ਫਰੀਦਕੋਟ, (ਰਾਜਨ)- ਸਮੇਂ-ਸਮੇਂ ਦੀਅਾਂ ਸਰਕਾਰਾਂ ਦੀ ਅਣਦੇਖੀ ਦਾ ਨਤੀਜਾ ਆਮ ਲੋਕਾਂ ਨੂੰ ਕਿਸ ਹੱਦ ਤੱਕ ਭੁਗਤਣਾ ਪੈ ਸਕਦਾ ਹੈ, ਇਸ ਦਾ ਅੰਦਾਜ਼ਾ ਸਥਾਨਕ ਜੌਡ਼ੀਆਂ ਨਹਿਰਾਂ ਸਰਹਿੰਦ ਅਤੇ ਰਾਜਸਥਾਨ ਫੀਡਰ ਨੂੰ ਵੇਖ ਕੇ ਲਾਇਆ ਜਾ ਸਕਦਾ ਹੈ, ਜਿਨ੍ਹਾਂ ਦਾ ਪਾਣੀ ਲੁਧਿਆਣਾ ਅਤੇ ਜਲੰਧਰ ਦੀਆਂ ਉਦਯੋਗਿਕ ਇਕਾਈਆਂ ਦੇ ਕੈਮੀਕਲ ਯੁਕਤ ਪਾਣੀ ਨਾਲ ਬੇਹੱਦ ਜ਼ਹਿਰੀਲਾ ਹੋ ਚੁੱਕਾ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਲਗਾਤਾਰ ਕਈ ਸਾਲਾਂ ਤੋਂ ਲੁਧਿਆਣਾ ਦੀਆਂ ਉਦਯੋਗਿਕ ਇਕਾਈਆਂ ਅਤੇ ਬੁੱਢੇ ਨਾਲੇ ਦਾ ਕੈਮੀਕਲ ਯੁਕਤ ਪਾਣੀ ਉਕਤ ਨਹਿਰਾਂ ’ਚ ਪਾਇਆ ਜਾ ਰਿਹਾ ਹੈ, ਜਿਸ ਕਾਰਨ ਇਸ ਖੇਤਰ ਦੇ ਲੋਕ ਲਗਾਤਾਰ ਚਮਡ਼ੀ ਦੇ ਰੋਗਾਂ ਅਤੇ ਹੋਰ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਆ ਰਹੇ ਹਨ।
ਇੱਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪਿਛਲੀ ਬਾਦਲ ਸਰਕਾਰ ਤੋਂ ਪਹਿਲਾਂ ਜਦੋਂ ਕੈਪਟਨ ਸਰਕਾਰ ਸੱਤਾ ’ਚ ਆਈ ਸੀ ਤਾਂ ਉਸ ਵੇਲੇ ਕੈਪਟਨ ਸਰਕਾਰ ਨੇ ਨਹਿਰਾਂ ਵਿਚ ਆ ਰਹੇ ਕੈਮੀਕਲ ਯੁਕਤ ਪਾਣੀ ਦੀ ਰੋਕਥਾਮ ਲਈ ਸਰਵੇ ਕਰਨ ਲਈ ਇਕ ਟੀਮ ਫਰੀਦਕੋਟ ਵਿਖੇ ਭੇਜੀ ਸੀ ਅਤੇ ਉਸ ਟੀਮ ਦੇ ਸਰਵੇ ਤੋਂ ਬਾਅਦ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਉਪਰੰਤ ਲੁਧਿਆਣਾ ਅਤੇ ਜਲੰਧਰ ਦੀਆਂ ਉਦਯੋਗਿਕ ਇਕਾਈਆਂ ਨੂੰ ਕੈਮੀਕਲ ਯੁਕਤ ਪਾਣੀ ਨਹਿਰਾਂ ’ਚ ਨਾ ਸੁੱਟਣ ਅਤੇ ਆਪਣਾ ਟਰੀਟਮੈਂਟ ਪਲਾਂਟ ਲਾਉਣ ਬਾਰੇ ਕਿਹਾ ਗਿਆ ਸੀ। ਉਸ ਵੇਲੇ ਦੀ ਕੈਪਟਨ ਸਰਕਾਰ ਵੱਲੋਂ ਚੁੱਕੇ ਗਏ ਉਕਤ ਕਦਮਾਂ ਸਦਕਾ ਇਲਾਕੇ ਦੇ ਲੋਕਾਂ ਨੂੰ ਕੈਮੀਕਲ ਯੁਕਤ ਪਾਣੀ ਤੋਂ ਨਿਜਾਤ ਮਿਲਣ ਦੀ ਭਾਰੀ ਆਸ ਬੱਝੀ ਸੀ ਪਰ ਲੋਕਾਂ ਦੀਆਂ ਆਸਾਂ ’ਤੇ ਉਸ ਵੇਲੇ ਪਾਣੀ ਫਿਰ ਗਿਆ, ਜਦੋਂ ਕੈਪਟਨ ਸਰਕਾਰ ਤੋਂ ਬਾਅਦ ਬਾਦਲ ਸਰਕਾਰ ਸੱਤਾ ਵਿਚ ਆ ਗਈ।
ਬਾਦਲ ਸਰਕਾਰ ਵੇਲੇ ਵੀ ਇਲਾਕੇ ਦੇ ਲੋਕਾਂ ਨੂੰ ਫਿਰ ਆਸ ਬੱਝੀ ਸੀ ਪਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਆਪਣੀਆਂ ਫਰੀਦਕੋਟ ਵਿਖੇ ਪਾਈਆਂ ਗਈਆਂ ਕਈ ਫੇਰੀਆਂ ਦੌਰਾਨ ਸਿਰਫ ਲਾਰੇ ਹੀ ਲੋਕਾਂ ਪੱਲੇ ਪਾਏ ਗਏ। ਅੱਜ ਜਦੋਂ ਕੁਝ ਸ਼ਹਿਰ ਨਿਵਾਸੀਆਂ ਨੇ ਨਹਿਰਾਂ ਵਿਚ ਆ ਰਹੇ ਕਾਲੇ ਪਾਣੀ ਨੂੰ ਵੇਖਿਆ ਤਾਂ ਇਹ ਖਬਰ ਸ਼ਹਿਰ ’ਚ ਅੱਗ ਵਾਂਗ ਫੈਲ ਗਈ ਅਤੇ ਲੋਕਾਂ ਨੂੰ ਸਥਾਨਕ ਨਹਿਰਾਂ ਵਿਚਲੇ ਪਾਣੀ ਦੀ ਸਥਿਤੀ ਵੇਖ ਕੇ ਸੱਤਾ ਧਾਰੀ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ ਸਦਕਾ ਭਾਰੀ ਧੱਕਾ ਲੱਗਾ।
