ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਕਿਸੇ ਭਾਈਚਾਰੇ ਲਈ ਇਸ ਤੋਂ ਵੱਡਾ ਮਾਣ ਕੀ ਹੋਵੇਗਾ ਕਿ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲਾ ਤਿਉਹਾਰ ਪਾਰਲੀਮੈਂਟ ’ਚ ਮਨਾਇਆ ਜਾਵੇ। ਜੀ ਹਾਂ, ਸਕਾਟਲੈਂਡ ਵਸਦੇ ਸਿੱਖ ਭਾਈਚਾਰੇ ਦੀ ਝੋਲੀ ਇਹ ਮਾਣ ਪਿਆ ਹੈ ਕਿ ਐੱਮ. ਐੱਸ. ਪੀ. ਪੈਮ ਗੋਸਲ ਦੇ ਅਣਥੱਕ ਯਤਨਾਂ ਸਦਕਾ ਸਕਾਟਿਸ਼ ਪਾਰਲੀਮੈਂਟ ’ਚ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਨਾਲ ਸਬੰਧਿਤ ਸਮਾਗਮ ਕਰਵਾਇਆ ਗਿਆ।
ਸਕਾਟਲੈਂਡ ਦੇ ਵੱਖ-ਵੱਖ ਸ਼ਹਿਰਾਂ ’ਚੋਂ ਸਿੱਖ ਸੰਗਤਾਂ ਨੇ ਸੱਦੇ ਨੂੰ ਕਬੂਲਦਿਆਂ ਉਤਸ਼ਾਹਪੂਰਵਕ ਹਾਜ਼ਰੀ ਭਰੀ। ਸਕਾਟਿਸ਼ ਗੁਰਦੁਆਰਾ ਕੌਂਸਲ ਦੇ ਵਿਸ਼ੇਸ਼ ਸਹਿਯੋਗ ਨਾਲ ਹੋਏ ਇਸ ਸਮਾਗਮ ਦੀ ਸ਼ੁਰੂਆਤ ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਭਾਈ ਸੁਖਬੀਰ ਸਿੰਘ ਵੱਲੋਂ ਕੀਤੀ ਅਰਦਾਸ ਨਾਲ ਹੋਈ। ਇਸ ਉਪਰੰਤ ਭਾਈ ਸੁਖਬੀਰ ਸਿੰਘ ਤੇ ਭਾਈ ਭਲਵਿੰਦਰ ਸਿੰਘ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਦੁਮਾਲਿਆਂ, ਕੇਸਕੀਆਂ ਨਾਲ ਸਜੇ ਭੁਝੰਗੀ ਸਿੰਘ-ਸਿੰਘਣੀਆਂ ਨੇ ਵੀ ਕੀਰਤਨ ਤੇ ਕਵਿਤਾਵਾਂ ਨਾਲ ਇਸ ਸਮਾਗਮ ’ਚ ਹਾਜ਼ਰੀ ਭਰੀ। ਸਕਾਟਲੈਂਡ ਦੇ ਜੰਮਪਲ ਬੱਚਿਆਂ ਵੱਲੋਂ ਗੱਤਕੇ ਦੀ ਪੇਸ਼ਕਾਰੀ ਕਰਕੇ ਆਪਣੀ ਵਿਰਾਸਤ ਦੇ ਦੀਦਾਰੇ ਕਰਵਾਏ ਗਏ, ਜਿਸ ਨੂੰ ਹਾਜ਼ਰ ਐੱਮ. ਐੱਸ. ਪੀਜ਼ ਵੱਲੋਂ ਬੇਹੱਦ ਸਲਾਹਿਆ ਗਿਆ।
