਮਾਰੀਆਂ ਦੀ ਰੋਕਥਾਮ ਆਧਾਰਿਤ ਸਿਹਤ ਸੇਵਾਵਾਂ, ਕਮਿਊਨਿਟੀ ਵੈੱਲਨੈੱਸ ਸੈਂਟਰਾਂ, ਪੋਸ਼ਣ ਪ੍ਰੋਗਰਾਮਾਂ ਅਤੇ ਸਸਤੀਆਂ ਡਿਜੀਟਲ ਹੈਲਥ ਸੇਵਾਵਾਂ ’ਚ ਨਿਵੇਸ਼ ਦੀ ਵਿਸ਼ੇਸ਼ ਨੀਤੀ ਅਪਣਾਉਣੀ ਹੋਵੇਗੀ।
ਮੁਕੰਮਲ ਈਕੋ-ਸਿਸਟਮ ਦੀ ਲੋੜ : ਸਿਲਵਰ ਇਕਾਨਮੀ ਸਿਰਫ ਸਿਹਤ ਸੇਵਾਵਾਂ ਦੀ ਬਿਹਤਰੀ ਨਾਲ ਨਹੀਂ ਬਣੇਗੀ ਸਗੋਂ ਇਸ ਦੇ ਲਈ ਸਿੱਖਿਆ, ਰੋਜ਼ਗਾਰ, ਅਰਬਨ ਪਲਾਨਿੰਗ ਅਤੇ ਫਾਈਨਾਂਸ਼ੀਅਲ ਇਨੋਵੇਸ਼ਨ ਨੂੰ ਨਾਲ ਲੈਣਾ ਹੋਵੇਗਾ। ਇਸ ’ਚ ਅਰਬਨ ਪਲਾਨਿੰਗ ਵੀ ਅਹਿਮ ਹੈ। ਭਾਰਤ ਦੇ ਸ਼ਹਿਰਾਂ ਨੂੰ ਆਬਾਦੀ ਦੀ ਵਧਦੀ ਉਮਰ ਦੇ ਅਨੁਕੂਲ ਬਣਾਉਣਾ ਹੋਵੇਗਾ, ਸੁਰੱਖਿਅਤ ਅਤੇ ਸੁਖਾਲੀ ਆਵਾਜਾਈ, ਰਿਹਾਇਸ਼, ਬਿਨਾਂ ਰੁਕਾਵਟ ਵਾਲੀਆਂ ਜਨਤਕ ਥਾਵਾਂ ਅਤੇ ਅਜਿਹੀਆਂ ਡਿਜੀਟਲ ਸੇਵਾਵਾਂ ਨੂੰ ਬਜ਼ੁਰਗ ਆਸਾਨੀ ਨਾਲ ਵਰਤ ਸਕਦੇ ਹਨ।
ਵਿੱਤੀ ਸੈਕਟਰ ’ਚ ਵੀ ਨਵੇਂ ਪ੍ਰਯੋਗ ਹਨ, ਜਿਵੇਂ ਕਿ ਪੈਨਸ਼ਨ ਆਧਾਰਿਤ ਮਾਈਕ੍ਰੋਲੋਨ, ਵਧਦੀ ਉਮਰ ਅਨੁਸਾਰ ਇਨਫ੍ਰਾਸਟਰੱਕਚਰ ਵਿਕਾਸ ਲਈ ਸਿਲਵਰ ਇਕਾਨਮੀ ਫੰਡ ਵੈਂਚਰ ਫੰਡ ’ਤੇ ਬਾਂਡਜ਼। ਨੈਸ਼ਨਲ ਸਿਲਵਰ ਇਕਾਨਮੀ ਕੌਂਸਲ ਵਰਗੀ ਸੰਸਥਾ ਕੇਂਦਰ ਤੇ ਸੂਬਿਆਂ ਦੀਆਂ ਨੀਤੀਆਂ ’ਚ ਤਾਲਮੇਲ ਬਿਠਾ ਸਕਦੀ ਹੈ ਜਦਕਿ ਸਿਲਵਰ ਇਨੋਵੇਸ਼ਨ ਫੰਡਜ਼ ਰਾਹੀਂ ਤਕਨਾਲੋਜੀ, ਸਿਹਤ ਅਤੇ ਬਜ਼ੁਰਗ ਸੇਵਾਵਾਂ ਨਾਲ ਜੁੜੇ ਸਟਾਰਟਅਪਸ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਵਿਸ਼ਵ ਪੱਧਰ ’ਤੇ ਭਾਰਤ ਦੀ ਵਧਦੀ ਉਮਰ ਦਰਾਜ ਆਬਾਦੀ ਉਸ ਦੀ ਤਾਕਤ ਬਣ ਸਕਦੀ ਹੈ। ਜਾਪਾਨ, ਚੀਨ ਦੇ ਇਲਾਵਾ ਯੂਰਪ ਅਤੇ ਅਮਰੀਕਾ ’ਚ ਵਰਕ ਫੋਰਸ ਘੱਟ ਰਹੀ ਹੈ। ਅਜਿਹੇ ’ਚ ਭਾਰਤ ਦੇ ਡਿਜੀਟਲ ਤੌਰ ’ਤੇ ਸਮਰੱਥ ਸੀਨੀਅਰ ਨਾਗਰਿਕ ਕੰਸਲਟੈਂਸੀ, ਨਾਲੇਜ ਸਰਵਿਸਿਜ਼ ਅਤੇ ਮੈਂਟਰਸ਼ਿਪ ਰਾਹੀਂ ਉਵੇਂ ਹੀ ਯੋਗਦਾਨ ਪਾ ਸਕਦੇ ਹਨ ਜਿਵੇਂ ਅੱਜ ਸਾਡੇ ਨੌਜਵਾਨ ਦੁਨੀਆ ਭਰ ’ਚ ਆਈ. ਟੀ. ਸੇਵਾਵਾਂ ਦੇ ਰਹੇ ਹਨ। ਜਿਨ੍ਹਾਂ ਖੇਤਰਾਂ ’ਚ ਤਜਰਬਾ, ਨੈਤਿਕਤਾ ਅਤੇ ਦੇਖ-ਰੇਖ ਜ਼ਰੂਰੀ ਹੈ, ਉਥੇ ਭਾਰਤੀ ਬਜ਼ੁਰਗ ਗਲੋਬਲ ਐਕਸਪਰਟ ਦੀ ਭੂਮਿਕਾ ਨਿਭਾਅ ਸਕਦੇ ਹਨ।
ਅੱਗੇ ਦਾ ਰਾਹ : ‘ਸਿਲਵਰ ਇਕਾਨਮੀ’ ਭਾਰਤ ਲਈ ਵਧਦੀ ਉਮਰ ਦਰਾਜ ਆਬਾਦੀ ਨੂੰ ਤਾਕਤ ’ਚ ਬਦਲਣ ਦਾ ਇਕ ਵੱਡਾ ਮੌਕਾ ਹੈ। ਸਮਾਂ ਰਹਿੰਦੇ ਸਾਨੂੰ ਇਸ ’ਤੇ ਗੰਭੀਰ ਵਿਚਾਰ ਕਰਨਾ ਹੋਵੇਗਾ, ਇਨ੍ਹਾਂ ਨੂੰ ਬੋਝ ਸਮਝਣਾ ਹੈ ਜਾਂ ਵਿਕਾਸ ਦਾ ਇੰਜਣ ਬਣਾਉਣਾ ਹੈ। ਆਖਿਰਕਾਰ ਉਮਰ ਦਰਾਜ ਆਬਾਦੀ ਵਧਣਾ ਸਿਰਫ ਆਬਾਦੀ ਅੰਕੜਾ ਹਕੀਕਤ ਨਹੀਂ, ਇਹ ਦੇਸ਼ ਦੀ ਸਹੀ ਨੀਤੀ ਦੀ ਪ੍ਰੀਖਿਆ ਹੈ। ਭਾਰਤ ਜੇਕਰ ਬਜ਼ੁਰਗ ਅਵਸਥਾ ਨੂੰ ‘ਸੰਨਿਆਸ ਦਾ ਸਮਾਂ’ ਨਾ ਮੰਨ ਕੇ ‘ਯੋਗਦਾਨ ਦਾ ਸਮਾਂ’ ਮੰਨ ਲਵੇ ਤਾਂ ਇਸ ‘ਸਿਲਵਰ ਡਿਵੀਡੈਂਡ’ ਦਾ ਫਾਇਦਾ ਉਠਾਇਆ ਜਾ ਸਕਦਾ ਹੈ। ਬਜ਼ੁਰਗਾਂ ਨੂੰ ਗੈਰ-ਸਰਗਰਮ ਆਸ਼ਰਿਤ ਬਣਾਉਣਾ ਹੈ ਜਾਂ ਦੇਸ਼ ਦੇ ਵਿਕਾਸ ’ਚ ਭਾਈਵਾਲ, ਇਹ ਹੁਣ ਤੋਂ ਤੈਅ ਕਰਨਾ ਹੋਵੇਗਾ।
–ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)
(ਲੇਖਕ ਕੈਬਨਿਟ ਮੰਤਰੀ ਰੈਂਕ ’ਚ ਪੰਜਾਬ ਇਕਾਨਮਿਕ ਪਾਲਿਸੀ ਐਂਡ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ)
ਬੱਚੇ ਨਹੀਂ ਸੁਣਨਾ ਚਾਹੁੰਦੇ ‘ਨਾਂਹ’
NEXT STORY