ਮੈਲਬੋਰਨ, (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਹੋਣ ਵਾਲੀਆਂ ਸਥਾਨਕ ਕੌਂਸਲ ਚੋਣਾਂ 2020 ਦਾ ਐਲ਼ਾਨ ਹੋ ਚੁੱਕਾ ਹੈ ਅਤੇ ਇਹ ਚੋਣਾਂ ਅਗਲੇ ਮਹੀਨੇ ਹੋਣਗੀਆਂ।
ਵਿਕਟੋਰੀਆ ਸੂਬੇ ਵਿੱਚ ਕੁੱਲ 79 ਕੌਂਸਲਾਂ ਹਨ, ਜਿਸ ਵਿੱਚੋਂ ਮੈਲਬੋਰਨ ਸ਼ਹਿਰ ਵਿਚ 31 ਅਤੇ ਸੂਬੇ ਦੇ ਪੇਂਡੂ ਤੇ ਖੇਤਰੀ ਇਲਾਕਿਆਂ ਵਿਚ 48 ਕੌਂਸਲਾਂ ਸਥਾਨਕ ਵਸਨੀਕਾਂ ਦੀ ਸੇਵਾ ਵਿਚ ਸਰਗਰਮ ਹਨ। ਇਸ ਵਾਰ 76 ਕੌਂਸਲਾਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ। ਹਰ ਕੌਂਸਲ ਵਿੱਚੋਂ 5 ਤੋਂ 12 ਕੌਂਸਲਰ ਲੋਕਾਂ ਵਲੋਂ ਚੁਣੇ ਜਾਣਗੇ ਜੋ ਸਥਾਨਕ ਭਾਈਚਾਰੇ ਦੀ ਨੁਮਾਇੰਦਗੀ ਕਰਨਗੇ।
ਸੰਸਦੀ ਫੈਸਲੇ ਕਾਰਨ ਖਾਰਜ ਹੋਈਆਂ ਕੇਸੀ ਸਿਟੀ ਕੌਂਸਲ, ਸਾਊਥ ਗਿਪਸਲੈਂਡ ਕੌਂਸਲ, ਅਤੇ ਵਿਟਲਸੀ ਕੌਂਸਲ ਵਿਚ ਇਸ ਵਾਰ ਚੋਣਾਂ ਨਹੀਂ ਹੋਣਗੀਆਂ। ਇਨ੍ਹਾਂ ਸਥਾਨਕ ਕੌਂਸਲ ਚੋਣਾਂ ਵਿਚ ਕੁੱਲ 2,186 ਉਮੀਦਵਾਰ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ ਤੇ ਇਸ ਵਾਰ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਭਾਰਤੀ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ।
ਸੰਭਾਵਿਤ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ਼ ਕਰਨ ਦੀ ਆਖਰੀ ਤਾਰੀਕ 22 ਸਤੰਬਰ ਸੀ। ਚੋਣ ਕਮਿਸ਼ਨ ਵੱਲੋਂ ਸਥਾਨਕ ਵੋਟਰਾਂ ਨੂੰ 6 ਅਕਤੂਬਰ ਤੋਂ ਬੈਲਟ ਪੇਪਰ ਡਾਕ ਰਾਹੀਂ ਭੇਜੇ ਜਾਣਗੇ । ਵੋਟਰਾਂ ਵਲੋਂ ਆਪਣਾ ਮਤ ਦਾਖਲ ਦੀ ਆਖਰੀ ਮਿਤੀ 23 ਅਕਤੂਬਰ ਰੱਖੀ ਗਈ ਹੈ ਅਤੇ 13 ਨਵੰਬਰ ਤੱਕ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਕੋਰੋਨਾ ਮਹਾਮਾਰੀ ਕਾਰਨ ਪਾਬੰਦੀਆਂ ਲਾਗੂ ਹੋਣ ਕਰਕੇ ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀਏ ਅਤੇ ਵੱਖ-ਵੱਖ ਮਾਧਿਅਮਾਂ ਰਾਹੀਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਕਈ ਵਾਰਡਾਂ ਤੋਂ ਇੱਕ ਤੋਂ ਜ਼ਿਆਦਾ ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਸ ਕਰਕੇ ਪੰਜਾਬੀ ਭਾਈਚਾਰੇ ਵਿਚ ਦਿਲਚਸਪੀ ਦਾ ਮਾਹੌਲ ਬਣਿਆ ਹੋਇਆ ਹੈ। ਆਸਟ੍ਰੇਲੀਆ ਵਿਚ ਹਰ ਨਾਗਰਿਕ ਨੂੰ ਵੋਟ ਪਾਉਣਾ ਲਾਜ਼ਮੀ ਹੈ ਵੋਟ ਨਾ ਪਾਉਣ ਦੀ ਸੂਰਤ ਵਿਚ ਜੁਰਮਾਨਾ ਵੀ ਹੋ ਸਕਦਾ ਹੈ।
ਵਿਸ਼ਵ 'ਚ ਪਹਿਲੀ ਵਾਰ ਹਾਈਡ੍ਰੋਜਨ ਤੇਲ ਨਾਲ ਯਾਤਰੀ ਜਹਾਜ਼ ਨੇ ਭਰੀ ਸਫ਼ਲ ਉਡਾਣ
NEXT STORY