ਬੇਹੱਦ ਕੈਮੀਕਲ ਯੁਕਤ ਪਾਣੀ ’ਚ ਮਰੀਆਂ ਹੋਈਆਂ ਮੱਛੀਆਂ ਦੀ ਭਰਮਾਰ ਵੇਖੀ ਗਈ ਅਤੇ ਪਾਣੀ ਵਿਚਲੀਆਂ ਮੱਛੀਆਂ ਤਡ਼ਪਦੀਆਂ ਵੇਖੀਆਂ ਗਈਆਂ। ਇੱਥੇ ਹੀ ਬੱਸ ਨਹੀਂ ਲੋਕਾਂ ਨੇ ਸਰਕਾਰ ਪ੍ਰਤੀ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰਾਂ ਹੁਣ ਅਜਿਹਾ ਕੈਮੀਕਲ ਯੁਕਤ ਪਾਣੀ ਲੋਕਾਂ ਨੂੰ ਪਿਆ ਕੇ ਮਾਰਨ ’ਤੇ ਉਤਾਰੂ ਹੋ ਗਈਆਂ ਹਨ। ਅਜਿਹਾ ਪਾਣੀ ਜੀਵਾਂ ਵਾਸਤੇ ਹੀ ਨਹੀਂ, ਬਲਕਿ ਫ਼ਸਲਾਂ ਲਈ ਵੀ ਬੇਹੱਦ ਹਾਨੀਕਾਰਕ ਹੈ।
ਇਲਾਕਾ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਾਸੇ ਵੱਲ ਪਹਿਲ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਸਰਕਾਰ ਲੁਧਿਆਣਾ ਅਤੇ ਜਲੰਧਰ ਦੀਆਂ ਉਦਯੋਗਿਕ ਇਕਾਈਆਂ ’ਤੇ ਨਕੇਲ ਨਹੀਂ ਪਾ ਸਕਦੀ ਤਾਂ ਇਲਾਕੇ ਦੇ ਲੋਕਾਂ ਲਈ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਦਾ ਕੋਈ ਹੋਰ ਬਦਲਵਾਂ ਹੱਲ ਲੱਭਿਆ ਜਾਵੇ।
®®ਇੱਥੇ ਇਹ ਵੀ ਦੱਸਣਯੋਗ ਹੈ ਕਿ ਰੋਪਡ਼ ਦੁਰਾਹੇ ਤੋਂ ਰਾਜਾ ਮਾਈਨਰ ਦਾ ਸ਼ੁੱਧ ਪਾਣੀ, ਜਿਸ ਦੀ ਸਪਲਾਈ ਛੋਟੀ ਨਹਿਰ ਦੇ ਰੂਪ ਵਿਚ ਲਾਗਲੇ ਪਿੰਡ ਸੰਧਵਾਂ ਤੋਂ ਆਉਂਦੀ ਹੈ, ਦੇ ਪਾਣੀ ਦੀ ਸਪਲਾਈ ਇਲਾਕਾ ਨਿਵਾਸੀਆਂ ਨੂੰ ਦੇਣ ਲਈ ਪਿਛਲੀ ਬਾਦਲ ਸਰਕਾਰ ਵੱਲੋਂ ਸਥਾਨਕ ਵਾਟਰ ਵਰਕਸ ਤੱਕ ਪਾਈਪਾਂ ਪਾਉਣ ਦੀ ਪ੍ਰਕਿਰਿਆ ਆਰੰਭ ਕੀਤੀ ਗਈ ਸੀ ਪਰ ਇਹ ਪ੍ਰਕਿਰਿਆ ਵੀ ਅੱਧ-ਵਾਟੇ ਹੀ ਦਮ ਤੋਡ਼ ਗਈ ਅਤੇ ਸ਼ਹਿਰ ਦੇ ਕੁਝ ਹਿੱਸੇ ਵਿਚ ਪਾਈਪਾਂ ਪਾਈਆਂ ਹੀ ਰਹਿ ਗਈਆਂ। ਲੋਕਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਰਾਜਾ ਮਾਈਨਰ ਦੇ ਸ਼ੁੱਧ ਪਾਣੀ ਦੀ ਸਪਲਾਈ ਨੂੰ ਚਾਲੂ ਕਰਨ ਲਈ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਕਰਨ ਲਈ ਲੋਡ਼ੀਂਦੇ ਫੰਡ ਮੁਹੱਈਆ ਕੀਤੇ ਜਾਣ।
ਜ਼ਹਿਰੀਲੇ ਪਾਣੀ ਕਾਰਨ ਬੱਚੇ ਹੋ ਰਹੇ ਨੇ ਅਪਾਹਜ
NEXT STORY