ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕਹਿੰਦੇ ਹਨ ਕਿ ਠੱਗਾਂ ਦੇ ਹੱਲ਼ ਨਹੀਂ ਚਲਦੇ ਹੁੰਦੇ ਸਗੋਂ ਠੱਗੀਆਂ ਹੀ ਉਨ੍ਹਾਂ ਦਾ ਕਾਰੋਬਾਰ ਹੁੰਦਾ ਹੈ। ਗਲਤ ਢੰਗ ਤਰੀਕੇ ਵਰਤ ਕੇ ਪੈਸੇ ਕਮਾਉਣ ਵਾਲੇ ਲੋਕ ਕਿਸੇ ਵੀ ਹੱਦ ਤੱਕ ਜਾ ਕੇ ਆਪਣੇ ਕੰਮ ਨੂੰ ਅੰਜਾਮ ਦੇਣ ਲਈ ਤਿਆਰ ਰਹਿੰਦੇ ਹਨ। ਇਸ ਦੀ ਇਕ ਉਦਾਹਰਣ ਯੂ. ਕੇ. ਵਿਚ ਵੇਖਣ ਨੂੰ ਮਿਲ ਰਹੀ ਹੈ, ਜਿਸ ਵਿਚ ਕੋਰੋਨਾ ਮਹਾਮਾਰੀ ਨੂੰ ਵੀ ਠੱਗ ਲੋਕਾਂ ਨੇ ਕਮਾਈ ਦਾ ਜ਼ਰੀਆ ਬਣਾ ਲਿਆ ਹੈ। ਲੋਕਾਂ ਨੂੰ ਐੱਨ. ਐੱਚ. ਐੱਸ. ਕੋਵਿਡ-19 ਟੀਕਾਕਰਨ ਦਾ ਨਕਲੀ ਸੁਨੇਹਾ ਜਾਂ ਕਾਲ ਕਰਕੇ ਪੈਸੇ ਹਥਿਆਉਣ ਲਈ ਨਿਸ਼ਾਨਾ ਬਣਾ ਰਹੇ ਹਨ।
ਇਸ ਤਰ੍ਹਾਂ ਦੇ ਸੁਨੇਹੇ ਪ੍ਰਾਪਤ ਕਰਨ ਵਾਲੇ ਲੋਕ ਸੋਸ਼ਲ ਮੀਡੀਆ 'ਤੇ ਸੰਦੇਸ਼ਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਦੂਜਿਆਂ ਨੂੰ ਇਸ ਦੇ ਝਾਂਸੇ ਵਿਚ ਨਾ ਆਉਣ ਦੀ ਚਿਤਾਵਨੀ ਦੇ ਰਹੇ ਹਨ। ਇਹ ਜਾਲਸਾਜ਼ੀ ਭਰੇ ਸੰਦੇਸ਼ ਅਸਲ ਵਿੱਚ ਐੱਨ. ਐੱਚ. ਐੱਸ. ਵਲੋਂ ਭੇਜੇ ਜਾਪਦੇ ਹਨ, ਜਿਸ ਵਿਚ ਵਿਅਕਤੀ ਨੂੰ ਕੋਰੋਨਾ ਟੀਕਾ ਲਗਵਾਉਣ ਦੇ ਯੋਗ ਦੱਸ ਕੇ ਅਗਲੀ ਕਾਰਵਾਈ ਲਈ ਇਕ ਵੈੱਬ ਲਿੰਕ 'ਤੇ ਕਲਿੱਕ ਕਰਕੇ ਨਿੱਜੀ ਜਾਣਕਾਰੀ ਭਰਨ ਲਈ ਕਿਹਾ ਜਾਂਦਾ ਹੈ, ਜਿਸ ਵਿਚ ਉਨ੍ਹਾਂ ਦਾ ਕ੍ਰੈਡਿਟ ਕਾਰਡ ਨੰਬਰ ਵੀ ਸ਼ਾਮਲ ਹੁੰਦਾ ਹੈ।
ਸੁਨੇਹਾ ਪ੍ਰਾਪਤ ਕਰਨ ਵਾਲੇ ਇਕ ਵਿਅਕਤੀ ਅਨੁਸਾਰ ਵੈੱਬਸਾਈਟ ਬਹੁਤ ਅਸਲ ਦਿਖਾਈ ਦਿੰਦੀ ਹੈ ਪਰ ਸਪਸ਼ਟ ਤੌਰ 'ਤੇ ਇਹ ਇਕ ਘੁਟਾਲਾ ਹੈ। ਅਜਿਹੀ ਹੀ ਜਾਣਕਾਰੀ ਦੀ ਮੰਗ ਟੈਲੀਫੋਨ ਦੁਆਰਾ ਵੀ ਕੀਤੀ ਜਾਂਦੀ ਹੈ। ਇਸ ਸੰਬੰਧੀ ਮਰਸੀਸਾਈਡ ਦੇ ਨਿਊ ਫੇਰੀ ਖੇਤਰ ਦੇ ਬਜ਼ੁਰਗ ਨਿਵਾਸੀਆਂ ਨੂੰ ਟੈਲੀਫੋਨ ਰਾਹੀਂ ਰਿਕਾਰਡ ਕੀਤੇ ਸੰਦੇਸ਼ਾਂ ਨਾਲ ਟੀਕਾ ਬੁੱਕ ਕਰਨ ਤੇ ਵਿੱਤੀ ਵੇਰਵੇ ਦੇਣ ਲਈ ਪ੍ਰੇਰਿਆ ਗਿਆ। ਜਾਲਸਾਜ਼ੀ ਕਰਨ ਵਾਲੇ ਲੋਕ ਇਸ ਠੱਗੀ ਵਿਚ ਜ਼ਿਆਦਾਤਰ ਬਜ਼ੁਰਗ ਜਾਂ ਨਵੀਂ ਤਕਨਾਲੋਜੀ ਤੋਂ ਅਨਜਾਣ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਲੋਕਲ ਗਵਰਨਮੈਂਟ ਐਸੋਸੀਏਸ਼ਨ (ਐੱਲ. ਜੀ. ਏ.) ਅਨੁਸਾਰ ਕੁੱਝ ਕੌਂਸਲਾਂ ਨੇ ਕੋਵਿਡ-19 ਐਮਰਜੈਂਸੀ ਦੀ ਸ਼ੁਰੂਆਤ ਤੋਂ ਬਾਅਦ ਇਸ ਤਰ੍ਹਾਂ ਦੇ ਘੁਟਾਲਿਆਂ ਵਿਚ 40 ਫ਼ੀਸਦੀ ਵਾਧਾ ਦਰਜ ਕੀਤਾ ਹੈ ਅਤੇ ਅਧਿਕਾਰੀਆਂ ਨੇ ਲੋਕਾਂ ਨੂੰ ਇਸ ਤਰ੍ਹਾਂ ਦੇ ਸੁਨੇਹੇ ਜਾਂ ਫੋਨ ਕਾਲਾਂ ਤੋਂ ਸੁਚੇਤ ਹੋਣ ਦੀ ਅਪੀਲ ਕੀਤੀ ਹੈ।
ਯੂ. ਕੇ. : ਪਾਇਲਟ ਦੇ ਬੇਹੋਸ਼ ਹੋ ਜਾਣ 'ਤੇ ਬ੍ਰਿਟਿਸ਼ ਏਅਰਵੇਜ਼ ਉਡਾਣ ਦੀ ਕਰਵਾਈ ਐਮਰਜੈਂਸੀ ਲੈਂਡਿੰਗ
NEXT STORY