ਰੋਮ (ਕੈਂਥ, ਟੇਕ ਚੰਦ) : ਇਟਲੀ ਵਿਚ ਭਾਰਤੀ ਲੋਕਾਂ ਨੇ ਜਿੱਥੇ ਸਖ਼ਤ ਮਿਹਨਤ ਮੁਸ਼ੱਕਤ ਨਾਲ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ, ਉੱਥੇ ਹੀ ਹਰ ਸਾਲ ਅਨੇਕਾਂ ਅਜਿਹੇ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ, ਜਿਹੜੇ ਕਿ ਸਰਬੱਤ ਦੇ ਭਲੇ ਲਈ ਹੀ ਹੁੰਦੇ ਹਨ । ਅਜਿਹਾ ਹੀ ਵਿਸ਼ਾਲ ਧਾਰਮਿਕ ਸਮਾਗਮ ਹੈ ਇਟਲੀ ਦੇ ਲਾਸੀਓ ਸੂਬੇ ਦੇ ਪ੍ਰਸਿੱਧ ਹਿੰਦੂ ਮੰਦਿਰ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਦਾ 7ਵਾਂ ‘ਮਾਂ ਭਗਵਤੀ ਜਾਗਰਣ’ ਮਹਾਂਮਾਈ ਦੀ ਭਰਪੂਰ ਕਿਰਪਾ ਨਾਲ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ।
ਯੂਰਪ ਦੇ ਸਭ ਤੋਂ ਵਿਸ਼ਾਲ ਇਸ ਮਾਂ ਭਗਵਤੀ ਜਾਗਰਣ ਵਿਚ ਯੂਰਪ ਦੇ ਹੀ ਨਹੀਂ ਸਗੋਂ ਵਿਸ਼ਵ ਪ੍ਰਸਿੱਧ ਦੋਗਾਣਾ ਜੋੜੀ ਲੱਖਾ ਨਾਜ ਨੇ ਮਾਤਾ ਰਾਣੀ ਦੇ ਦਰਬਾਰ ਆਪਣੀ ਸ਼ਰਧਾ ਭਰਪੂਰ ਹਾਜ਼ਰੀ ਲੁਆਈ ਤੇ ਪੰਡਾਲ ਦੀ ਸਮੂਹ ਸੰਗਤ ਨੂੰ ਮਾਤਾ ਰਾਣੀ ਦੇ ਭਗਤੀ ਰਸ ਵਿਚ ਨੱਚਣ ਲਗਾ ਦਿੱਤਾ। ਚੁਫੇਰੇ ਜੈ ਮਾਤਾ ਦੇ ਲੱਗ ਰਹੇ ਜੈਕਾਰੇ ਅਲੌਕਿਕ ਨਜ਼ਾਰਾ ਪੇਸ਼ ਕਰ ਰਹੇ ਸਨ।
ਇਸ 7ਵੇਂ ਮਾਂ ਭਗਵਤੀ ਜਾਗਰਣ ਮੌਕੇ ਰਾਜੂ ਚਮਕੌਰ ਸਾਹਿਬ ਤੋਂ ਇਲਾਵਾ ਹੋਰ ਵੀ ਭਜਨ ਮੰਡਲੀਆਂ ਨੇ ਮਹਾਮਾਈ ਦਾ ਗੁਣਗਾਨ ਕੀਤਾ। ਭਾਰਤੀ ਅੰਬੈਂਸੀ ਰੋਮ ਵੱਲੋਂ ਉਪ ਰਾਜਦੂਤ ਅਮਰਾਰਮ ਗੁੱਜਰ ਵੱਲੋਂ ਵੀ ਜਾਗਰਣ ਵਿਚ ਪਹੁੰਚ ਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ, ਜਦਕਿ ਇਲਾਕੇ ਦੇ ਸਮੂਹ ਗੁਰਦੁਆਰਾ ਸਾਹਿਬਾਨ ਸਿੰਘ ਸਭਾ, ਸ੍ਰੀ ਗੁਰੂ ਰਵਿਦਾਸ ਸਭਾਵਾਂ ਤੇ ਹਿੰਦੂ ਮੰਦਿਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਮਾਂ ਭਗਵਤੀ ਜਾਗਰਣ ਵਿਚ ਭਰਵੀਂ ਹਾਜ਼ਰੀ ਲਗਵਾਈ ਗਈ। ਦੁਰਗਾ ਸ਼ਕਤੀ ਮਾਤਾ ਮੰਦਿਰ ਦੀ ਪ੍ਰਬੰਧਕ ਕਮੇਟੀ ਨੇ ਇਟਲੀ ਦੀਆਂ ਸਭ ਸੰਗਤਾਂ ਦੀ ਇਸ ਮਾਂ ਭਗਵਤੀ ਜਾਗਰਣ ਵਿਚ ਹਾਜ਼ਰੀ ਭਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਭਾਗਾਂ ਭਰਿਆ ਸਮਾਂ ਮੁਕੱਦਰਾਂ ਨਾਲ ਹੀ ਮਿਲਦਾ ਹੈ, ਜਿਸ ਦਾ ਸਭ ਸੰਗਤ ਨੇ ਪੂਰਾ ਲਾਹਾ ਲਿਆ। ਇਹ ਮਾਂ ਭਗਵਤੀ ਜਾਗਰਣ ਕਿਸੇ ਇਕ ਧਰਮ ਦਾ ਨਹੀਂ ਸਗੋਂ ਸਭ ਧਰਮਾਂ ਦਾ ਸਾਂਝਾ ਉਤਸਵ ਹੈ, ਜਿਸ ਨੂੰ ਨੇਪਰੇ ਚਾੜ੍ਹਨ ਲਈ ਸਭ ਸੰਗਤ ਦਾ ਸਦਾ ਭਰਪੂਰ ਸਹਿਯੋਗ ਰਹਿੰਦਾ ਹੈ। ਇਸ ਮੌਕੇ ਮਾਤਾ ਰਾਣੀ ਦੇ ਅਤੁੱਟ ਭੰਡਾਰੇ ਵਰਤਾਏ ਗਏ। ਜਾਗਰਣ ਵਿਚ ਮਹਾਮਾਈ ਦੇ ਜਾਗਰਣ ਦੀ ਜੋਤ ਮੰਦਿਰ ਦੇ ਪੁਜਾਰੀ ਪੰਡਤ ਸੁਨੀਲ ਸ਼ਾਸਤਰੀ ਵੱਲੋਂ ਪ੍ਰਚੰਡ ਕੀਤੀ ਗਈ। ਇਸ ਮੌਕੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਮਹਾਮਾਈ ਦੇ ਜਾਗਰਣ ਵਿਚ ਨਤਮਸਤਕ ਹੋ ਕੇ ਹਾਜ਼ਰੀ ਭਰੀ। ਮਾਂ ਭਗਵਤੀ ਜਾਗਰਣ, ਜੋ ਸਾਰੀ ਰਾਤ ਹੋਇਆ , ਨੂੰ ਸੰਗਤ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਸਾਰੀ ਰਾਤ ਹੀ ਭਗਤੀ ਲਹਿਰ ਵਿਚ ਝੂਮਦਿਆਂ ਸਰਵਣ ਕੀਤਾ ਗਿਆ।
ਇਟਲੀ : ਗੁਰੂ ਲਾਧੋ ਰੇ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਆਯੋਜਿਤ
NEXT STORY