ਲਾਹੌਰ, ਪਾਕਿਸਤਾਨ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਵੀਰਵਾਰ (9 ਜੁਲਾਈ) ਨੂੰ ਉਸ ਸਮੇਂ ਹਿੰਸਕ ਪ੍ਰਦਰਸ਼ਨ ਭੜਕ ਉੱਠਿਆ, ਜਦੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਮੁਸਲਿਮ ਦੁਕਾਨਦਾਰ ਨੂੰ ਕੁਰਾਨ ਦਾ ਇੱਕ ਸੜਿਆ ਹੋਇਆ ਪੰਨਾ ਅਤੇ ਉਸ ਦੇ ਨਾਲ ਇੱਕ ਈਸਾਈ ਨੌਜਵਾਨ ਅਤੇ ਉਸ ਦੀ ਮਾਂ ਦੀਆਂ ਤਸਵੀਰਾਂ ਡਾਕ ਰਾਹੀਂ ਭੇਜੀਆਂ ਗਈਆਂ।
ਕਰਾਚੀ ਦੇ ਈਸਾਈ ਅਧਿਕਾਰ ਕਾਰਕੁਨ ਆਸਿਫ਼ ਬਾਸਤੀਅਨ ਨੇ ਦੱਸਿਆ ਕਿ ਇਹ ਲਿਫ਼ਾਫ਼ਾ ਬਲਦੀਆ ਟਾਊਨ ਦੀ ਕਜ਼ਾਫ਼ੀ ਕਲੋਨੀ ਵਿੱਚ ਸਥਿਤ 'ਵਲੀਦ ਜਨਰਲ ਸਟੋਰ' ਨੂੰ ਮਿਲਿਆ ਸੀ। ਲਿਫ਼ਾਫ਼ੇ ਦੇ ਅੰਦਰ ਕੁਰਾਨ ਦਾ ਸੜਿਆ ਹੋਇਆ ਪੰਨਾ, 40 ਸਾਲਾ ਕੈਥੋਲਿਕ ਅਜ਼ੀਮ ਜਾਵੇਦ ਅਤੇ ਉਸ ਦੀ ਮਾਂ ਦੀ ਫੋਟੋ ਅਤੇ ਉਸ ਦੀ ਮਾਂ ਦੇ ਰਾਸ਼ਟਰੀ ਪਛਾਣ ਪੱਤਰ ਦੀ ਕਾਪੀ ਮੌਜੂਦ ਸੀ।
ਬਾਸਤੀਅਨ ਨੇ ਦੱਸਿਆ, "ਜਿਵੇਂ ਹੀ ਇਸ ਕਥਿਤ ਬੇਅਦਬੀ ਦੀ ਖ਼ਬਰ ਫੈਲੀ, ਧਾਰਮਿਕ ਪਾਰਟੀਆਂ ਦੇ ਕਾਰਕੁਨਾਂ ਸਮੇਤ ਸੈਂਕੜੇ ਮੁਸਲਮਾਨ ਜਾਵੇਦ ਦੇ ਘਰ ਵਾਲੀ ਗਲੀ ਦੇ ਬਾਹਰ ਇਕੱਠੇ ਹੋ ਗਏ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਸ ਗਲੀ ਵਿੱਚ ਲਗਭਗ 10 ਤੋਂ 15 ਈਸਾਈ ਪਰਿਵਾਰ ਰਹਿੰਦੇ ਹਨ, ਜੋ ਆਪਣੇ ਘਰਾਂ ਦੇ ਅੰਦਰ ਹੀ ਫਸ ਕੇ ਰਹਿ ਗਏ।"
ਉਨ੍ਹਾਂ ਅੱਗੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਮੌਕੇ 'ਤੇ ਪਹੁੰਚੀ ਪੁਲਸ ਦੀਆਂ ਗੱਡੀਆਂ 'ਤੇ ਪੱਥਰਬਾਜ਼ੀ ਕੀਤੀ, ਜਿਸ ਕਾਰਨ ਪੁਲਸ ਨੂੰ ਪਹਿਲਾਂ ਪਿੱਛੇ ਹਟਣਾ ਪਿਆ। ਇਸ ਤੋਂ ਬਾਅਦ ਸਿੰਧ ਸੂਬੇ ਦੀ ਸਰਕਾਰ ਨੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਪੁਲਸ ਦੇ ਨਾਲ ਨੀਮ ਫ਼ੌਜੀ ਬਲ 'ਸਿੰਧ ਰੇਂਜਰਸ' ਨੂੰ ਤਾਇਨਾਤ ਕੀਤਾ।
ਸਰਕਾਰ ਦੀ ਸਮੇਂ ਸਿਰ ਦਖਲਅੰਦਾਜ਼ੀ ਕਾਰਨ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਪੁਲਿਸ ਸੱਦਰ ਪੋਸਟ ਆਫ਼ਿਸ (ਜਿੱਥੋਂ ਇਹ ਲਿਫ਼ਾਫ਼ਾ ਭੇਜਿਆ ਗਿਆ ਸੀ) ਦੇ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕਰੇਗੀ, ਜਿਸ ਤੋਂ ਬਾਅਦ ਪ੍ਰਦਰਸ਼ਨ ਖ਼ਤਮ ਕੀਤਾ ਗਿਆ। ਬਾਅਦ ਵਿੱਚ ਪੁਲਿਸ ਨੇ ਇੱਕ ਬਖਤਰਬੰਦ ਗੱਡੀ (Armored Vehicle) ਰਾਹੀਂ ਜਾਵੇਦ ਦੇ ਪਰਿਵਾਰ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ।
ਨਿੱਜੀ ਰੰਜਿਸ਼ ਤਹਿਤ ਫਸਾਉਣ ਦੀ ਸ਼ੰਕਾ
ਪਰਿਵਾਰ ਦੇ ਇੱਕ ਨਜ਼ਦੀਕੀ ਸੂਤਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਜਾਵੇਦ ਨੂੰ ਈਸ਼ਨਿੰਦਾ ਦੇ ਝੂਠੇ ਕੇਸ ਵਿੱਚ ਫਸਾਉਣ ਜਾਂ ਉਸ ਦੇ ਖਿਲਾਫ ਭੀੜ ਨੂੰ ਭੜਕਾਉਣ ਦੀ ਇੱਕ ਸਾਜ਼ਿਸ਼ ਜਾਪਦੀ ਹੈ। ਉਨ੍ਹਾਂ ਕਿਹਾ, "ਜਾਵੇਦ ਦੀ ਪੱਕੀ ਨੌਕਰੀ ਹੈ ਅਤੇ ਉਹ ਕਦੇ ਕਿਸੇ ਧਾਰਮਿਕ ਵਿਵਾਦ ਵਿੱਚ ਨਹੀਂ ਪਿਆ। ਉਸ ਦਾ ਕੁਝ ਲੋਕਾਂ ਨਾਲ ਪੈਸਿਆਂ ਦਾ ਲੈਣ-ਦੇਣ ਦਾ ਵਿਵਾਦ ਸੀ, ਹੋ ਸਕਦਾ ਹੈ ਕਿ ਕਿਸੇ ਨੇ ਉਸ ਨੂੰ ਫਸਾਉਣ ਲਈ ਇਹ ਖੇਡ ਰਚੀ ਹੋਵੇ। ਇਹ ਗੱਲ ਸਮਝ ਤੋਂ ਬਾਹਰ ਹੈ ਕਿ ਕੋਈ ਈਸਾਈ ਖੁਦ ਕੁਰਾਨ ਦੀ ਬੇਅਦਬੀ ਕਰਕੇ ਆਪਣੀ ਹੀ ਫੋਟੋ ਆਪਣੇ ਘਰ ਦੇ ਸਾਹਮਣੇ ਵਾਲੀ ਦੁਕਾਨ 'ਤੇ ਡਾਕ ਰਾਹੀਂ ਭੇਜੇਗਾ।"
ਈਸਾਈ ਅਧਿਕਾਰ ਕਾਰਕੁਨ ਨੇਪੋਲੀਅਨ ਕਯੂਮ ਨੇ ਕਿਹਾ ਕਿ ਇਹ ਮਾਮਲਾ ਅਗਸਤ 2023 ਵਿੱਚ ਪੰਜਾਬ ਸੂਬੇ ਦੇ ਜੜ੍ਹਾਂਵਾਲਾ ਵਿੱਚ ਹੋਈ ਹਿੰਸਾ ਦੀ ਯਾਦ ਦਿਵਾਉਂਦਾ ਹੈ, ਜਿੱਥੇ ਦੋ ਈਸਾਈ ਭਰਾਵਾਂ ਵਿਰੁੱਧ ਝੂਠੇ ਇਲਜ਼ਾਮ ਲਗਾ ਕੇ 20 ਤੋਂ ਵੱਧ ਚਰਚਾਂ ਅਤੇ 80 ਤੋਂ ਵੱਧ ਈਸਾਈ ਘਰਾਂ ਨੂੰ ਸਾੜ ਦਿੱਤਾ ਗਿਆ ਸੀ। ਬਾਅਦ ਵਿੱਚ ਅਦਾਲਤ ਨੇ ਉਨ੍ਹਾਂ ਭਰਾਵਾਂ ਨੂੰ ਬੇਕਸੂਰ ਸਾਬਤ ਕਰਦਿਆਂ ਬਰੀ ਕਰ ਦਿੱਤਾ ਸੀ। ਉਨ੍ਹਾਂ ਨੇ ਸਿੰਧ ਸਰਕਾਰ, ਪੁਲਿਸ ਅਤੇ ਸਥਾਨਕ ਮੁਸਲਿਮ ਆਗੂਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਘਟਨਾ ਨੂੰ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ।
