ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਮੱਤੇਵਾੜਾ ਦੇ ਜੰਗਲੀ ਖੇਤਰ ਵਿਚ ਕੱਲ ਲੱਗੀ ਅੱਗ ਕਾਰਨ ਜਿਥੇ ਕਈ ਦਰੱਖਤ ਤੇ ਜੰਗਲੀ ਬੂਟੀ ਇਸ ਦੀ ਭੇਟ ਚੜ੍ਹ ਗਈ, ਉਥੇ ਹੀ ਇਸ ਜੰਗਲ ਵਿਚ ਰਹਿੰਦੇ ਕਈ ਜਾਨਵਰ ਵੀ ਸੜ ਕੇ ਸੁਆਹ ਹੋ ਗਏ। ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਅੱਗ ਬੁਝਣ ਤੋਂ ਬਾਅਦ ਪਿੰਡ ਵਾਲਿਆਂ ਨੇ ਜੰਗਲੀ ਖੇਤਰ ਵਿਚ ਜਾ ਕੇ ਦੇਖਿਆ ਤਾਂ ਉਥੇ ਕਈ ਜਾਨਵਰਾਂ ਦੇ ਸੜੇ ਹੋਏ ਪਿੰਜਰ ਮਿਲੇ, ਜਿਨ੍ਹਾਂ ਦੀ ਗਿਣਤੀ 20 ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਜੰਗਲ ਵਿਚ ਮਿਲੇ ਮੋਰ ਤੋਂ ਇਲਾਵਾ ਹਿਰਨ, ਜੰਗਲੀ ਸੂਰ ਤੇ ਨੀਲ ਗਊਆਂ ਦੇ ਸੜੇ ਹੋਏ ਪਿੰਜਰਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੱਗ ਲੱਗਣ ਤੋਂ ਬਾਅਦ ਇਹ ਜਾਨਵਰ ਆਪਣੀ ਜਾਨ ਬਚਾਉਣ ਲਈ ਕਾਫ਼ੀ ਭੱਜੇ ਹੋਣਗੇ ਪਰ ਅੱਗ ਦਾ ਘੇਰਾ ਜ਼ਿਆਦਾ ਹੋਣ ਕਾਰਨ ਨਿਕਲ ਨਾ ਸਕੇ ਤੇ ਉਥੇ ਹੀ ਸੜ ਕੇ ਸੁਆਹ ਹੋ ਗਏ।
ਮੱਤੇਵਾੜਾ ਦੇ ਜੰਗਲਾਂ ਵਿਚ ਇਹ ਅੱਗ 30 ਏਕੜ ਤੋਂ ਵੱਧ ਖੇਤਰ ਵਿਚ ਲੱਗੀ ਹੋਈ ਸੀ, ਜਿਸ 'ਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਦੇਰ ਸ਼ਾਮ ਤਕ ਕਾਬੂ ਪਾਇਆ ਗਿਆ। ਜੰਗਲਾਤ ਵਿਭਾਗ ਦੇ ਕਰਮਚਾਰੀ ਵੀ ਜਾਨਵਰਾਂ ਦੀ ਮੌਤ ਤੋਂ ਬਾਅਦ ਜਾਂਚ ਵਿਚ ਜੁਟ ਗਏ ਸਨ ਤੇ ਖ਼ਬਰ ਲਿਖੇ ਜਾਣ ਤਕ ਉਨ੍ਹਾਂ ਨੂੰ 4-5 ਜਾਨਵਰਾਂ ਦੇ ਹੀ ਪਿੰਜਰ ਮਿਲੇ ਤੇ ਬਾਕੀ ਜੰਗਲ ਦੀ ਜਾਂਚ ਜਾਰੀ ਹੈ।
ਕੱਟੇ ਹੋਏ ਦਰੱਖਤ ਵੀ ਕਾਫੀ ਮਿਲੇ
ਮੱਤੇਵਾੜਾ ਦੇ ਜੰਗਲੀ ਖੇਤਰ ਵਿਚ ਜਦੋਂ ਪੱਤਰਕਾਰਾਂ ਵਲੋਂ ਦੌਰਾ ਕੀਤਾ ਗਿਆ ਤਾਂ ਉਥੇ ਦੇਖਣ ਨੂੰ ਮਿਲਿਆ ਕਿ ਕਾਫ਼ੀ ਦਰੱਖਤ ਕੱਟੇ ਹੋਏ ਸਨ, ਜਿਨ੍ਹਾਂ ਦੀਆਂ ਕੇਵਲ ਜੜ੍ਹਾਂ ਹੀ ਜ਼ਮੀਨ ਵਿਚ ਸਨ, ਬਾਕੀ ਹਿੱਸਾ ਗਾਇਬ ਸੀ। ਜਾਣਕਾਰੀ ਅਨੁਸਾਰ ਜ਼ਿਆਦਾਤਰ ਦਰੱਖਤ ਟਾਹਲੀ ਤੇ ਸਫ਼ੈਦੇ ਦੇ ਦੱਸੇ ਗਏ ਹਨ। ਕੁਝ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜੋ ਦਰੱਖਤ ਕੱਟੇ ਹੋਏ ਹਨ, ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਤੇ ਕੀਮਤੀ ਲੱਕੜ ਵਿਭਾਗ ਦੀ ਮਿਲੀਭੁਗਤ ਨਾਲ ਵੇਚੀ ਤਾਂ ਨਹੀਂ ਜਾ ਰਹੀ, ਜਦਕਿ ਦੂਜੇ ਪਾਸੇ ਜੰਗਲਾਤ ਵਿਭਾਗ ਦੇ ਅਧਿਕਾਰੀ ਪ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਝ ਦਰੱਖਤ ਜੋ ਸੁੱਕ ਜਾਂਦੇ ਹਨ ਉਨ੍ਹਾਂ ਨੂੰ ਵਿਭਾਗ ਦੀ ਮਨਜ਼ੂਰੀ ਨਾਲ ਕੱਟ ਦਿੱਤਾ ਜਾਂਦਾ ਹੈ ਤੇ ਕੋਈ ਵੀ ਦਰੱਖਤ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਕੱਟਿਆ ਜਾਂਦਾ।
ਬ੍ਰੇਕਫਾਸਟ ਨਾ ਕਰਨ ਨਾਲ ਸਰੀਰ ਨੂੰ ਹੋ ਸਕਦੀਆਂ ਹਨ ਇਹ ਪ੍ਰੇਸ਼ਾਨੀਆਂ
NEXT STORY