ਕੀ ਧਰਮ ਬਦਲਣ ਤੋਂ ਬਾਅਦ ਦਲਿਤਾਂ ਨੂੰ ਸਨਮਾਨ ਤੇ ਇਨਸਾਫ ਮਿਲ ਸਕਿਆ ਹੈ? ਜੇ ਅੱਜ ਦਲਿਤਾਂ ਦੀ ਸਥਿਤੀ ਤਸੱਲੀਬਖਸ਼ ਨਹੀਂ ਹੈ ਤਾਂ ਕੀ ਭਾਰਤੀ ਉਪ-ਮਹਾਦੀਪ ਵਿਚ ਇਸਲਾਮ ਜਾਂ ਇਸਾਈ ਮਤ ਉਨ੍ਹਾਂ ਨੂੰ ਸਮਾਜਿਕ ਨਿਆਂ ਦਿਵਾ ਸਕਦਾ ਹੈ?
ਇਹ ਸਵਾਲ ਕੇਰਲਾ ਦੀ ਉਸ ਘਟਨਾ ਕਾਰਨ ਉੱਠਿਆ ਹੈ, ਜਿਸ ਵਿਚ ਪਿਛਲੇ ਦਿਨੀਂ ਇਕ ਦਲਿਤ-ਇਸਾਈ ਕੇਵਿਨ ਪੀ. ਜੋਸਫ ਦੀ ਬੇਰਹਿਮੀ ਨਾਲ ਹੱਤਿਆ ਸਿਰਫ ਇਸ ਲਈ ਕਰ ਦਿੱਤੀ ਗਈ ਕਿਉਂਕਿ ਉਸ ਨੇ ਇਸਾਈ ਮਤ ਦੀ ਇਕ ਉੱਚੀ ਜਾਤ ਦੀ ਮੁਟਿਆਰ ਨਾਲ ਲਵ ਮੈਰਿਜ ਕਰਨ ਦੀ 'ਜੁਰਅੱਤ' ਕੀਤੀ ਸੀ।
ਖੱਬੇਪੱਖੀ ਦਹਾਕਿਆਂ ਤੋਂ ਅਤੇ ਅੱਜ ਵੀ ਦਲਿਤ-ਮੁਸਲਿਮ ਗੱਠਜੋੜ ਦੀ ਵਕਾਲਤ ਕਰ ਰਹੇ ਹਨ। ਚਰਚ ਵੀ ਦਲਿਤਾਂ ਨੂੰ ਧਰਮ ਪਰਿਵਰਤਨ ਤੋਂ ਬਾਅਦ ਇਕ ਆਦਰਸ਼ ਅਤੇ ਖੁਸ਼ਹਾਲ ਸਮਾਜ ਦਾ ਸੁਪਨਾ ਦਿਖਾਉਂਦਾ ਹੈ। ਆਜ਼ਾਦੀ ਤੋਂ ਪਹਿਲਾਂ ਦਲਿਤ ਇਸ ਪ੍ਰਾਪੇਗੰਡੇ ਦਾ ਸ਼ਿਕਾਰ ਹੁੰਦੇ ਰਹੇ ਹਨ। ਖੱਬੇਪੱਖੀਆਂ ਦੇ ਸਮਰਥਨ ਨਾਲ ਮੁਸਲਿਮ ਲੀਗ ਨੇ ਇਸੇ ਘਿਨਾਉਣੇ ਗੱਠਜੋੜ ਵਿਚ ਬੰਗਾਲ ਦੇ ਦਲਿਤ ਆਗੂ ਜੋਗਿੰਦਰ ਨਾਥ ਮੰਡਲ ਨੂੰ ਸ਼ਾਮਲ ਕੀਤਾ ਸੀ, ਜੋ ਪਾਕਿਸਤਾਨੀ ਸੰਵਿਧਾਨ ਸਭਾ ਦਾ ਮੁਖੀ ਅਤੇ ਬਾਅਦ ਵਿਚ ਉਥੋਂ ਦੀ ਪਹਿਲੀ ਸਰਕਾਰ ਵਿਚ ਮੰਤਰੀ ਵੀ ਬਣਾਇਆ ਗਿਆ।