ਪੰਜਾਬ ਦੇ ਹਾਫ਼ਿਜ਼ਾਬਾਦ ਵਿੱਚ ਵੀ ਬਣੇ ਸਨ ਅਜਿਹੇ ਹਾਲਾਤ
ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਪੰਜਾਬ ਸੂਬੇ ਦੇ ਹਾਫ਼ਿਜ਼ਾਬਾਦ (ਗੁਜਰਾਂਵਾਲਾ ਡਿਵੀਜ਼ਨ) ਦੇ ਪਿੰਡ ਝੂਲਨ ਵਿੱਚ 3 ਜੁਲਾਈ ਨੂੰ ਸਾਹਮਣੇ ਆਈ ਸੀ। ਉੱਥੇ ਅਮਰੀਕਾ ਵਿੱਚ ਰਹਿ ਰਹੇ ਇੱਕ ਪਾਸਟਰ ਸਜੀਲ ਰੌਬਿਨ 'ਤੇ ਸੋਸ਼ਲ ਮੀਡੀਆ 'ਤੇ ਇਸਲਾਮ ਵਿਰੋਧੀ ਵੀਡੀਓ ਪਾਉਣ ਦਾ ਦੋਸ਼ ਲੱਗਣ ਤੋਂ ਬਾਅਦ ਮਸਜਿਦਾਂ ਵਿੱਚੋਂ ਐਲਾਨ ਕੀਤੇ ਗਏ ਸਨ।
ਤਣਾਅ ਵਧਣ ਕਾਰਨ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਈਸਾਈ ਪਰਿਵਾਰਾਂ ਨੂੰ ਕੁਝ ਸਮੇਂ ਲਈ ਪਿੰਡ ਛੱਡਣ ਦੀ ਸਲਾਹ ਦਿੱਤੀ ਸੀ। ਹਾਲਾਂਕਿ, ਸਥਾਨਕ ਪੁਲਿਸ ਅਤੇ ਕੁਝ ਮੁਸਲਿਮ ਪਤਵੰਤਿਆਂ ਦੀ ਮਦਦ ਨਾਲ ਗੱਲਬਾਤ ਰਾਹੀਂ ਮਾਮਲਾ ਸੁਲਝਾ ਲਿਆ ਗਿਆ ਅਤੇ ਮੁਸਲਿਮ ਆਗੂਆਂ ਨੇ ਪਾਸਟਰ ਦੇ ਪਿਤਾ ਅਤੇ ਚਾਚੇ ਵੱਲੋਂ ਜਨਤਕ ਤੌਰ 'ਤੇ ਮੁਆਫੀ ਮੰਗਣ ਅਤੇ ਪਾਸਟਰ ਨਾਲੋਂ ਨਾਤਾ ਤੋੜਨ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ "ਮੁਆਫ਼" ਕਰ ਦਿੱਤਾ। 4 ਜੁਲਾਈ ਨੂੰ ਸਾਰੇ ਪਰਿਵਾਰ ਆਪਣੇ ਘਰਾਂ ਨੂੰ ਪਰਤ ਆਏ।
ਈਸ਼ਨਿੰਦਾ ਕਾਨੂੰਨ ਦੀ ਦੁਰਵਰਤੋਂ:
ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਈਸ਼ਨਿੰਦਾ (ਬਲਾਸਫੇਮੀ) ਕਾਨੂੰਨ ਦੀ ਵਰਤੋਂ ਅਕਸਰ ਨਿੱਜੀ ਦੁਸ਼ਮਣੀ ਕੱਢਣ, ਜ਼ਮੀਨਾਂ ਹੜੱਪਣ ਜਾਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ। ਹਾਲਾਂਕਿ ਸਰਕਾਰ ਵੱਲੋਂ ਇਸ ਕਾਨੂੰਨ ਤਹਿਤ ਅਜੇ ਤੱਕ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ, ਪਰ ਅਜਿਹੇ ਦੋਸ਼ਾਂ ਕਾਰਨ ਕਈ ਵਾਰ ਭੀੜ ਵੱਲੋਂ ਹਿੰਸਾ ਅਤੇ ਬੇਕਸੂਰ ਲੋਕਾਂ ਦੇ ਕਤਲ ਹੋ ਚੁੱਕੇ ਹਨ।
'ਦਬਾਅ ਨੂੰ ਇਕ ਪਾਸੇ ਰੱਖ ਕੇ ਸ਼ਬੀਰ ਅਹਿਮਦ ਨੂੰ ਪਾਕਿਸਤਾਨ ਡਿਪੋਰਟ ਕਰੇ ਸਰਕਾਰ' ; UK 'ਚ ਉੱਠੀ ਮੰਗ
NEXT STORY