ਲੰਡਨ- ਵਿਗਿਆਨੀਆਂ ਦੇ ਇਕ ਨਵੇਂ ਅਧਿਐਨ ਤੋਂ ਇਹ ਖੁਲਾਸਾ ਹੋਇਆ ਹੈ ਕਿ ਸਾਡੇ ਖੂਨ ’ਚ ਮੌਜੂਦ ਕੁਝ ਪ੍ਰੋਟੀਨ ਭਵਿੱਖ ਦੀ ਸਿਹਤ ਬਾਰੇ ਸੰਕੇਤ ਦੇ ਸਕਦੇ ਹਨ। ਇਹ ਅਧਿਐਨ ਦੱਸਦਾ ਹੈ ਕਿ ਇਕ ਸਧਾਰਨ ਬਲੱਡ ਟੈਸਟ ਨਾਲ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਗਲੇ 5 ਜਾਂ 10 ਸਾਲਾਂ ’ਚ ਕਿਸੇ ਵਿਅਕਤੀ ਦੀ ਮੌਤ ਦਾ ਕੁੱਲ ਜ਼ੋਖਮ ਆਮ ਨਾਲੋਂ ਵੱਧ ਹੈ ਜਾਂ ਨਹੀਂ, ਹਾਲਾਂਕਿ ਇਹ ਟੈਸਟ ਅਜੇ ਪੂਰੀ ਤਰ੍ਹਾਂ ਸਹੀ ਨਹੀਂ ਹੈ।
38,000 ਤੋਂ ਵੱਧ ਲੋਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ
ਇਹ ਰਿਸਰਚ ਬ੍ਰਿਟੇਨ ’ਚ ਯੂ.ਕੇ. ਬਾਇਓਬੈਂਕ ਨਾਂ ਦੀ ਇਕ ਵੱਡੀ ਹੈਲਥ ਸਟੱਡੀ ’ਤੇ ਆਧਾਰਤ ਹੈ, ਜਿਸ ’ਚ 39 ਤੋਂ 70 ਸਾਲ ਦੀ ਉਮਰ ਦੇ 38,000 ਤੋਂ ਵੱਧ ਲੋਕਾਂ ਦਾ ਡਾਟਾ ਸ਼ਾਮਲ ਕੀਤਾ ਗਿਆ। ਵਿਗਿਆਨੀਆਂ ਨੇ ਇਨ੍ਹਾਂ ਲੋਕਾਂ ਦੇ ਬਲੱਡ ਸੈਂਪਲ ’ਚ ਲੱਗਭਗ 3,000 ਵੱਖ-ਵੱਖ ਪ੍ਰੋਟੀਨਜ਼ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਸਮੇਂ ਦੇ ਨਾਲ ਕਿਹੜੇ ਵਿਅਕਤੀ ਬਚ ਗਏ ਅਤੇ ਕਿਨ੍ਹਾਂ ਦੀ ਮੌਤ ਹੋਈ। ਇਸ ਤੋਂ ਬਾਅਦ ਉਮਰ, ਭਾਰ ਅਤੇ ਸਮੋਕਿੰਗ ਵਰਗੇ ਆਮ ਜੋਖਮ ਕਾਰਕਾਂ ਨੂੰ ਧਿਆਨ ’ਚ ਰੱਖਦਿਆਂ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਅਧਿਐਨ ’ਚ ਪਾਇਆ ਗਿਆ ਕਿ ਕੁਝ ਖਾਸ ਪ੍ਰੋਟੀਨ ਪੈਟਰਨ ਅਜਿਹੇ ਲੋਕਾਂ ’ਚ ਜ਼ਿਆਦਾ ਨਜ਼ਰ ਆਏ, ਜਿਨ੍ਹਾਂ ਦੀ ਅਗਲੇ ਕੁਝ ਸਾਲਾਂ ’ਚ ਮੌਤ ਦਾ ਜੋਖਮ ਜ਼ਿਆਦਾ ਸੀ। ਇਨ੍ਹਾਂ ’ਚ ਖਾਸ ਕਰ ਕੇ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਸ਼ਾਮਲ ਸਨ। ਖੋਜਕਰਤਾਵਾਂ ਨੇ ਕੁਝ ਪ੍ਰੋਟੀਨਾਂ ਨੂੰ ਮਿਲਾ ਕੇ ‘ਪ੍ਰੋਟੀਨ ਪੈਨਲ’ ਬਣਾਏ, ਜਿਨ੍ਹਾਂ ਨਾਲ ਰਵਾਇਤੀ ਤਰੀਕਿਆਂ ਦੇ ਮੁਕਾਬਲੇ ਜੋਖਮ ਦਾ ਅਨੁਮਾਨ ਥੋੜ੍ਹਾ ਬਿਹਤਰ ਹੋ ਸਕਿਆ।
ਹਲਕੀ ਸੋਜ, ਅੰਗਾਂ ’ਤੇ ਤਣਾਅ ਦਾ ਲੱਗ ਸਕਦਾ ਹੈ ਪਤਾ
ਵਿਗਿਆਨੀਆਂ ਦਾ ਕਹਿਣਾ ਹੈ ਕਿ ਬਲੱਡ ਪ੍ਰੋਟੀਨ ਸਰੀਰ ਦੇ ਅੰਦਰ ਚੱਲ ਰਹੀਆਂ ਪ੍ਰਕਿਰਿਆਵਾਂ ਦੀ ‘ਰੀਅਲ-ਟਾਈਮ ਤਸਵੀਰ’ ਦਿਖਾਉਂਦੇ ਹਨ। ਇਹ ਹਲਕੀ ਸੋਜ, ਅੰਗਾਂ ’ਤੇ ਤਣਾਅ ਜਾਂ ਸ਼ੁਰੂਆਤੀ ਬੀਮਾਰੀ ਦੇ ਸੰਕੇਤ ਦੇ ਸਕਦੇ ਹਨ, ਜੋ ਮਿਆਰੀ ਟੈਸਟਾਂ ਨਾਲ ਦਿਖਾਈ ਨਹੀਂ ਦਿੰਦੇ। ਹਾਲਾਂਕਿ, ਇਹ ਟੈਸਟ ਨਹੀਂ ਦੱਸ ਸਕਦਾ ਕਿ ਕੋਈ ਵਿਅਕਤੀ ਕਦੋਂ ਮਰੇਗਾ, ਸਗੋਂ ਸਿਰਫ ਇਹ ਸੰਕੇਤ ਦਿੰਦਾ ਹੈ ਕਿ ਜੋਖਮ ਜ਼ਿਆਦਾ ਹੈ ਜਾਂ ਘੱਟ। ਵਿਗਿਆਨੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਅਧਿਐਨ ਸਿਰਫ਼ ਇਕ ਸਬੰਧ ਦਰਸਾਉਂਦਾ ਹੈ, ਕੋਈ ਕਾਰਨ ਨਹੀਂ। ਇਸ ਦਾ ਮਤਲਬ ਹੈ ਕਿ ਇਹ ਪ੍ਰੋਟੀਨਜ਼ ਮੌਤ ਦਾ ਕਾਰਨ ਨਹੀਂ ਹਨ, ਸਗੋਂ ਸਰੀਰ ’ਚ ਚੱਲ ਰਹੀ ਕਿਸੇ ਸਮੱਸਿਆ ਦਾ ਸੰਕੇਤ ਹੋ ਸਕਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਬਿਮਾਰੀਆਂ ਤੋਂ ਮੌਤ ਦੇ ਕਾਰਨ ਬਹੁਤ ਵੱਖਰੇ ਹੁੰਦੇ ਹਨ, ਇਸ ਲਈ ਉਨ੍ਹਾਂ ਸਾਰਿਆਂ ਨੂੰ ਇਕੱਠੇ ਦੇਖਣਾ ਚੁਣੌਤੀਪੂਰਨ ਹੈ।
ਭਵਿੱਖ ’ਚ ਵੱਡੇ ਅਧਿਐਨਾਂ ਦੀ ਲੋੜ
ਫਿਰ ਵੀ ਮਾਹਿਰਾਂ ਦਾ ਮੰਨਣਾ ਹੈ ਕਿ ਭਵਿੱਖ ’ਚ ਅਜਿਹੇ ਬਲੱਡ ਟੈਸਟ ਡਾਕਟਰਾਂ ਲਈ ਇਕ ਸ਼ੁਰੂਆਤੀ ਚਿਤਾਵਨੀ ਵਜੋਂ ਕੰਮ ਕਰ ਸਕਦੇ ਹਨ। ਜੇ ਕਿਸੇ ਵਿਅਕਤੀ ਦਾ ਪ੍ਰੋਟੀਨ ਪ੍ਰੋਫਾਈਲ ਚਿੰਤਾਜਨਕ ਹੈ, ਤਾਂ ਡਾਕਟਰ ਹੋਰ ਨਿਗਰਾਨੀ, ਪਹਿਲਾਂ ਜਾਂਚ, ਜਾਂ ਜੀਵਨ ਸ਼ੈਲੀ ਵਿਚ ਬਦਲਾਅ ਦੀ ਸਿਫ਼ਾਰਸ਼ ਕਰ ਸਕਦੇ ਹਨ। ਫਿਲਹਾਲ, ਇਸ ਤਕਨੀਕ ਨੂੰ ਆਮ ਇਲਾਜ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਹੋਰ ਵੱਡੇ ਅਧਿਐਨਾਂ ਦੀ ਲੋੜ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਟੈਸਟ ਰਵਾਇਤੀ ਟੈਸਟਾਂ ਦੀ ਥਾਂ ਨਹੀਂ ਲੈਣਗੇ, ਸਗੋਂ ਡਾਕਟਰਾਂ ਨੂੰ ਮਰੀਜ਼ ਦੀ ਸਿਹਤ ਦੀ ਵਧੇਰੇ ਪੂਰੀ ਤਸਵੀਰ ਸਮਝਣ ’ਚ ਮਦਦ ਕਰਨਗੇ।
ਕ੍ਰਿਕਟ ਸਟੇਡੀਅਮ ਬਣਿਆ ਜੰਗ ਦਾ ਮੈਦਾਨ, ਮੈਚ ਦੇਖਣ ਆਏ ਪ੍ਰਸ਼ੰਸਕਾਂ 'ਚ ਚੱਲੇ ਘਸੁੰਨ-ਮੁੱਕੇ, VIDEO ਵਾਇਰਲ
NEXT STORY