ਜੋਗਿੰਦਰ ਨਾਥ ਮੰਡਲ ਨੂੰ 'ਦਲਿਤ-ਮੁਸਲਿਮ ਭਾਈ-ਭਾਈ' ਨਾਅਰੇ ਦਾ ਭਿਆਨਕ ਰੂਪ ਉਦੋਂ ਨਜ਼ਰ ਆਇਆ, ਜਦੋਂ ਮੁਸਲਿਮ ਲੀਗ ਆਪਣੇ ਮਜ਼੍ਹਬੀ ਏਜੰਡੇ ਦੇ ਤਹਿਤ ਪਾਕਿਸਤਾਨ ਨੂੰ ਕਾਫਿਰਾਂ ਤੋਂ ਮੁਕਤ ਕਰਨ ਵਿਚ ਜੁਟ ਗਈ। ਪੱਛਮੀ ਅਤੇ ਪੂਰਬੀ ਪਾਕਿਸਤਾਨ ਵਿਚ ਦਲਿਤਾਂ ਸਮੇਤ ਜ਼ਿਆਦਾਤਰ ਗੈਰ-ਮੁਸਲਮਾਨਾਂ ਨੇ ਇਸਲਾਮੀ ਕੱਟੜਪੰਥੀਆਂ ਦਾ ਘੋਰ ਤਸ਼ੱਦਦ ਝੱਲਿਆ। ਆਪਣੇ ਭਾਈਚਾਰੇ ਦੀ ਰੱਖਿਆ ਕਰਨ ਵਿਚ ਨਾਕਾਮ ਰਹੇ ਮੰਡਲ ਅਕਤੂਬਰ 1950 ਨੂੰ ਪਾਕਿਸਤਾਨ ਦੀ ਤੱਤਕਾਲੀ ਲਿਆਕਤ ਸਰਕਾਰ ਤੋਂ ਅਸਤੀਫਾ ਦੇ ਕੇ ਭਾਰਤ ਪਰਤ ਆਏ।
ਤਾਜ਼ਾ ਮਾਮਲਾ ਕੇਰਲ ਦੇ ਕੋਟਾਇਮ ਨਾਲ ਸੰਬੰਧਤ ਹੈ। ਦੋ ਸਾਲਾਂ ਦੇ ਪ੍ਰੇਮ-ਪ੍ਰਸੰਗ ਤੋਂ ਬਾਅਦ ਕੇਵਿਨ ਨੇ 25 ਮਈ ਨੂੰ ਆਪਣੀ 20 ਸਾਲਾ ਪ੍ਰੇਮਿਕਾ ਨੀਨੂ ਚਾਕੋ ਨਾਲ ਏਟੂਮੰਨੂਰ ਵਿਚ ਸਥਿਤ ਸਬ-ਰਜਿਸਟਰਾਰ ਦੇ ਦਫਤਰ ਵਿਚ ਵਿਆਹ ਕਰਵਾ ਲਿਆ। ਇਸ ਨੂੰ ਲੈ ਕੇ ਨੀਨੂ ਦੇ ਪਰਿਵਾਰ ਵਾਲਿਆਂ ਨੇ ਪੁਲਸ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਨੀਨੂ ਨੂੰ ਜ਼ਬਰਦਸਤੀ ਉਸ ਦੇ ਮਾਂ-ਪਿਓ ਕੋਲ ਭੇਜਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਹੀਂ ਗਈ।
27 ਮਈ (ਐਤਵਾਰ) ਦੀ ਸਵੇਰ ਨੂੰ ਕੁਝ ਬਦਮਾਸ਼ ਹਥਿਆਰਾਂ ਨਾਲ ਲੈਸ ਹੋ ਕੇ 3 ਗੱਡੀਆਂ ਵਿਚ ਆਏ ਅਤੇ ਮਾਰ-ਕੁਟਾਈ ਤੋਂ ਬਾਅਦ ਉਨ੍ਹਾਂ ਨੇ ਕੇਵਿਨ ਤੇ ਉਸ ਦੇ ਚਚੇਰੇ ਭਰਾ ਅਨੀਸ਼ ਨੂੰ ਅਗ਼ਵਾ ਕਰ ਲਿਆ। ਜਦੋਂ ਉਨ੍ਹਾਂ ਦੇ ਪਰਿਵਾਰ ਵਾਲੇ ਸ਼ਿਕਾਇਤ ਕਰਨ ਲਈ ਸਥਾਨਕ ਪੁਲਸ ਥਾਣੇ ਵਿਚ ਗਏ ਤਾਂ ਪੁਲਸ ਅਧਿਕਾਰੀ ਨੇ ਮੁੱਖ ਮੰਤਰੀ ਦੇ ਦੌਰੇ 'ਚ ਰੁੱਝਿਆ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ।
ਬਾਅਦ ਵਿਚ ਅਨੀਸ਼ ਨੂੰ ਤਾਂ ਉਨ੍ਹਾਂ ਨੇ ਛੱਡ ਦਿੱਤਾ ਪਰ 28 ਮਈ ਨੂੰ ਕੋਲਮ ਦੀ ਇਕ ਨਹਿਰ 'ਚੋਂ ਕੇਵਿਨ ਦੀ ਗਲੀ-ਸੜੀ ਲਾਸ਼ ਮਿਲੀ। ਕਤਲ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਸ਼ਿਕਾਇਤ ਦਰਜ ਨਾ ਕਰਨ ਵਾਲੇ ਦੋਸ਼ੀ ਪੁਲਸ ਅਧਿਕਾਰੀ ਨੂੰ ਮੁਅੱਤਲ ਕਰ ਕੇ ਅਗਵਾ ਤੇ ਕਤਲ ਦੇ ਦੋਸ਼ ਹੇਠ ਲੱਗਭਗ ਇਕ ਦਰਜਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ। ਮਾਮਲੇ ਵਿਚ ਮੁਟਿਆਰ ਦੇ ਪਿਤਾ ਅਤੇ ਭਰਾ ਤੋਂ ਇਲਾਵਾ ਜਿਹੜੇ 3 ਵਿਅਕਤੀਆਂ ਨਿਆਜ਼, ਰਿਆਜ਼ ਅਤੇ ਈਸ਼ਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਸਾਰੇ ਖੱਬੇਪੱਖੀ ਵਿਦਿਆਰਥੀ ਸੰਗਠਨ ਡੈਮੋਕ੍ਰੇਟਿਕ ਯੂਥ ਫੈੱਡਰੇਸ਼ਨ ਆਫ ਇੰਡੀਆ ਵਿਚ ਸਰਗਰਮ ਵਰਕਰ ਹਨ।
ਇਹ ਸੱਚ ਹੈ ਕਿ ਜੇ ਪੁਲਸ ਲਾਪਰਵਾਹੀ ਨਾ ਦਿਖਾਉਂਦੀ ਤਾਂ ਕੇਵਿਨ ਸ਼ਾਇਦ ਅੱਜ ਜ਼ਿੰਦਾ ਹੁੰਦਾ ਪਰ ਇਸ ਘਟਨਾ ਨੂੰ ਸਿਰਫ ਪੁਲਸ ਪ੍ਰਸ਼ਾਸਨ ਦੀ ਲਾਪਰਵਾਹੀ ਕਹਿਣਾ ਤੇ ਪੂਰੇ ਮਾਮਲੇ ਨੂੰ ਉਸੇ ਨਜ਼ਰ ਨਾਲ ਦੇਖਣਾ, ਕੀ ਜਾਇਜ਼ ਹੈ? ਭਾਰਤ ਵਿਚ ਜਦੋਂ ਵੀ ਦਲਿਤਾਂ 'ਤੇ ਅੱਤਿਆਚਾਰ ਦੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਪੁੱਠੀਆਂ-ਸਿੱਧੀਆਂ ਦਲੀਲਾਂ ਦੀ ਝੜੀ ਲੱਗ ਜਾਂਦੀ ਹੈ। ਕੀ ਕੇਵਿਨ ਦੀ ਹੱਤਿਆ ਦੇ ਮਾਮਲੇ 'ਤੇ ਨਿਰਪੱਖ ਚਰਚਾ ਦੀ ਲੋੜ ਨਹੀਂ?
