ਰੋਮ/ਇਟਲੀ (ਕੈਂਥ): ਪਹਿਲੀ ਮਈ ਦਾ ਮਜ਼ਦੂਰ ਦਿਵਸ ਸੰਸਾਰ ਭਰ ਵਿੱਚ ਮਨਾਇਆ ਜਾਣ ਵਾਲਾ ਮਿਹਨਤਕਸ਼ ਲੋਕਾਂ ਦਾ ਇੱਕ ਇਨਕਲਾਬੀ ਤਿਓਹਾਰ ਹੈ। ਇਸ ਇਤਿਹਾਸਕ ਦਿਹਾੜੇ ਮੌਕੇ ਸੰਸਾਰ ਪੱਧਰ 'ਤੇ ਕਿਰਤੀ-ਕਾਮਿਆਂ ਨੂੰ ਵਧ ਰਹੇ ਸਾਮਰਾਜੀ ਜਬਰ-ਜੁਲਮ ਅਤੇ ਲੁੱਟ-ਖਸੁੱਟ ਖ਼ਿਲਾਫ਼ ਇੱਕ ਮਜ਼ਬੂਤ ਏਕਤਾ ਵਾਲੀ ਲਹਿਰ ਉਸਾਰਦੇ ਹੋਏ ਇਨਕਲਾਬੀ ਲਾਲ ਝੰਡੇ ਹੇਠ ਇਕੱਠੇ ਹੋ ਕੇ ਸਮਾਜਵਾਦੀ ਸੰਘਰਸ਼ ਨੂੰ ਤੇਜ ਕਰਨ ਲਈ ਪ੍ਰਣ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇਟਲੀ ਵਿੱਚ ਮਜਦੂਰਾਂ ਦੇ ਆਗੂ ਸਾਥੀ ਦਵਿੰਦਰ ਹੀਉਂ, ਨਰਿੰਦਰ ਗੋਸਲ ਤੇ ਰਵਿੰਦਰ ਰਾਣਾ ਨੇ ਕਿਹਾ ਕਿ ਸਮਾਜਵਾਦੀ ਢਾਂਚੇ ਦੀ ਸਥਾਪਨਾ ਤੋਂ ਬਿਨਾਂ ਕਿਰਤੀ ਵਰਗ ਦਾ ਕਲਿਆਣ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਹਰੇਕ ਕਾਮੇ ਨੂੰ ਇਸ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਨਾਲ ਜੁੜਦੇ ਹੋਏ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅੱਗੇ ਵਧਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪਹਿਲੀ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਮਜ਼ਦੂਰ ਜਮਾਤ ਵੱਲੋਂ ਮੁੱਖ ਤੌਰ 'ਤੇ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਬੇਮਿਸਾਲ ਹੜਤਾਲ ਕੀਤੀ ਗਈ। ਇਸ ਹੜਤਾਲ ਦੌਰਾਨ ਹੀ ਤਿੰਨ ਤੇ ਚਾਰ ਮਈ ਨੂੰ ਕੀਤੇ ਗਏ ਭਾਰੀ ਮੁਜਾਹਰਿਆਂ ਅੰਦਰ ਅਮਰੀਕੀ ਸਰਮਾਏਦਾਰੀ ਜਮਾਤ ਵੱਲੋਂ ਖੇਡੀ ਗਈ ਖੂਨੀ ਹੋਲੀ ਵਿਚ ਸੱਤ ਮਜ਼ਦੂਰ ਸ਼ਹੀਦ ਹੋਏ ਅਤੇ ਗ੍ਰਿਫ਼ਤਾਰ ਕੀਤੇ ਗਏ, ਚਾਰ ਮਜ਼ਦੂਰ ਆਗੂਆਂ ਸਪਾਈਸ, ਪਾਰਸਨਜ਼, ਈਸ਼ਰ 'ਤੇ ਏਂਜ਼ਲ ਨੂੰ ਝੂਠਾ ਮੁਕੱਦਮਾ ਚਲਾ ਕੇ ਝੂਠੀਆਂ ਗਵਾਹੀਆਂ ਦੇ ਆਧਾਰ 'ਤੇ 11 ਨਵੰਬਰ 1887 ਨੂੰ ਫਾਂਸੀ ਤੇ ਲਟਕਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪੁਲਸ ਦੀ ਨਿਗਰਾਨੀ ਹੇਠ 'ਮੋਟਰਸਾਈਕਲ ਕਾਫ਼ਲੇ' ਜ਼ਰੀਏ ਕੀਤਾ ਗਿਆ ਪ੍ਰਦਰਸ਼ਨ (ਤਸਵੀਰਾਂ)
ਹੋਰਨਾਂ ਅਨੇਕਾਂ ਆਗੂਆਂ ਨੂੰ ਲੰਬੀਆਂ ਸਜਾਵਾਂ ਸੁਣਾਈਆਂ ਗਈਆਂ। ਉਸ ਸਮੇਂ ਮਜਦੂਰ ਲਹਿਰ ਦੀ ਅਗਵਾਈ ਕਰਨ ਵਾਲੀ ਜਥੇਬੰਦੀ 'ਅਮਰੀਕੀ ਫੈਡਰੇਸ਼ਨ ਆਫ ਲੇਬਰ' ਵੱਲੋਂ 1 ਮਈ 1890 ਨੂੰ ਕੌਮਾਂਤਰੀ ਮੁਜਾਹਰੇ ਦੇ ਦਿਨ ਵਜੋਂ ਮਨਾਉਣ ਦੇ ਫ਼ੈਸਲੇ ਤੋਂ ਬਾਅਦ 'ਪਹਿਲੀ ਮਈ ਦਾ ਦਿਹਾੜਾ'' ਕੌਮਾਂਤਰੀ ਮਜਦੂਰ ਦਿਹਾੜੇ' ਵਜੋਂ ਦੁਨੀਆ ਭਰ ਦੀ ਮਜਦੂਰ ਜਮਾਤ ਤੇ ਦੱਬੇ-ਕੁਚਲੇ ਲੋਕਾਂ ਦਾ ਕੌਮਾਂਤਰੀ ਤਿਉਹਾਰ ਦਾ ਰੂਪ ਧਾਰਨ ਕਰ ਗਿਆ।ਇਸ ਮੌਕੇ ਸਾਥੀ ਮੁਕੇਸ਼ ਜਾਡਲਾ, ਬਲਰਾਜ ਬੀਕਾ, ਰਾਜ ਸਰਹਾਲੀ, ਸ਼ੈਲੀ ਰੱਕੜ, ਅਨੀਤਾ ਰਾਣਾ, ਤਜਿੰਦਰ ਗੋਸਲ, ਪੂਜਾ ਜਾਡਲਾ, ਇਕਬਾਲ ਕੌਲਗੜ੍ਹ, ਵਿਸ਼ਾਲ ਹੀਉਂ, ਜੱਸੀ ਰੱਤੂ, ਜਸਵਿੰਦਰ ਪਾਲ ਅਤੇ ਲਾਲੀ ਆਦਿ ਸਾਥੀਆਂ ਨੇ ਮਜਦੂਰ ਦਿਵਸ ਦੇ ਮਹਾਨ ਸ਼ਹੀਦਾਂ ਨੂੰ ਇਨਕਲਾਬੀ ਸਰਧਾਂਜਲੀ ਭੇਂਟ ਕੀਤੀ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਜ਼ੇਲੇਂਸਕੀ ਨਾਲ ਮਾਰੀਉਪੋਲ ਤੋਂ ਲੋਕਾਂ ਨੂੰ ਕੱਢਣ ਬਾਰੇ ਕੀਤੀ ਚਰਚਾ
NEXT STORY