ਪਰਥ (ਮਨਦੀਪ ਸੈਣੀ/ਜਤਿੰਦਰ ਗਰੇਵਾਲ)-ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ’ਚ ਦਿ ਕਰਟਿਨ ਯੂਨੀਵਰਸਿਟੀ ’ਚ ਹੋਈਆਂ 33ਵੀਆਂ ਕੌਮੀ ਆਸਟ੍ਰੇਲੀਆਈ ਸਾਲਾਨਾ ਸਿੱਖ ਖੇਡਾਂ ਅਮਿੱਟ ਪੈੜਾਂ ਨਾਲ ਸਮਾਪਤ ਹੋ ਗਈਆਂ । ਦੋ ਅਪਰੈਲ ਤੋਂ ਸ਼ੁਰੂ ਹੋਏ ਇਸ ਤਿੰਨ ਦਿਨਾ ਖੇਡ ਮਹਾਕੁੰਭ ’ਚ ਫੁੱਟਬਾਲ, ਕਬੱਡੀ, ਹਾਕੀ, ਵਾਲੀਬਾਲ, ਨੈੱਟਬਾਲ, ਕੁਸ਼ਤੀ, ਰੱਸਾਕਸ਼ੀ, ਬਜ਼ੁਰਗਾਂ ਤੇ ਬੱਚਿਆਂ ਦੀਆਂ ਦੌੜਾਂ ਅਤੇ ਤਾਸ਼ ਦੇ ਮੁਕਾਬਲਿਆਂ ’ਚ ਖਿਡਾਰੀਆਂ ਨੇ ਹੁੰਮ-ਹੁਮਾ ਕੇ ਹਿੱਸਾ ਲਿਆ।ਮੇਲੇ ਦੇ ਆਗ਼ਾਜ਼ ਮੌਕੇ ਹੋਈ ਸਿੱਖ ਪਰੇਡ ਤੇ ਸਿੱਖ ਬੈਂਡ, ਗੱਤਕੇ ਦੇ ਕਰਤੱਬ ਨਾਲ ਪੂਰਾ ਸਟੇਡੀਅਮ ਖਾਲਸਾਈ ਰੰਗ ’ਚ ਰੰਗਿਆ ਗਿਆ । ਆਸਟ੍ਰੇਲੀਆਈ ਸਿੱਖ ਖੇਡਾਂ ਦੇ ਇਤਿਹਾਸ ’ਚ ਪਹਿਲੀ ਵਾਰ ਪੰਜਾਬੀ ਭਾਸ਼ਾ ਫ਼ੋਰਮ ਦਾ ਸੰਗਠਨ ਕੀਤਾ ਗਿਆ, ਜਿਸ ਦਾ ਮਕਸਦ ਆਸਟ੍ਰੇਲੀਆ ਦੇ ਸਮੁੱਚੇ ਪੰਜਾਬੀ ਬੋਲੀ ਦੇ ਸ਼ੁੱਭ-ਚਿੰਤਕਾਂ, ਕਵੀਆਂ, ਲੇਖਕਾਂ ਅਤੇ ਬੁੱਧੀਜੀਵੀਆਂ ਦੇ ਸਾਂਝੇ ਸਹਿਯੋਗ ਨਾਲ ਆਸਟ੍ਰੇਲੀਆ ’ਚ ਪੰਜਾਬੀ ਦੇ ਪ੍ਰਚਾਰ ਅਤੇ ਪਾਸਾਰ ਲਈ ਉਪਰਾਲੇ ਕਰਨਾ ਸੀ । ਸਿੱਖ ਫੋਰਮ 2021 ਵੱਲੋਂ ਵਿਚਾਰੇ ਵਿਸ਼ਿਆਂ ’ਚ ਆਸਟ੍ਰੇਲੀਆ ’ਚ ਆਸਟ੍ਰੇਲੀਆਈ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਮੁੱਦੇ ਸ਼ਾਮਲ ਸਨ । ਸਿੱਖ ਫੋਰਮ ਦਾ ਟੀਚਾ ਆਸਟਰੇਲੀਆਈ ਸਿੱਖ ਭਾਈਚਾਰੇ ਦੇ ਕੰਮਾਂ ਨੂੰ ਕੌਮੀ ਪੱਧਰ ’ਤੇ ਸਾਂਝਾ ਕਰਨਾ, ਪ੍ਰਸਾਰਿਤ ਅਤੇ ਪ੍ਰਦਰਸ਼ਿਤ ਕਰਨਾ ਹੈ।
ਕੋਰੋਨਾ ਪਾਬੰਦੀਆਂ ਕਾਰਨ ਦੂਜੇ ਸੂਬਿਆਂ ਤੋਂ ਆਉਣ ਵਾਲੇ ਖੇਡ ਪ੍ਰੇਮੀ ਪਰਥ ਸ਼ਹਿਰ ਦੀਆਂ ਮੁੱਖ ਖੇਡਾਂ ’ਚ ਸ਼ਮੂਲੀਅਤ ਕਰਨ ਤੋਂ ਵਾਂਝੇ ਰਹੇ ਪਰ ਕੌਮੀ ਸਿੱਖ ਖੇਡ ਕਮੇਟੀ ਵੱਲੋਂ ਦਰਸ਼ਕਾਂ ਦੇ ਉਤਸ਼ਾਹ ਨੂੰ ਕਾਇਮ ਰੱਖਦਿਆਂ ਪਰਥ ਖੇਡਾਂ ਨੂੰ ਸਮਰਪਿਤ ਮੈਲਬੋਰਨ ,ਸਿਡਨੀ, ਬ੍ਰਿਸਬੇਨ ਅਤੇ ਐਡੀਲੇਡ ਸ਼ਹਿਰਾਂ ’ਚ ਸੂਬਾ ਪੱਧਰੀ ਟੂਰਨਾਮੈਂਟ ਕਰਵਾਏ ਗਏ, ਜਿਨ੍ਹਾਂ ’ਚ ਖੇਡ ਪ੍ਰੇਮੀਆਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਇਨ੍ਹਾਂ ਖੇਡਾਂ ’ਚ ਗਿੱਧਾ-ਭੰਗੜਾ ਅਤੇ ਹੋਰ ਸੱਭਿਆਚਾਰਕ ਸਰਗਰਮੀਆਂ ਤੋਂ ਇਲਾਵਾ ਪੰਜਾਬੀ ਵਿਰਾਸਤ ਨੂੰ ਦਰਸਾਉਂਦਾ ਪਿੰਡ ਖਿੱਚ ਦਾ ਕੇਂਦਰ ਰਿਹਾ, ਜਿਸ ’ਚ ਘਰੇਲੂ ਬਰਤਨ, ਚੱਕੀ, ਚੁੱਲ੍ਹਾ, ਮੰਜੇ, ਚਰਖਾ, ਕਸੀਦਾ, ਖੱਡੀ, ਪਾਥੀਆਂ ਵਾਲਾ ਗੁਹਾਰਾ ਤੇ ਤੂੜੀ ਵਾਲਾ ਸਜਾਇਆ ਕੁੱਪ ਪੁਰਾਤਨ ਪੰਜਾਬ ਦੀ ਝਲਕ ਦਿਖਾ ਗਿਆ । ਸਟੇਜ ਸ਼ੋਅ ਮੌਕੇ ਗੀਤ-ਸੰਗੀਤ ਰਾਹੀਂ ਸਥਾਨਕ ਗਾਇਕ ਰਾਜ ਸਾਗਰ, ਕਾਲਾ ਧਾਰਨੀ, ਜੀਤ ਵੱਪੀ ਤੇ ਗਾਇਕਾ ਚਰਨਦੀਪ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਸੱਭਿਆਚਾਰਕ ਮੇਲੇ ਦਾ ਮੰਚ ਸੰਚਾਲਨ ਕਰਦਿਆਂ ਹਰਜੀਤ ਗਿੱਲ ਤੇ ਰੂਪੀ ਗਿੱਲ ਨੇ ਸ਼ਾਇਰੀ, ਲੋਕ ਬੋਲੀਆਂ ਤੇ ਲੋਕ ਤੱਥਾਂ ਰਾਹੀਂ ਦਰਸ਼ਕਾਂ ਨੂੰ ਪ੍ਰੋਗਰਾਮ ਨਾਲ ਜੋੜੀ ਰੱਖਿਆ। ‘ਮੇਲਾ ਪਰਥ ਪੰਜਾਬਣਾਂ ਦਾ’ ਦੀਆਂ ਮੁਟਿਆਰਾਂ ਨੇ ਗਿੱਧੇ ’ਚ ਧਮਾਲਾਂ ਪਾਈਆਂ ।ਪੰਜਾਬੀ ਸੱਥ ਪਰਥ ਵੱਲੋਂ ਗੱਭਰੂਆਂ ਨੇ ਲੋਕਨਾਚ ਭੰਗੜਾ ਅਤੇ ਭਾਰਤੀ ਕਿਸਾਨੀ ਅੰਦੋਲਨ ਨੂੰ ਸਮਰਪਿਤ ਲੋਕ ਬੋਲੀਆਂ ਆਧਾਰਿਤ ਮਲਵਈ ਗਿੱਧਾ ਪਾਇਆ। ਕੌਮੀ ਖੇਡ ਕਮੇਟੀ ਪ੍ਰਧਾਨ ਸ. ਸਰਬਜੋਤ ਸਿੰਘ ਢਿੱਲੋਂ ਅਤੇ ਪੱਛਮੀ ਆਸਟ੍ਰੇਲੀਆ ਸੂਬਾਈ ਕਮੇਟੀ ਦੇ ਪ੍ਰਧਾਨ ਸ. ਗੁਰਦਰਸ਼ਨ ਸਿੰਘ ਕੈਲੇ ਨੇ ਇਨ੍ਹਾਂ ਖੇਡਾਂ ਨੂੰ ਸਫਲ ਬਣਾਉਣ ਲਈ ਸਮੂਹ ਸਿੱਖ ਸੰਸਥਾਵਾਂ, ਖੇਡ ਕਲੱਬਾਂ, ਗੁਰੂਘਰਾਂ ਅਤੇ ਦਰਸ਼ਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ । ਪੰਜਾਬੀ ਪੀੜ੍ਹੀ ਨੂੰ ਖੇਡਾਂ ਨਾਲ ਹੋਰ ਜ਼ਿਆਦਾ ਜੋੜਨ ਦੇ ਮੰਤਵ ਨਾਲ ਅਗਲੇ ਵਰ੍ਹੇ ਸਿੱਖ ਖੇਡਾਂ ਤੋਂ ਪਹਿਲਾਂ ਵੱਖ-ਵੱਖ ਸ਼ਹਿਰਾਂ ਵਿਚ ‘ਰੀਜਨਲ ਟੂਰਨਾਮੈਂਟ’ ਕਰਵਾਏ ਜਾਣਗੇ ।
ਹਰ ਉਮਰ ’ਚ ਬੇਤਹਾਸ਼ਾ ਜੋਸ਼ ਤੇ ਤਾਕਤ ਹਾਸਲ ਕਰਨ ਲਈ ਪੜ੍ਹੋ ਇਹ ਖ਼ਾਸ ਖ਼ਬਰ
NEXT STORY