ਦਲਿਤ-ਇਸਾਈ ਕੇਵਿਨ ਦੀ ਹੱਤਿਆ ਨੇ ਚਰਚ ਅਤੇ ਇਸਾਈ ਮਿਸ਼ਨਰੀਆਂ ਦੇ ਉਸ ਖੋਖਲੇ ਦਾਅਵੇ ਅਤੇ ਧਰਮ ਪਰਿਵਰਤਨ ਤੋਂ ਬਾਅਦ ਦੀ ਸੱਚਾਈ ਨੂੰ ਜ਼ਾਹਿਰ ਕਰ ਦਿੱਤਾ ਹੈ, ਜਿਸ ਵਿਚ ਉਹ ਦੇਸ਼ ਦੇ ਸ਼ੋਸ਼ਿਤ ਵਰਗਾਂ, ਖਾਸ ਕਰਕੇ ਦਲਿਤਾਂ ਨੂੰ ਛੂਤਛਾਤ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਛੁਟਕਾਰਾ ਦਿਵਾਉਣ ਦਾ ਭਰੋਸਾ ਦੇ ਕੇ ਅਤੇ ਖੁਸ਼ਹਾਲ ਸਮਾਜ ਦਾ ਸੁਪਨਾ ਦਿਖਾ ਕੇ ਲਾਲਚ ਦੇ ਜ਼ਰੀਏ ਧਰਮ ਬਦਲਣ ਲਈ ਪ੍ਰੇਰਿਤ ਕਰਦੇ ਹਨ।
ਬਿਨਾਂ ਸ਼ੱਕ ਦੇਸ਼ ਵਿਚ ਦਲਿਤਾਂ 'ਤੇ ਹੋਣ ਵਾਲਾ ਹਰੇਕ ਤਸ਼ੱਦਦ ਅਤੇ ਸ਼ੋਸ਼ਣ ਭਾਰਤੀ ਸਮਾਜ ਦੇ ਮੱਥੇ 'ਤੇ ਕਲੰਕ ਹੈ। ਸਦੀਆਂ ਤੋਂ ਹਿੰਦੂ ਅਧਿਆਤਮਕ ਅਤੇ ਸਿਆਸੀ ਲੀਡਰਸ਼ਿਪ ਨੇ ਇਸ ਸਮਾਜਿਕ ਬੇਇਨਸਾਫੀ ਵਿਰੁੱਧ ਜੋ ਤਪ, ਸੰਘਰਸ਼ ਕੀਤਾ ਹੈ, ਉਹ ਅਜੇ ਆਪਣੇ ਉਦੇਸ਼ ਤਕ ਨਹੀਂ ਪਹੁੰਚਿਆ ਹੈ, ਇਸ ਲਈ ਇਸ ਦਿਸ਼ਾ ਵਿਚ ਅਜੇ ਕਾਫੀ ਕੁਝ ਕਰਨਾ ਬਾਕੀ ਹੈ।
ਮਈ 2014 ਤੋਂ ਬਾਅਦ ਜਿਹੜੇ ਗਿਣੇ-ਚੁਣੇ ਦਲਿਤ ਅੱਤਿਆਚਾਰਾਂ ਨੂੰ ਲੈ ਕੇ ਦੇਸ਼ ਦੇ ਆਪੇ ਬਣੇ ਸੈਕੁਲਰਿਸਟਾਂ, ਖੱਬੇਪੱਖੀਆਂ ਅਤੇ ਕਥਿਤ ਉਦਾਰਵਾਦੀਆਂ ਨੇ ਭਾਜਪਾ ਤੇ ਸੰਘ ਦਾ ਦਲਿਤ ਵਿਰੋਧੀ ਅਕਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਦੀ ਕੇਵਿਨ ਹੱਤਿਆਕਾਂਡ 'ਤੇ ਕਿਹੋ ਜਿਹੀ ਪ੍ਰਤੀਕਿਰਿਆ ਹੈ?
ਦੇਸ਼ ਵਿਚ ਅੱਜ ਸ਼ਾਂਤੀ ਹੈ, ਅਸਹਿਣਸ਼ੀਲਤਾ ਨਾਂ ਦੀ ਕੋਈ ਚੀਜ਼ ਨਹੀਂ ਹੈ, ਕਿਤੇ ਅੰਦੋਲਨ ਨਹੀਂ ਹੋ ਰਿਹਾ, ਬੁੱਧੀਜੀਵੀ ਐਵਾਰਡ ਵਾਪਸ ਨਹੀਂ ਕਰ ਰਹੇ, ਜ਼ਿਆਦਾਤਰ ਅਖ਼ਬਾਰਾਂ ਅਤੇ ਨਿਊਜ਼ ਚੈਨਲ ਖ਼ਬਰਾਂ ਦੇਣ ਤਕ ਸੀਮਤ ਹਨ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਨਾ ਤਾਂ ਕਰੋੜਾਂ ਰੁਪਏ ਦੀ ਮਾਲੀ ਸਹਾਇਤਾ ਮਿਲੀ ਹੈ ਤੇ ਨਾ ਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ।
ਕੇਵਿਨ ਹੱਤਿਆਕਾਂਡ 'ਤੇ ਦੇਸ਼ ਵਿਚ ਇਸ ਉਕਤ ਦ੍ਰਿਸ਼ ਦੇ 4 ਪ੍ਰਮੁੱਖ ਕਾਰਨ ਹਨ। ਪਹਿਲਾ—ਘਟਨਾ ਵਿਚ ਸ਼ਾਮਲ ਦੋਵੇਂ ਪਰਿਵਾਰ ਐਲਾਨੇ ਤੌਰ 'ਤੇ ਗੈਰ-ਹਿੰਦੂ ਹਨ, ਦੂਜਾ—ਦਲਿਤ-ਇਸਾਈ ਕੇਵਿਨ ਦੀ ਹੱਤਿਆ ਕਰਨ ਵਾਲੇ ਜ਼ਿਆਦਾਤਰ ਖੱਬੇਪੱਖੀ ਵਿਦਿਆਰਥੀ ਇਕਾਈ ਦੇ ਸਰਗਰਮ ਵਰਕਰ ਅਤੇ ਨੇਤਾ ਹਨ, ਜਿਨ੍ਹਾਂ ਦੀ ਵਿਚਾਰਧਾਰਾ ਦਾ ਮੂਲ ਹੀ ਹਿੰਸਾ ਹੈ, ਤੀਜਾ—ਜਿਸ ਸੂਬੇ ਵਿਚ ਕੇਵਿਨ ਦੀ ਹੱਤਿਆ ਹੋਈ, ਉਥੇ ਭਾਜਪਾ ਦੀ ਸਰਕਾਰ ਨਹੀਂ ਹੈ ਤੇ ਚੌਥਾ ਕਾਰਨ ਹੈ ਚਰਚ ਦੀ ਭੂਮਿਕਾ।
