ਫਰੀਦਕੋਟ, (ਹਾਲੀ)- ਹਡ਼੍ਹਾਂ ਤੋਂ ਬਚਾਅ ਸਬੰਧੀ ਅਗਾਊਂ ਪ੍ਰਬੰਧਾਂ ਵਾਸਤੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਅਸ਼ੋਕਾ ਚੱਕਰ ਹਾਲ ਵਿਚ ਮੀਟਿੰਗ ਕੀਤੀ। ਉਨ੍ਹਾਂ ਨੇ ਸੰਭਾਵਿਤ ਹਡ਼੍ਹਾਂ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਕੰਮਾਂ, ਪ੍ਰਬੰਧਾਂ ਸਬੰਧੀ ਸਬੰਧਤ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ। ਉਨ੍ਹਾਂ ਅਧਿਕਾਰੀਆਂ ਨੂੰ ਇਸ ਦੌਰਾਨ ਆਪੋ-ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣ ਵਾਸਤੇ ਸੁਚੇਤ ਰਹਿਣ ਦੀ ਵੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਆਉਣ ਵਾਲੇ ਮਾਨਸੂਨ ਦੌਰਾਨ ਬਰਸਾਤਾਂ ਨਾਲ ਜ਼ਿਲੇੇ ’ਚ ਸੰਭਾਵਿਤ ਹਡ਼੍ਹਾਂ ਬਾਰੇ ਅਗਾਊਂ ਪ੍ਰਬੰਧਾਂ ਦੀਆਂ ਤਿਆਰੀਆਂ ਸਬੰਧੀ ਦੱਸਿਆ ਕਿ ਜ਼ਿਲਾ ਪੱਧਰ ਦਾ ਫਲੱਡ ਕੰਟਰੋਲ ਰੂਮ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਕੀਤਾ ਗਿਆ ਹੈ, ਜਿਸ ਦਾ ਨੰਬਰ 01639-250338 ਹੈ। ਇਹ ਕੰਟਰੋਲ ਰੂਮ 1 ਜੂਨ, 2018 ਤੋਂ ਸ਼ੁਰੂ ਹੋਵੇਗਾ।
ਇਸ ਤੋਂ ਇਲਾਵਾ ਫਲੱਡ ਕੰਟਰੋਲ ਰੂਮ ਤਹਿਸੀਲ ਪੱਧਰ ’ਤੇ ਵੀ ਸਥਾਪਤ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਐੱਸ. ਡੀ. ਐੱਮ., ਤਹਿਸੀਲਦਾਰ, ਸਿਵਲ ਸਰਜਨ, ਵੈਟਰਨਰੀ ਅਫ਼ਸਰ, ਡਰੇਨੇਜ ਤੇ ਸਿੰਚਾਈ ਵਿਭਾਗ ਤੇ ਪੁਲਸ ਵਿਭਾਗ ਨੂੰ ਵੀ ਕਿਹਾ ਕਿ ਉਹ ਹਡ਼੍ਹਾਂ ਦੀ ਰੋਕਥਾਮ ਸਬੰਧੀ ਚੌਕਸ ਰਹਿਣ ਤਾਂ ਜੋ ਮੁਸ਼ਕਲ ਸਮੇਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾ ਸਕੇ।
ਪਰਾਸ਼ਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਅਾਂ ਕਿਹਾ ਕਿ ਉਹ ਫਲੱਡ ਰਿਲੀਫ਼ ਸਾਮਾਨ ਨੂੰ ਤਿਆਰ ਰੱਖਣ, ਕਿਸ਼ਤੀਆਂ ਚਲਾਉਣ ਵਾਲੇ ਮਾਹਿਰ ਮੁਲਾਜ਼ਮਾਂ ਦੀਆਂ ਸੂਚੀਆਂ ਤਿਆਰ ਕਰਨ, ਮੈਡੀਕਲ ਸਹੂਲਤਾਂ, ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਭੰਡਾਰ ਕਰਨ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ, ਪਸ਼ੂਆਂ ਲਈ ਖੁਰਾਕ ਅਤੇ ਡਾਕਟਰੀ ਸਹੂਲਤਾਂ, ਬਿਜਲੀ ਦੀ ਨਿਰਵਿਘਨ ਸਪਲਾਈ, ਸਡ਼ਕਾਂ ਦੀ ਆਵਾਜਾਈ ਚਾਲੂ ਰੱਖਣ, ਪਿੰਡਾਂ ਦੇ ਛੱਪਡ਼ਾਂ ਅਤੇ ਡਰੇਨਾਂ ਦੀ ਸਫ਼ਾਈ ਅਤੇ ਪਾਣੀ ਦਾ ਨਿਕਾਸ ਕਰਨ, ਟੈਲੀਫੋਨ ਸੇਵਾਵਾਂ ਚਾਲੂ ਰੱਖਣ, ਲੋਡ਼ੀਂਦੇ ਟਰਾਂਸਪੋਰਟ ਦੇ ਪ੍ਰਬੰਧ ਕਰਨ, ਜੇ. ਸੀ. ਬੀ. ਮਸ਼ੀਨਾਂ, ਫਾਇਰ ਬ੍ਰਿਗੇਡ, ਸੀਵਰੇਜ ਦੇ ਯੋਗ ਪ੍ਰਬੰਧ ਕਰਨ ਦੇ ਆਦੇਸ਼ ਵੀ ਦਿੱਤੇ।
ਉਨ੍ਹਾਂ ਬੀ. ਡੀ. ਓ. ਨੂੰ ਪਿੰਡਾਂ ’ਚ ਛੱਪਡ਼ਾਂ ਦੀ ਸਫ਼ਾਈ ਅਤੇ ਪਾਣੀ ਦਾ ਠੀਕ ਢੰਗ ਨਾਲ ਨਿਕਾਸ ਕਰਨ ਦੇ ਵੀ ਹੁਕਮ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਐੱਸ. ਡੀ. ਐੱਮ. ਨੂੰ ਕਿਹਾ ਕਿ ਜ਼ਿਲੇ ਦੇ ਸਮੂਹ ਐੱਨ. ਜੀ. ਓਜ਼ ਨਾਲ ਤਾਲ-ਮੇਲ ਰੱਖਿਆ ਜਾਵੇ ਤਾਂ ਜੋ ਜ਼ਰੂਰਤ ਪੈਣ ’ਤੇ ਉਨ੍ਹਾਂ ਤੋਂ ਸਹਿਯੋਗ ਲਿਆ ਜਾ ਸਕੇ।
ਇਸ ਸਮੇਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਜੀਤ ਕੌਰ, ਐੱਸ. ਡੀ. ਐੱਮ. ਫ਼ਰੀਦਕੋਟ ਗੁਰਜੀਤ ਸਿੰਘ, ਐੱਸ. ਡੀ. ਐੱਮ. ਕੋਟਕਪੂਰਾ/ਜੈਤੋ ਡਾ. ਮਨਦੀਪ ਕੌਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਜਗਦੀਸ਼ ਸਿੰਘ ਜੌਹਲ ਤੋਂ ਇਲਾਵਾ ਜ਼ਿਲੇ ਦੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਮੌਜੂਦ ਸਨ।
ਸੁਖਪਾਲ ਖਹਿਰਾ ਨੇ ਕੀਤਾ ਸਤਲੁਜ ਦਰਿਆ 'ਤੇ ਦੌਰਾ
NEXT STORY