ਇੰਟਰਨੈਸ਼ਨਲ ਡੈਸਕ : ਬਜਟ ਵਿਚ ਕਟੌਤੀ ਨੂੰ ਲੈ ਕੇ ਫਰਾਂਸ ਵਿਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਟਰੇਡ ਯੂਨੀਅਨਾਂ ਨੇ ਵੀਰਵਾਰ ਹੜਤਾਲ ਦਾ ਸੱਦਾ ਦਿੱਤਾ, ਜਿਸ ਵਿਚ ਲੱਖਾਂ ਲੋਕ ਸ਼ਾਮਲ ਹੋਏ। ਪੈਰਿਸ, ਲਿਓਨ, ਨਾਂਤੇਸ, ਮਾਰਸਿਲੇ, ਬਾਰਡੋ, ਟੂਲੂਜ਼ ਅਤੇ ਕੇਏਨ ਵਰਗੇ ਸ਼ਹਿਰਾਂ ਵਿਚ ਸੜਕਾਂ ਜਾਮ ਕਰ ਦਿੱਤੀਆਂ ਗਈਆਂ।
ਸਰਕਾਰੀ ਅੰਕੜਿਆਂ ਅਨੁਸਾਰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿਚ 5 ਲੱਖ ਤੋਂ ਵੱਧ ਲੋਕ ਸੜਕਾਂ ’ਤੇ ਉੱਤਰੇ, ਜਦੋਂ ਕਿ ਯੂਨੀਅਨਾਂ ਨੇ ਇਹ ਗਿਣਤੀ 10 ਲੱਖ ਦੱਸੀ ਹੈ। ਸੁਰੱਖਿਆ ਲਈ ਦੇਸ਼ ਭਰ ਵਿਚ 80,000 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ 141 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਕੁਝ ਥਾਵਾਂ ’ਤੇ ਪੱਥਰਬਾਜ਼ੀ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ ਪਰ ਜ਼ਿਆਦਾਤਰ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਰਹੇ। ਸਕੂਲੀ ਬੱਚਿਆਂ ਨੇ ਵੀ ਕਈ ਥਾਵਾਂ ’ਤੇ ਹਾਈਵੇ ਜਾਮ ਕਰ ਦਿੱਤੇ।

ਫਰਾਂਸ ਸਰਕਾਰ ਨੇ ਆਪਣੇ 2026 ਦੇ ਬਜਟ ਵਿਚੋਂ ਲੱਗਭਗ 52 ਅਰਬ ਡਾਲਰ ਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ। ਇਸ ਵਿਚ ਪੈਨਸ਼ਨਾਂ ਨੂੰ ਫ੍ਰੀਜ਼ ਕਰਨਾ, ਸਿਹਤ ਅਤੇ ਸਿੱਖਿਆ ’ਤੇ ਖਰਚ ਘਟਾਉਣਾ, ਬੇਰੋਜ਼ਗਾਰੀ ਲਾਭ ਘਟਾਉਣੇ ਅਤੇ ਦੋ ਰਾਸ਼ਟਰੀ ਛੁੱਟੀਆਂ ਨੂੰ ਖਤਮ ਕਰਨਾ ਸ਼ਾਮਲ ਹੈ।
ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਦਾ ਘਾਟਾ ਯੂਰਪੀਅਨ ਯੂਨੀਅਨ ਦੇ 3 ਫੀਸਦੀ ਮਾਪਦੰਡਾਂ ਤੋਂ ਦੁੱਗਣਾ ਹੈ ਅਤੇ ਕਰਜ਼ਾ ਜੀ. ਡੀ. ਪੀ. ਦਾ 114 ਫੀਸਦੀ ਹੋ ਗਿਆ ਹੈ। ਹਾਲਾਂਕਿ ਲੋਕ ਇਸਨੂੰ ਅਮੀਰਾਂ ਲਈ ਰਾਹਤ ਅਤੇ ਗਰੀਬਾਂ ’ਤੇ ਬੋਝ ਵਜੋਂ ਦੇਖਦੇ ਹਨ। ਯੂਨੀਅਨਾਂ ਅਮੀਰਾਂ ’ਤੇ ਟੈਕਸ ਵਧਾਉਣ ਦੀ ਮੰਗ ਕਰਦੀਆਂ ਹਨ ਕਿਉਂਕਿ ਮਹਿੰਗਾਈ ਨੇ ਪਹਿਲਾਂ ਹੀ ਜੀਵਨ ਮੁਸ਼ਕਲ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ- ਭਾਰਤ ਨਾਲ ਟੈਰਿਫ਼ ਤਣਾਅ ਵਿਚਾਲੇ ਅਮਰੀਕਾ ਦਾ ਵੱਡਾ ਫ਼ੈਸਲਾ ! ਪਾਕਿਸਤਾਨ ਤੇ ਚੀਨ ਨੂੰ ਦਿੱਤਾ ਕਰਾਰਾ ਝਟਕਾ
ਸਾਰੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਵਲੋਂ ਅੰਦੋਲਨ ਨੂੰ ਸਮਰਥਨ
ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ ਖੱਬੇ ਪੱਖੀ ਰਾਜਨੀਤਿਕ ਪਾਰਟੀਆਂ ਤੋਂ ਵੀ ਸਮਰਥਨ ਮਿਲ ਰਿਹਾ ਹੈ। ਖੱਬੇ ਪੱਖੀ ਪਾਰਟੀ ਫਰਾਂਸ ਅਨਬਾਊਂਡ ਨੇ ਅਗਸਤ ਵਿਚ ਹੀ ਇਸ ਅੰਦੋਲਨ ਦਾ ਸਮਰਥਨ ਕੀਤਾ ਸੀ ਅਤੇ ਹੁਣ ਹੋਰ ਖੱਬੇ ਪੱਖੀ ਪਾਰਟੀਆਂ ਵੀ ਇਸ ਵਿਚ ਸ਼ਾਮਲ ਹੋ ਗਈਆਂ ਹਨ। ਸਮਾਜਵਾਦੀ ਪਾਰਟੀ ਨੇ ਵੀ ਅੰਦੋਲਨ ਦਾ ਸਮਰਥਨ ਕੀਤਾ ਹੈ।
ਇਸ ਦੌਰਾਨ ਨਿਊ ਪਾਪੂਲਰ ਫਰੰਟ ਅਤੇ ਨੈਸ਼ਨਲ ਰੈਲੀ ਵਰਗੀਆਂ ਪਾਰਟੀਆਂ, ਜਿਨ੍ਹਾਂ ਨੇ ਸੰਸਦ ਵਿਚ ਬਜਟ ਵਿਰੁੱਧ ਵੋਟ ਪਾ ਕੇ ਪਿਛਲੀ ਸਰਕਾਰ ਨੂੰ ਡੇਗ ਦਿੱਤਾ ਸੀ, ਅਮੀਰਾਂ ’ਤੇ ਵੱਧ ਟੈਕਸ ਲਾਉਣ ਦੀ ਮੰਗ ਕਰਦਿਆਂ ਯੂਨੀਅਨਾਂ ਨਾਲ ਸੜਕਾਂ ’ਤੇ ਹਨ।

ਇਹ ਵਿਰੋਧ ਪ੍ਰਦਰਸ਼ਨ ਨਵੀਂ ਸਰਕਾਰ ਲਈ ਇਕ ਮਹੱਤਵਪੂਰਨ ਖ਼ਤਰਾ ਹਨ। ਪ੍ਰਧਾਨ ਮੰਤਰੀ ਸੇਬੇਸਟੀਅਨ ਲੇਕੋਰਨੂ ਨੂੰ ਹੁਣ ਬਜਟ ਪਾਸ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸੰਸਦ ਵੰਡੀ ਹੋਈ ਹੈ ਅਤੇ ਕਿਸੇ ਕੋਲ ਬਹੁਮਤ ਨਹੀਂ ਹੈ। ਪ੍ਰਦਰਸ਼ਨ ਕਾਰਨ ਰੇਲਗੱਡੀਆਂ, ਬੱਸਾਂ ਅਤੇ ਮੈਟਰੋ ਰੁਕ ਗਈ ਹੈ, ਸਕੂਲ ਬੰਦ ਕਰਨੇ ਪਏ ਹਨ ਅਤੇ ਬਿਜਲੀ ਉਤਪਾਦਨ ਵਿਚ 1.1 ਗੀਗਾਵਾਟ ਦੀ ਕਮੀ ਆਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਨਾਲ ਟੈਰਿਫ਼ ਤਣਾਅ ਵਿਚਾਲੇ ਅਮਰੀਕਾ ਦਾ ਵੱਡਾ ਫ਼ੈਸਲਾ ! ਪਾਕਿਸਤਾਨ ਤੇ ਚੀਨ ਨੂੰ ਦਿੱਤਾ ਕਰਾਰਾ ਝਟਕਾ
NEXT STORY