ਪਟਿਆਲਾ (ਮਨਦੀਪ ਜੋਸਨ)-ਪੰਜਾਬੀ ਯੂਨੀਵਰਸਿਟੀ ਦੇ ਦਿਲ ਵਜੋਂ ਜਾਣੀ ਜਾਂਦੀ 'ਐਗਜ਼ਾਮੀਨੇਸ਼ਨ ਬਰਾਂਚ' ਅੱਜਕਲ ਲਾਵਾਰਸ਼ ਨਜ਼ਰ ਆ ਰਹੀ ਹੈ। ਇੱਥੇ ਪਿਛਲੇ ਕਈ ਮਹੀਨਿਆਂ ਤੋਂ ਵਾਈਸ ਚਾਂਸਲਰ ਡਾ. ਬੀ. ਐੈੱਸ. ਘੁੰਮਣ ਪੱਕਾ ਕੰਟੋਰਲਰ (ਮੁਖੀ) ਹੀ ਨਹੀਂ ਲਾ ਸਕੇ। ਇਸ ਕਾਰਨ ਇੱਥੇ ਆਉਣ ਵਾਲੇ ਸੈਂਕੜੇ ਵਿਦਿਆਰਥੀ ਹਰ ਰੋਜ਼ ਖੱਜਲ-ਖੁਆਰ ਹੁੰਦੇ ਹਨ ਤੇ ਅਧਿਕਾਰੀਆਂ ਨੂੰ ਬੁਰਾ-ਭਲਾ ਬੋਲ ਕੇ ਵਾਪਸ ਮੁੜਦੇ ਹਨ। ਇੱਥੋਂ ਤੱਕ ਕਿ ਆਮ ਕਲਾਸਾਂ ਦੇ ਨਤੀਜੇ ਵੀ ਲੇਟ ਹੋ ਰਹੇ ਹਨ ਪਰ ਵਾਈਸ ਚਾਂਸਲਰ ਸਭ ਕੁੱਝ ਦੇਖਦੇ ਹੋਏ ਕੁੰਭਕਰਨੀ ਨੀਂਦ ਸੁੱਤੇ ਪਏ ਹਨ।
ਬਰਾਂਚ ਨਾਲ ਜੁੜਿਆ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ
ਪੰਜਾਬੀ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਤ ਅੱਧੇ ਪੰਜਾਬ ਦੇ ਕਾਲਜ ਐਗਜ਼ਾਮੀਨੇਸ਼ਨ ਬਰਾਂਚ ਨਾਲ ਜੁੜੇ ਹੁੰਦੇ ਹਨ। ਹਜ਼ਾਰਾਂ ਵਿਦਿਆਰਥੀਆਂ ਦੇ ਪੇਪਰ ਲੈਣੇ, ਰੋਲ ਨੰਬਰ ਭੇਜਣੇ ਦੇ ਨਾਲ-ਨਾਲ ਨਤੀਜੇ ਦੇਣੇ, ਫਿਰ ਸਰਟੀਫਿਕੇਟ ਇਸ ਬਰਾਂਚ ਨੇ ਮੁਹੱਈਆ ਕਰਾਉਣੇ ਹੁੰਦੇ ਹਨ। ਬਹੁਤ ਸਾਰੇ ਫੈਸਲੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀਆਂ ਪਾਵਰਾਂ ਸਿਰਫ ਤੇ ਸਿਰਫ ਬਰਾਂਚ ਦੇ ਮੁਖੀ ਕੰਟੋਰਲਰ ਕੋਲ ਹੀ ਹੁੰਦੀਆਂ ਹਨ। ਜੇਕਰ ਕੰਟੋਰਲਰ ਸੀਟ 'ਤੇ ਨਹੀਂ ਹੋਣਗੇ ਤਾਂ ਇਹ ਫੈਸਲੇ ਨਹੀਂ ਹੋ ਸਕਣਗੇ। ਹਰ ਰੋਜ਼ ਯੂਨੀਵਰਸਿਟੀ ਵਿਚ ਸੈਂਕੜੇ ਵਿਦਿਆਰਥੀ ਉਕਤ ਬਰਾਂਚ ਪਹੁੰਚਦੇ ਹਨ। ਕਿਸੇ ਦਾ ਰੋਲ ਨੰਬਰ ਗਲਤ ਜਾਂ ਮਿਲਿਆ ਹੀ ਨਹੀਂ, ਸਰਟੀਫਿਕੇਟ ਵਿਚ ਗਲਤੀ, ਫੀਸ ਸਮੇਤ ਦਰਜਨਾਂ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦਾ ਵਿਦਿਆਰਥੀਆਂ ਨੂੰ ਨਿੱਤ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚੋਂ ਬਹੁਤੀਆਂ ਸਮੱਸਿਆ ਦੀਆਂ ਫਾਈਲਾਂ ਕੰਟੋਰਲਰ ਤੱਕ ਜਾਂਦੀਆਂ ਹਨ। ਇਥੋਂ ਤੱਕ ਕਿ ਕਿਸ ਕਲਾਸ ਦੇ ਪੇਪਰ ਕਦੋਂ ਲੈਣੇ ਹਨ? ਕਿਹੜਾ ਸਟਾਫ ਨਿਯੁਕਤ ਕਰਨਾ ਹੈ? ਫਲਾਇੰਗ ਸਕੁਐਡ ਦੀਆਂ ਟੀਮਾਂ ਤੇ ਬਹੁਤ ਸਾਰੇ ਮੈਟਰ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਫੈਸਲੇ ਸਿੱਧੇ ਕੰਟਰੋਲਰ ਦੀ ਪ੍ਰਵਾਨਗੀ ਨਾਲ ਹੀ ਹੁੰਦੇ ਹਨ।