ਸਕਾਟਲੈਂਡ ਦੀ ਧਰਤੀ ’ਤੇ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਵਜੋਂ ਪ੍ਰਸਿੱਧ ਐੱਮ. ਐੱਸ. ਪੀ. ਪੈਮ ਗੋਸਲ ਨੇ ਸਿੱਖ ਭਾਈਚਾਰੇ ਵੱਲੋਂ ਪਹੁੰਚੇ ਹਰ ਸਖ਼ਸ਼ ਨੂੰ ਨਿੱਘੀ ਜੀ ਆਇਆਂ ਕਹਿੰਦਿਆਂ ਕਿਹਾ ਕਿ ਉਨ੍ਹਾਂ ਦਾ ‘ਆਪਣੇ ਪਾਰਲੀਮੈਂਟ ’ਚ ਹਾਰਦਿਕ ਸਵਾਗਤ ਹੈ।’ ਇਸ ਉਪਰੰਤ ਡਿਪਟੀ ਪ੍ਰੀਜ਼ਾਈਡਿੰਗ ਅਫਸਰ ਲੀਅਮ ਮੈਕਅਰਥਰ, ਸਕਾਟਿਸ਼ ਕੰਜ਼ਰਵੇਟਿਵ ਲੀਡਰ ਡਗਲਸ ਰੌਸ, ਲੇਬਰ ਲੀਡਰ ਅਨਾਸ ਸਰਵਰ, ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਦਫਤਰ ਵੱਲੋਂ ਹੈੱਡ ਆਫ ਚਾਂਸਰੀ ਆਸਿਫ ਸਈਦ, ਸਕਾਟਿਸ਼ ਗੁਰਦੁਆਰਾ ਕੌਂਸਲ ਵੱਲੋਂ ਸੁਰਜੀਤ ਸਿੰਘ ਚੌਧਰੀ, ਗੁਰਸਿੰਦਰ ਕੌਰ ਖਹਿਰਾ ਆਦਿ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਸਮਾਗਮ ਦੌਰਾਨ ਹੋਏ ਇਕੱਠ ਅਤੇ ਅਨੁਸ਼ਾਸਨ ਤੋਂ ਖੁਸ਼ ਪੈਮ ਗੋਸਲ ਨੂੰ ਹਰ ਕੋਈ ਵਧਾਈ ਦਿੰਦਾ ਨਜ਼ਰੀਂ ਪੈ ਰਿਹਾ ਸੀ। ਲੇਬਰ ਲੀਡਰ ਅਨਾਸ ਸਰਵਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੋਵਿਡ ਵਰਗੇ ਬੁਰੇ ਦੌਰ ’ਚ ਸਿੱਖ ਭਾਈਚਾਰੇ ਵੱਲੋਂ ਨਿਭਾਏ ਸੇਵਾ ਕਾਰਜ ਸਕਾਟਲੈਂਡ ਲਈ ਮਾਣ ਵਾਲੇ ਪਲ ਸਨ।
ਉਨ੍ਹਾਂ ਕਿਹਾ ਕਿ ਹਰ ਮੁਹਾਜ਼ ’ਤੇ ਸਿੱਖ ਭਾਈਚਾਰਾ ਅੱਗੇ ਹੋ ਕੇ ਖੜ੍ਹਦਾ ਹੈ ਪਰ ਸਾਡੀ ਇੱਛਾ ਹੈ ਕਿ ਸਿਆਸਤ ਦੇ ਖੇਤਰ ’ਚ ਵੀ ਸਰਗਰਮ ਭੂਮਿਕਾ ਨਿਭਾਉਣ ਲਈ ਅੱਗੇ ਆਵੇ। ਇਸ ਸਮੇਂ ਸੁਰਜੀਤ ਸਿੰਘ ਚੌਧਰੀ ਵੱਲੋਂ ਸਿੱਖ, ਸਿੱਖੀ ਤੇ ਵਿਸਾਖੀ ਦੇ ਦਿਹਾੜੇ ਦੀ ਇਤਿਹਾਸਕ ਮਹੱਤਤਾ ਬਾਰੇ ਵਿਸਥਾਰਪੂਰਵਕ ਵਰਣਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸਮਾਗਮ ਦੌਰਾਨ ਗਲਾਸਗੋ, ਐਡਿਨਬਰਾ, ਐਬਰਡੀਨ, ਡੰਡੀ ਆਦਿ ਸ਼ਹਿਰਾਂ ਦੀਆਂ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਅਮਰੀਕਾ ਦੇ ਪੈਨਸਿਲਵੇਨੀਆ 'ਚ ਇਕ ਘਰ 'ਚ ਹੋਇਆ ਜ਼ਬਰਦਸਤ ਧਮਾਕਾ, 4 ਲੋਕਾਂ ਦੀ ਮੌਤ
NEXT STORY