ਪੇਸ਼ਾਵਰ : ਦੋ ਬੱਚਿਆਂ ਦੇ ਕਤਲਾਂ ਦੇ ਵਿਰੋਧ ’ਚ ਵੱਡੀ ਗਿਣਤੀ ’ਚ ਬਲੂਚ ਕਾਰਕੁੰਨ, ਬਲੂਚ ਯਾਕਜੇਹਟੀ ਸੰਮਤੀ ਦੇ ਮੈਂਬਰ ਤੇ ਵਿਦਿਆਰਥੀ ਕਵੇਟਾ ਦੀਆਂ ਸੜਕਾਂ ’ਤੇ ਉਤਰ ਆਏ ਹਨ। ਮਾਰੇ ਗਏ ਬੱਚਿਆਂ ਦੇ ਪਰਿਵਾਰ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਬਲੂਚ ਯਾਕਜੇਹਟੀ ਸੰਮਤੀ ਨੇ ਐਲਾਨ ਕੀਤਾ ਕਿ ਉਹ ਕਵੇਟਾ, ਕਰਾਚੀ, ਤੁਰਬਤ ਤੇ ਬਲੂਚਿਸਤਾਨ ਦੇ ਹੋਰਨਾਂ ਹਿੱਸਿਆਂ ’ਚ ਵਿਰੋਧ ਪ੍ਰਦਰਸ਼ਨ ਕਰਨਗੇ ਤੇ ਮਾਰੇ ਗਏ ਬੱਚਿਆਂ ਅੱਲ੍ਹਾ ਬਖ਼ਸ਼ ਤੇ ਸ਼ਰਤੂਨ ਲਈ ਨਿਆਂ ਦੀ ਮੰਗ ਕਰਨਗੇ। 17 ਅਕਤੂਬਰ ਨੂੰ ਵਿਦਿਆਰਥੀਆਂ ਨੇ ਬਲੂਚਿਸਤਾਨ ਯੂਨੀਵਰਸਿਟੀ ਦੇ ਬਾਹਰ ਆਪਣਾ ਵਿਰੋਧ ਸ਼ੁਰੂ ਕੀਤਾ ਤੇ ਸਰਯਾਨ ਰੋਡ ਆਵਾਜਾਈ ਲਈ ਬੰਦ ਕਰ ਦਿੱਤਾ।
ਪ੍ਰਦਰਸ਼ਨਕਾਰੀ ਬਲੂਚਿਸਤਾਨ ਤੋਂ ਫਰੰਟੀਅਰ ਕੋਰ ਨੂੰ ਤਤਕਾਲ ਹਟਾਉਣ ਤੇ ਹੋਸ਼ਬ ਕਤਲਾਂ ’ਚ ਸ਼ਾਮਿਲ ਕਰਮਚਾਰੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਇਕ ਬਜ਼ੁਰਗ ਵਿਅਕਤੀ ਤੇ ਪੀੜਤ ਪਰਿਵਾਰ ਦੇ ਮੁਖੀ ਨਾਕੂ ਮਹਿਰਾਬ ਨੇ ਇਕ ਸੰਖੇਪ ਵੀਡੀਓ ਬਿਆਨ ’ਚ ਕਿਹਾ ਕਿ ‘ਸਾਨੂੰ ਐੱਫ. ਸੀ. ਚੈੱਕ ਪੋਸਟ ’ਤੇ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਕੋਈ ਲੜਕੀਆਂ ਨੂੰ ਲੈਣ ਜਾਂਦਾ ਹੈ ਤਾਂ ਐੱਫ. ਸੀ. ਉਨ੍ਹਾਂ ਤੋਂ ਪੁੱਛਦਾ ਹੈ ਕਿ ਉਹ ਕਿੱਥੇ ਜਾ ਰਹੇ ਹਨ ਤੇ ਕਿੱਥੋਂ ਆ ਰਹੇ ਹਨ। ਕਮਿਸ਼ਨਰ ਨੇ ਸਾਨੂੰ 20 ਲੱਖ ਰੁਪਏ ਤੇ ਇਕ ਏਕੜ ਜ਼ਮੀਨ ਦੇ ਕੇ ਸਾਡਾ ਵਿਰੋਧ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਕੂ ਮਹਿਰਾਬ ਨੇ ਇਹ ਵੀ ਕਿਹਾ ਕਿ ਜਦੋਂ ਤਕ ਐੱਫ. ਸੀ. ਦੇ ਖ਼ਿਲਾਫ ਐੱਫ. ਆਈ. ਆਰ. ਦਰਜ ਨਹੀਂ ਹੋ ਜਾਂਦੀ, ਅਸੀਂ ਆਪਣਾ ਧਰਨਾ ਖ਼ਤਮ ਨਹੀਂ ਕਰਾਂਗੇ।
ਬਲੂਚ ਸੋਸ਼ਲ ਮੀਡੀਆ ਕਾਰਕੁੰਨ ਵੀ ਪਰਿਵਾਰ ਦੀਆਂ ਮੰਗਾਂ ਦਾ ਸਮਰਥਨ ਕਰਦੇ ਰਹੇ ਹਨ ਤੇ ਐੱਫ. ਸੀ. ਹਿੰਸਾ ਦੇ ਖ਼ਿਲਾਫ ਮੁਹਿੰਮ ਚਲਾ ਰਹੇ ਹਨ ਤੇ ਮਾਰੇ ਗਏ ਬੱਚਿਆਂ ਲਈ ਨਿਆਂ ਮੰਗ ਰਹੇ ਹਨ। ਦੂਜੇ ਪਾਸੇ ਬਲੂਚਿਸਤਾਨ ਸਰਕਾਰ ਦੇ ਪ੍ਰਤੀਨਿਧੀ ਕਹਿੰਦੇ ਰਹੇ ਹਨ ਕਿ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੇ ਪਰਿਵਾਰ ਦੀਆਂ ਮੰਗਾਂ ਨੂੰ ਸੁਣਿਆ ਹੈ ਤੇ ਉਹ ਜਾਇਜ਼ ਮੰਗਾਂ ਨੂੰ ਪੂਰਾ ਕਰਨਗੇ। ਸਰਕਾਰੀ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਦੇ ਉਲਟ, ਪ੍ਰਦਰਸ਼ਨਕਾਰੀਆਂ ਤੇ ਪਰਿਵਾਰ ਦੇ ਮੈਂਬਰਾਂ ਨੇ ਇਸ ਤਰ੍ਹਾਂ ਦੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਹੈ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹਨ ਤਾਂ ਉਨ੍ਹਾਂ ਕੋਲ ਮਾਰੇ ਗਏ ਬੱਚਿਆਂ ਦੀਆਂ ਲਾਸ਼ਾਂ ਦੇ ਨਾਲ ਇਸਲਾਮਾਬਾਦ ਵੱਲ ਮਾਰਚ ਕਰਨਾ ਹੀ ਇਕਲੌਤਾ ਬਦਲ ਹੈ।
ਗਲਾਸਗੋ: ਕੋਪ 26 ਦੌਰਾਨ ਕਈ ਪ੍ਰਮੁੱਖ ਸੈਲਾਨੀ ਕੇਂਦਰ ਹੋਣਗੇ ਬੰਦ
NEXT STORY