ਦਸੰਬਰ 2016 ਵਿਚ ਕੈਥੋਲਿਕ ਬਿਸ਼ਪ ਕਾਨਫਰੰਸ ਆਫ ਇੰਡੀਆ (ਸੀ. ਬੀ. ਸੀ. ਆਈ.) ਦੇ ਨੀਤੀ-ਪੱਤਰ ਵਿਚ ਮੰਨਿਆ ਗਿਆ ਹੈ ਕਿ ਚਰਚ ਵਿਚ ਦਲਿਤ-ਇਸਾਈਆਂ ਨਾਲ ਛੂਤਛਾਤ ਅਤੇ ਵਿਤਕਰਾ ਵੱਡੇ ਪੱਧਰ 'ਤੇ ਮੌਜੂਦ ਹੈ। ਕੇਰਲ ਵਿਚ ਦਲਿਤ-ਇਸਾਈ ਨੂੰ ਇਸਾਈਆਂ ਦੀਆਂ ਉੱਚ ਜਾਤਾਂ, ਖਾਸ ਕਰਕੇ ਸੀਰੀਆਈ ਇਸਾਈ ਸਮਾਜ ਵਿਚ ਵਿਆਹ ਕਰਨ ਦੀ ਇਜਾਜ਼ਤ ਨਹੀਂ ਹੈ। ਦਲਿਤ ਇਸਾਈਆਂ ਦਾ ਸੀਰੀਆਈ ਗਿਰਜਾਘਰਾਂ ਤੇ ਕਬਰਿਸਤਾਨ ਵਿਚ ਜਾਣਾ ਮਨ੍ਹਾ ਹੈ। ਉਨ੍ਹਾਂ ਲਈ ਕੇਰਲ ਤੇ ਹੋਰ ਦੱਖਣ ਭਾਰਤੀ ਸੂਬਿਆਂ ਵਿਚ ਵੱਖਰੇ ਤੌਰ 'ਤੇ ਪ੍ਰਬੰਧ ਕੀਤਾ ਗਿਆ ਹੈ। ਆਖਿਰ ਇਸ ਕੌੜੇ ਸੱਚ ਨੂੰ ਮੰਨਣ ਤੋਂ ਦੇਸ਼ ਦੇ ਕਥਿਤ ਸੈਕੁਲਰਿਸਟ ਝਿਜਕਦੇ ਕਿਉਂ ਹਨ?
ਭਾਰਤ ਵਿਚ ਇਸਾਈ ਮਤ ਦਾ ਇਤਿਹਾਸ ਬਹੁਤ ਪੁਰਾਣਾ ਹੈ। ਈਸਾ ਮਸੀਹ ਦੇ ਸਰੀਰ ਛੱਡ ਜਾਣ ਤੋਂ 2 ਦਹਾਕਿਆਂ ਬਾਅਦ ਹੀ ਸੇਂਟ ਥਾਮਸ ਕੇਰਲ ਦੇ ਤੱਟ 'ਤੇ ਪਹੁੰਚੇ, ਜਿਸ ਤੋਂ ਬਾਅਦ ਕੁਝ ਸਮਾਂ ਪਾ ਕੇ ਸਥਾਨਕ ਲੋਕਾਂ ਨੇ ਇਸਾਈ ਮਤ ਨੂੰ ਅਪਣਾਇਆ। ਉਹ ਸਾਰੇ ਸੀਰੀਆਈ ਚਰਚ ਨੂੰ ਮੰਨਣ ਵਾਲੇ ਸਨ। ਉਹ ਕਈ ਸਦੀਆਂ ਤਕ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਸ਼ਾਂਤੀ ਤੇ ਭਾਈਚਾਰੇ ਦੇ ਮਾਹੌਲ ਵਿਚ ਰਹੇ। ਸਮੱਸਿਆ ਉਦੋਂ ਪੈਦਾ ਹੋਈ, ਜਦੋਂ 'ਕਰੂਸੇਡ' ਦੇ ਨਾਂ 'ਤੇ ਪੁਰਤਗਾਲੀ, ਡੱਚ ਅਤੇ ਅੰਗਰੇਜ਼ ਭਾਰਤੀ ਤੱਟਾਂ 'ਤੇ ਉਤਰੇ ਤੇ ਉਨ੍ਹਾਂ ਨਾਲ ਰੋਮਨ ਕੈਥੋਲਿਕ ਚਰਚ ਦਾ ਵੀ ਆਗਮਨ ਹੋਇਆ। ਪੁਰਤਗਾਲੀਆਂ ਨੂੰ ਇਥੇ ਇਸਾਈ ਮਤ ਦਾ ਤੱਤਕਾਲੀ ਸਰੂਪ ਬਿਲਕੁਲ ਵੀ ਪਸੰਦ ਨਹੀਂ ਆਇਆ ਕਿਉਂਕਿ ਉਹ ਯੂਰਪ ਵਲੋਂ ਸੰਚਾਲਿਤ ਨਹੀਂ ਸੀ ਤੇ ਨਾ ਹੀ ਉਥੋਂ ਦੇ ਰੀਤੀ-ਰਿਵਾਜਾਂ ਨੂੰ ਮੰਨਦਾ ਸੀ। ਉਨ੍ਹਾਂ ਨੇ 'ਸਾਮ-ਦਾਮ-ਦੰਡ-ਭੇਦ' ਨਾਲ ਲੋਕਾਂ ਨੂੰ ਈਸਾ ਦੇ ਚਰਨਾਂ ਵਿਚ ਪਨਾਹ ਲੈਣ ਲਈ ਮਜਬੂਰ ਕੀਤਾ, ਜਿਸ ਤੋਂ ਬਾਅਦ ਭਾਰਤ ਵਿਚ ਕੈਥੋਲਿਕ ਇਸਾਈਅਤ ਦਾ ਵਿਸਤਾਰ ਹੋਣ ਲੱਗਾ।
ਕੀ ਭਾਰਤ ਵਿਚ ਇਸਾਈਅਤ ਅਪਣਾਉਣ ਵਾਲੇ ਦਲਿਤਾਂ ਦੀ ਸਥਿਤੀ ਸੁਧਰੀ ਹੈ? ਦਲਿਤ-ਇਸਾਈਆਂ ਦੀ ਹਾਲਤ ਅੱਜ ਉਨ੍ਹਾਂ ਦਲਿਤਾਂ ਨਾਲੋਂ ਵੀ ਜ਼ਿਆਦਾ ਤਰਸਯੋਗ ਹੈ, ਜਿਹੜੇ ਚੁਣੌਤੀਆਂ ਨਾਲ ਸੰਘਰਸ਼ ਦਾ ਰਾਹ ਅਪਣਾ ਕੇ ਅੱਗੇ ਵਧਣ ਲਈ ਯਤਨਸ਼ੀਲ ਹਨ। ਵਿਦੇਸ਼ੀ ਧਨ ਬਲ ਅਤੇ ਆਪੇ ਬਣੇ ਸੈਕੁਲਰਿਸਟਾਂ ਦੇ ਆਸ਼ੀਰਵਾਦ ਨਾਲ ਚਰਚਾਂ ਦਾ ਦੇਸ਼ ਦੀ 30 ਫੀਸਦੀ ਸਿੱਖਿਆ ਅਤੇ 22 ਫੀਸਦੀ ਸਿਹਤ ਸੇਵਾਵਾਂ 'ਤੇ ਕਬਜ਼ਾ ਹੈ। ਭਾਰਤ ਸਰਕਾਰ ਤੋਂ ਬਾਅਦ ਸਭ ਤੋਂ ਵੱਧ ਜ਼ਮੀਨ ਚਰਚ ਕੋਲ ਹੈ ਅਤੇ ਉਹ ਵੀ ਦੇਸ਼ ਦੇ ਪਾਸ਼ ਇਲਾਕਿਆਂ ਵਿਚ।
ਭਾਰਤ ਵਿਚ ਕੈਥੋਲਿਕ ਚਰਚ ਦੇ 6 ਕਾਰਡੀਨਲਾਂ ਵਿਚ ਇਕ ਵੀ ਦਲਿਤ ਨਹੀਂ ਹੈ, 30 ਆਰਕਬਿਸ਼ਪਾਂ 'ਚੋਂ ਕੋਈ ਦਲਿਤ ਨਹੀਂ ਹੈ। ਇਸੇ ਤਰ੍ਹਾਂ 175 ਬਿਸ਼ਪਾਂ 'ਚੋਂ ਸਿਰਫ 9 ਅਤੇ 25,000 ਕੈਥੋਲਿਕ ਪਾਦਰੀਆਂ 'ਚੋਂ 1130 ਦਲਿਤ ਇਸਾਈ ਹਨ। ਕੀ ਚਰਚ ਵਿਵਸਥਾ ਵਿਚ ਦਲਿਤ-ਇਸਾਈਆਂ ਦੀ ਹਿੱਸੇਦਾਰੀ ਯਕੀਨੀ ਬਣਾਏ ਬਿਨਾਂ ਧਰਮ ਬਦਲ ਕੇ ਇਸਾਈ ਬਣਨ ਵਾਲਿਆਂ ਦੀ ਸਮਾਜਿਕ ਤੇ ਆਰਥਿਕ ਦਸ਼ਾ ਬਦਲਣੀ ਸੰਭਵ ਹੈ?
ਚਰਚਾਂ ਵਿਚ ਦਲਿਤ-ਇਸਾਈਆਂ ਦੀ ਸਥਿਤੀ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਸਮਾਜਿਕ ਵੱਕਾਰੀ ਅਤੇ ਆਰਥਿਕ ਖੁਸ਼ਹਾਲੀ ਦਾ ਸੁਪਨਾ ਦਿਖਾ ਕੇ ਸਿਰਫ 'ਠੱਗਿਆ' ਹੀ ਗਿਆ ਹੈ। ਕੁਝ ਸਾਲ ਪਹਿਲਾਂ ਦਲਿਤ-ਇਸਾਈਆਂ ਦੇ ਇਕ ਵਫਦ ਨੇ ਸੰਯੁਕਤ ਰਾਸ਼ਟਰ ਦੇ ਤੱਤਕਾਲੀ ਸਕੱਤਰ ਜਨਰਲ ਬਾਨ ਕੀ ਮੂਨ ਦੇ ਨਾਂ ਇਕ ਮੈਮੋਰੰਡਮ ਦੇ ਕੇ ਦੋਸ਼ ਲਾਇਆ ਸੀ ਕਿ ਕੈਥੋਲਿਕ ਚਰਚ ਤੇ ਵੈਟੀਕਨ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ ਤੇ ਚਰਚ ਅਦਾਰਿਆਂ ਵਿਚ ਉਨ੍ਹਾਂ ਨਾਲ ਜਾਤਵਾਦ ਦੇ ਨਾਂ 'ਤੇ ਵਿਤਕਰਾ ਕੀਤਾ ਜਾ ਰਿਹਾ ਹੈ।
ਇਸ ਸੰਕਟ ਦਾ ਹੱਲ ਤਾਂ ਹੀ ਹੋਵੇਗਾ, ਜਦੋਂ ਸਮਾਂ ਰਹਿੰਦਿਆਂ ਚਰਚ-ਇਸਾਈ ਮਿਸ਼ਨਰੀਆਂ ਦੀ ਧਰਮ ਪਰਿਵਰਤਨ ਮੁਹਿੰਮ 'ਤੇ ਮੁਕੰਮਲ ਰੋਕ ਲਾਈ ਜਾਵੇਗੀ।
ਚੀਨ ਨੇ UN 'ਚ ਦੇਸ਼ਾਂ ਨੂੰ ਆਪਣੇ ਪੁਲਾੜ ਸਟੇਸ਼ਨ ਦਾ ਇਸਤੇਮਾਤ ਕਰਨ ਲਈ ਦਿੱਤਾ ਸੱਦਾ
NEXT STORY