ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੋਕੀਨ ਦੀ ਤਸਕਰੀ ਦੇ ਸਬੰਧ ਵਿਚ ਜਾਰੀ ਹੋਈਆਂ ਰਿਪੋਰਟਾਂ ਅਨੁਸਾਰ ਬ੍ਰਿਟੇਨ ਵਿਚ ਅਪਰਾਧੀਆਂ ਵੱਲੋਂ 10 ਸਾਲ ਤੋਂ ਘੱਟ ਉਮਰ ਦੇ ਹਜ਼ਾਰਾਂ ਬੱਚਿਆਂ ਨੂੰ ਅਪਰਾਧ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਵਿਚ ਕੋਕੀਨ ਆਦਿ ਨਸ਼ਿਆਂ ਦੀ ਤਸਕਰੀ ਸ਼ਾਮਲ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ, ਕਿਉਂਕਿ ਇੰਨੀ ਛੋਟੀ ਉਮਰ ਦੇ ਬੱਚਿਆਂ 'ਤੇ ਕਾਨੂੰਨੀ ਦੋਸ਼ ਨਹੀਂ ਲਗਾਇਆ ਜਾ ਸਕਦਾ। ਅਜਿਹੇ ਅਪਰਾਧਾਂ ਵਿਚ ਹਾਲ ਹੀ ਵਿਚ 9 ਸਾਲ ਦੇ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਉੱਤੇ ਇੰਗਲੈਂਡ ਦਾ ਸਭ ਤੋਂ ਛੋਟਾ ਕਰੈਕ ਕੋਕੀਨ ਡੀਲਰ ਹੋਣ ਦਾ ਦੋਸ਼ ਹੈ।
ਇੰਗਲੈਂਡ ਅਤੇ ਵੇਲਜ਼ ਵਿਚ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ ਤੋਂ ਉਸ ਦੀ ਉਮਰ ਛੋਟੀ ਹੈ, ਇਸ ਲਈ ਉਸ ਉੱਤੇ ਦੋਸ਼ ਨਹੀਂ ਲਾਇਆ ਜਾ ਸਕਦਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਚਾ, ਜੋ ਕਿ ਕੈਂਬਰਿਜਸ਼ਾਇਰ ਵਿਚ ਰਹਿੰਦਾ ਹੈ, ਨੂੰ ਇੱਕ ਰਿਸ਼ਤੇਦਾਰ ਲਈ ਡਰੱਗਜ਼ ਪਹੁੰਚਾਉਣ ਲਈ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਹ ਹਜ਼ਾਰਾਂ ਉਹਨਾਂ ਬੱਚਿਆਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਗੰਭੀਰ ਜ਼ੁਰਮ ਕਰਨ ਲਈ ਵਰਤਿਆ ਜਾਂਦਾ ਹੈ। ਫਰੀਡਮ ਆਫ ਇਨਫਰਮੇਸ਼ਨ ਐਕਟ ਤਹਿਤ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਪੰਜ ਸਾਲਾਂ ਤੋਂ ਅਜਿਹੇ ਲਗਭਗ 16,000 ਅਪਰਾਧਾਂ ਦੀਆਂ ਰਿਪੋਰਟਾਂ ਵਿਚ 9 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਸ਼ੱਕੀ ਬੱਚਿਆਂ ਦੇ ਸ਼ਾਮਲ ਹੋਣ ਦੇ ਅੰਕੜੇ ਮਿਲੇ ਹਨ। ਇਹ ਅੰਕੜਾ ਇਸ ਤੋਂ ਵੀ ਉੱਚਾ ਹੋ ਸਕਦਾ ਹੈ ਕਿਉਂਕਿ 43 ਪੁਲਸ ਅਧਿਕਾਰੀਆਂ ਵਿਚੋਂ ਸਿਰਫ਼ 29 ਨੇ ਹੀ ਜਾਣਕਾਰੀ ਦਿੱਤੀ ਹੈ।
ਬ੍ਰਿਟਿਸ਼ ਪੱਤਰਕਾਰ ਦਾ ਖੁਲਾਸਾ, ਵੁਹਾਨ ਲੈਬ 'ਚ ਬਦਲੇ ਗਏ 1000 ਤੋਂ ਵੱਧ ਜਾਨਵਰਾਂ ਦੇ ਜੀਨ
NEXT STORY