ਡੀਨ ਅਕੈਡਮਿਕ ਨੂੰ ਚਾਰਜ ਦੇ ਕੇ ਚਲਾਇਆ ਜਾ ਰਿਹੈ ਕੰਮ
ਪੰਜਾਬੀ ਯੂਨੀਵਰਸਿਟੀ ਪਿਛਲੇ ਕਈ ਮਹੀਨਿਆਂ ਤੋਂ ਯੂਨੀਵਰਸਿਟੀ ਦੇ ਡੀਨ ਅਕੈਡਮਿਕ ਪ੍ਰੋ. ਗੁਰਦੀਪ ਸਿੰਘ ਬਤਰਾ ਨੂੰ ਐਗਜ਼ਾਮੀਨੇਸ਼ਨ ਬਰਾਂਚ ਦਾ ਚਾਰਜ ਦੇ ਕੇ ਕੰਮ ਚਲਾ ਰਹੀ ਹੈ। ਵਾਈਸ ਚਾਂਸਲਰ ਤੋਂ ਬਾਅਦ ਯੂਨੀਵਰਸਿਟੀ ਵਿਚ 2 ਨੰਬਰ ਦੀ ਪੋਸਟ ਡੀਨ ਅਕੈਡਮਿਕ ਦੀ ਹੁੰਦੀ ਹੈ। ਹਰ ਫਾਈਲ ਡੀਨ ਰਾਹੀਂ ਹੀ ਵੀ. ਸੀ. ਕੋਲ ਜਾਂਦੀ ਹੈ, ਜਿਸ ਕਾਰਨ ਉਸ ਕੋਲ ਇਨਾ ਜ਼ਿਆਦਾ ਕੰਮ ਹੁੰਦਾ ਹੈ ਕਿ ਉਹ ਹੋਰ ਬਰਾਂਚ ਦਾ ਕੰਮ ਹੀ ਦੇਖ ਨਹੀਂ ਸਕਦਾ ਹੈ। ਇੱਥੇ ਹੀ ਬੱਸ ਨਹੀਂ, ਪ੍ਰੋ. ਬਤਰਾ ਇਕ ਹੋਰ ਅਹਿਮ ਵਿਭਾਗ ਐੈੱਮ. ਬੀ. ਏ. ਦੇ ਡੀਨ ਹਨ, ਜਿਸ ਕਾਰਨ ਐਗਜ਼ਾਮੀਨੇਸ਼ਨ ਬਰਾਂਚ ਦਾ ਲਾਵਾਰਸ ਹੋਣਾ ਲਾਜ਼ਮੀ ਹੈ।
ਵਾਈਸ ਚਾਂਸਲਰ ਇਕੋ ਹੀ ਪ੍ਰੋਫੈਸਰ 'ਤੇ ਪੂਰੇ ਦਿਆਲ!
ਵਾਈਸ ਚਾਂਸਲਰ ਆਖਰ ਇਕ ਪ੍ਰੋਫੈਸਰ 'ਤੇ ਹੀ ਇੰਨੇ ਕਿਉਂ ਦਿਆਲ ਹਨ? ਇਹ ਸਵਾਲ ਅੱਜਕਲ ਯੂਨੀਵਰਸਿਟੀ ਦੇ ਗਲਿਆਰੀਆਂ ਵਿਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਕ ਪ੍ਰੋਫੈਸਰ ਕੋਲ ਹੀ ਡੀਨ ਅਕੈਡਮਿਕ, ਯੂਨੀਵਰਸਿਟੀ ਕੰਟੋਰਲਰ ਤੇ ਇਕ ਹੋਰ ਅਹਿਮ ਵਿਭਾਗ ਦੇ ਡੀਨ ਦਾ ਚਾਰਜ ਹੈ। ਕੀ ਯੂਨਵਰਸਿਟੀ ਕੋਲ ਯੋਗ ਪ੍ਰੋਫੈਸਰਾਂ ਦੀ ਕਮੀ ਹੈ ਜਾਂ ਵੀ. ਸੀ. ਜਾਣ-ਬੁੱਝ ਕੇ ਕਿਸੇ ਹੋਰ ਨੂੰ ਇਨ੍ਹਾਂ ਪੋਸਟਾਂ 'ਤੇ ਨਹੀਂ ਲਾਉਣਾ ਚਾਹੁੰਦੇ ਹਨ? ਇਸ ਤਰ੍ਹਾਂ ਦੀਆਂ ਚਰਚਾਵਾਂ ਹੁਣ ਚਾਰੇ ਪਾਸੇ ਹੈ। ਇਸ ਸਭ ਵਿਚਾਲੇ ਵਿਦਿਆਰਥੀਆਂ ਦੀ ਭਾਰੀ ਖੱਜਲ-ਖੁਆਰੀ ਹੋ ਰਹੀ ਹੈ, ਜਿਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਬ੍ਰਿਟੇਨ ਦੇ ਅਮੀਰਾਂ ਦੀ ਸੂਚੀ ਵਿਚ ਹਿੰਦੂਜਾ ਬਰਦਰਜ਼ ਦੂਜੇ ਨੰਬਰ 'ਤੇ
NEXT STORY