ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟ੍ਰੇਲੀਆ ਵੱਲੋਂ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਕ ਅਦਬੀ ਪ੍ਰੋਗਰਾਮਾਂ ਦੀ ਲੜੀ ਤਹਿਤ ਨਵੰਬਰ ਮਹੀਨੇ ਦਾ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਇੰਗਲੈਂਡ ਤੋਂ ਆਏ ਨਾਮਵਰ ਗੀਤਕਾਰ/ਕਵੀਸ਼ਰ ਸਰਦਾਰ ਝਲਮਣ ਸਿੰਘ ਢੰਡਾ ਅਤੇ ਇੰਡੀਆ ਤੋਂ ਆਈ ਕਵਿੱਤਰੀ ਸੁਖਵਿੰਦਰ ਕੌਰ ਆਹੀ ਦਾ ਸਨਮਾਨ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਆਪਣੀ ਤਕਰੀਰ ਵਿੱਚ ਬੋਲਦਿਆਂ ਸਰਬਜੀਤ ਸੋਹੀ ਨੇ ਆਈਆਂ ਹੋਈਆਂ ਦੋਵਾਂ ਸ਼ਖਸੀਅਤਾਂ ਦੀਆਂ ਲਿਖਤਾਂ ਅਤੇ ਜੀਵਨ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੂੰ ਜੀ ਆਇਆਂ ਆਖਿਆ। ਸਰਬਜੀਤ ਸੋਹੀ ਨੇ ਸੰਖੇਪ ਵਿੱਚ ਇਪਸਾ ਦੇ ਇਤਿਹਾਸ ਅਤੇ ਸਾਹਿਤਕ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ। ਇਸ ਸਮਾਗਮ ਵਿੱਚ ਅਮਰੀਕਾ ਵੱਸਦੇ ਗੀਤਕਾਰ ਜਰਨੈਲ ਘੋਲੀਆ ਦੀ ਕਾਵਿ ਪੁਸਤਕ ‘ਬਲਦੇ ਭਾਂਬੜ’ ਲੋਕ ਅਰਪਣ ਕੀਤੀ ਗਈ।

ਸਮਾਗਮ ਦੇ ਦੂਸਰੇ ਭਾਗ ਵਿੱਚ ਕਵੀ ਦਰਬਾਰ ਰਚਾਇਆ ਗਿਆ, ਜਿਸ ਵਿੱਚ ਸਭ ਤੋਂ ਪਹਿਲਾਂ ਕਵਿੱਤਰੀ ਸੁਖਵਿੰਦਰ ਕੌਰ ਆਹੀ ਨੇ ਆਪਣੇ ਬਚਪਨ, ਜਵਾਨੀ ਅਤੇ ਵਿਆਹ ਆਦਿ ਦੇ ਬਹੁਤ ਦਿਲਚਸਪ ਪ੍ਰਸੰਗ ਸੁਣਾ ਕੇ ਸਰੋਤਿਆਂ ਨੂੰ ਭਾਵਕ ਕਰ ਦਿੱਤਾ, ਨਾਲ ਦੀ ਨਾਲ ਉਹਨਾਂ ਨੇ ਆਪਣੀਆਂ ਕਿਤਾਬਾਂ ਵਿੱਚੋਂ ਅਨੇਕਾਂ ਰਚਨਾਵਾਂ ਬੋਲ ਕੇ ਅਤੇ ਗਾ ਕੇ ਸਮਾਂ ਬੰਨ ਦਿੱਤਾ। ਉਹਨਾਂ ਤੋਂ ਬਾਅਦ ਇੰਗਲੈਂਡ ਤੋਂ ਆਏ ਕਵੀਸ਼ਰ/ਗੀਤਕਾਰ ਝਲਮਣ ਸਿੰਘ ਢੰਡਾ ਨੇ ਆਪਣੀ ਜੀਵਨ ਯਾਤਰਾ ਅਤੇ ਆਪਣੇ ਗੀਤਕਾਰੀ ਦੇ ਸਫਰ ਨਾਲ ਸਾਂਝ ਪਵਾਉਂਦਿਆ ਅਨੇਕਾਂ ਪਹਿਲੂਆਂ 'ਤੇ ਰੌਸ਼ਨੀ ਪਾਈ। ਉਹਨਾਂ ਨੇ ਆਪਣੇ ਪ੍ਰਸਿੱਧ ਗੀਤਾਂ ਅਤੇ ਕਵੀਸ਼ਰੀ ਨੂੰ ਸੁਣਾ ਕੇ ਸਭ ਨੂੰ ਮੰਤਰ ਮੁਗਧ ਕਰ ਲਿਆ।
ਪੜ੍ਹੋ ਇਹ ਅਹਿਮ ਖ਼ਬਰ-ਲਾਹੌਰ ਤੋਂ ਲੰਡਨ ਜਾਣ ਵਾਲਾ ਵਰਜਿਨ ਐਟਲਾਂਟਿਕ ਜਹਾਜ਼ 'ਅਰਦਾਸ' ਤੋਂ ਬਾਅਦ ਹੋਇਆ ਰਵਾਨਾ
ਮਹਿਮਾਨ ਲੇਖਕਾਂ ਤੋਂ ਬਾਅਦ ਸਥਾਨਿਕ ਕਲਾਕਾਰਾਂ ਵਿੱਚ ਗੀਤਕਾਰ ਸੁਰਜੀਤ ਸੰਧੂ, ਹਰਕੀ ਵਿਰਕ, ਗੀਤਕਾਰ ਨਿਰਮਲ ਦਿਓਲ, ਸਰਬਜੀਤ ਸੋਹੀ, ਗੁਰਜਿੰਦਰ ਸਿੰਘ ਸੰਧੂ, ਅਮਨਪ੍ਰੀਤ ਕੌਰ ਟੱਲੇਵਾਲ, ਇਕਬਾਲ ਸਿੰਘ ਧਾਮੀ, ਹਰਜੀਤ ਕੌਰ ਸੰਧੂ, ਸੈਮੀ ਸਿੱਧੂ, ਪਾਲ ਰਾਊਕੇ, ਗੀਤਕਾਰ ਰੱਤੂ ਰੰਧਾਵਾ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਟੇਜ ਤੇ ਹਾਜ਼ਰੀ ਲਵਾਈ। ਗੁਰਜਿੰਦਰ ਸੰਧੂ ਹੁਰਾਂ ਦੀ ਤਰੰਨਮ ਵਿੱਚ ਬੋਲੀ ਗਈ ਗ਼ਜ਼ਲ ਬਹੁਤ ਹੀ ਸਲਾਹੀ ਗਈ। ਇਸ ਸਮਾਗਮ ਵਿੱਚ ਕਵਿੱਤਰੀ ਸੁਖਵਿੰਦਰ ਕੌਰ ਆਹੀ ਦੁਆਰਾ ਲਿਖਿਆ ਅਤੇ ਗਾਇਕ ਬਖ਼ਸ਼ੀਸ਼ ਲਾਹੋਰੀਆ ਦੁਆਰਾ ਗਾਇਆ ਗਿਆ ਗੀਤ 'ਜੇ ਤੂੰ ਆ ਜੇਂ' ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਅਮਰਜੀਤ ਮਾਹਲ, ਕਬੱਡੀ ਪ੍ਰੋਮੋਟਰ ਬਲਦੇਵ ਨਿੱਜਰ, ਇਪਸਾ ਦੇ ਫਾਊਂਡਰ ਚੇਅਰਮੈਨ ਜਰਨੈਲ ਬਾਸੀ, ਕਿਰਨਦੀਪ ਸਿੰਘ ਵਿਰਕ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਬਾਖੂਬੀ ਨਿਭਾਈ ਗਈ।
ਲਾਹੌਰ ਤੋਂ ਲੰਡਨ ਜਾਣ ਵਾਲਾ ਵਰਜਿਨ ਐਟਲਾਂਟਿਕ ਜਹਾਜ਼ 'ਅਰਦਾਸ' ਤੋਂ ਬਾਅਦ ਹੋਇਆ ਰਵਾਨਾ
NEXT STORY