ਫਰੀਦਕੋਟ, (ਹਾਲੀ)- ਲੁਧਿਆਣਾ ਦੀਆਂ ਫੈਕਟਰੀਆਂ ਵੱਲੋਂ ਗੰਦਾ ਪਾਣੀ ਸਤਲੁਜ ਦਰਿਆ ’ਚ ਪਾਇਆ ਜਾ ਰਿਹਾ ਹੈ, ਜਿਸ ’ਤੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਦੀ ਟੀਮ ਵੱਲੋਂ ਪਿੰਡ ਮਾਣੀਏਵਾਲਾ ਜ਼ਿਲਾ ਲੁਧਿਆਣਾ ਦਾ ਵਿਸ਼ੇਸ਼ ਦੌਰਾ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਸਤਲੁਜ ਦਰਿਆ ਦੇ ਪਾਣੀ ਨੂੰ ਜ਼ਹਿਰੀਲਾ ਕਰਨ ਵਾਲੇ ਮੁੱਖ ਸਥਾਨ ਮਾਣੀਏਵਾਲਾ ਵਿਖੇ ਮੌਜੂਦਾ ਹਾਲ ਵੇਖਣ ਉਪਰੰਤ ਦੱਸਿਆ ਕਿ ਲੁਧਿਆਣਾ ਦਾ 550 ਮਿਲੀਅਨ ਲਿਟਰ ਰੋਜ਼ ਗੰਦਾ ਪਾਣੀ ਬੁੱਢੇ ਨਾਲੇ ਰਾਹੀਂ ਸਤਲੁਜ ਦਰਿਆ ’ਚ ਪੈਂਦਾ ਹੈ, ਜਿਸ ’ਚੋਂ 200 ਲਿਟਰ ਫੈਕਟਰੀਆਂ ਦਾ ਰਸਾਇਣਕ ਤੱਤਾਂ ਵਾਲਾ ਗੰਦਾ ਪਾਣੀ ਵੇਸਟ ਹੁੰਦਾ ਹੈ। ਕੁਝ ਫੈਕਟਰੀਆਂ ਤਾਂ ਬੋਰ ਕਰ ਕੇ ਕੈਮੀਕਲ ਸਿੱਧਾ ਹੀ ਧਰਤੀ ਹੇਠ ਪਾ ਦਿੰਦੀਆਂ ਹਨ, ਜਿਸ ਕਾਰਨ ਕੁਝ ਇਲਾਕਿਆਂ ’ਚ ਰੰਗਦਾਰ ਪਾਣੀ ਨਿਕਲਣ ਦੀਆਂ ਵੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।
ਦੂਸ਼ਿਤ ਪਾਣੀ ਦਾ ਲੋਕਾਂ ਦੀ ਸਿਹਤ ’ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਤਲੁਜ ’ਚ ਪੈ ਰਹੇ ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਕਾਰਨ ਕੈਂਸਰ, ਕਾਲੇ ਪੀਲੀਏ ਤੋਂ ਇਲਾਵਾ ਚਮਡ਼ੀ ਰੋਗ, ਬੱਚਿਆਂ ਦੇ ਦੰਦ ਅਤੇ ਨਹੁੰ ਖਰਾਬ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਖਰਾਬ ਪਾਣੀ ’ਚ ਯੂਰੇਨੀਅਮ ਦੇ ਤੱਤ ਆਮ ਨਾਲੋਂ 15 ਗੁਣਾ ਵੱਧ ਹੋਣ ਕਾਰਨ ਕੈਂਸਰ ਦੀ ਬੀਮਾਰੀ ’ਚ ਵੱਡੀ ਪੱਧਰ ’ਤੇ ਵਾਧਾ ਹੋ ਰਿਹਾ ਹੈ ਅਤੇ ਮਾਲਵਾ ਬੈਲਟ ਅੰਦਰ ਅਪਾਹਜ ਬੱਚੇ ਪੈਦਾ ਹੋ ਰਹੇ ਹਨ ਪਰ ਇਹ ਗੰਭੀਰ ਵਰਤਾਰਾ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਬੁੱਧੀਜੀਵੀਆਂ ਨੇ ਗੰਭੀਰਤਾ ਨਾਲ ਨਹੀਂ ਉਠਾਇਆ, ਜਿਸ ਕਰ ਕੇ ਗੰਧਲੇ ਪਾਣੀ ਕਾਰਨ ਲੋਕ ਭਿਆਨਕ ਬੀਮਾਰੀਆਂ ਦੀ ਲਪੇਟ ’ਚ ਆ ਰਹੇ ਹਨ।
ਸੋਸਾਇਟੀ ਆਗੂਆਂ ਨੇ ਕਿਹਾ ਕਿ ਗੰਦੇ ਪਾਣੀ ਨੂੰ ਸਾਫ ਕਰਨ ਲਈ ਬੇਸ਼ੱਕ ਟਰੀਟਮੈਂਟ ਪਲਾਂਟ ਲਾਏ ਗਏ ਹਨ ਪਰ ਉਹ ਸਿਰਫ ਖਾਨਾਪੂਰਤੀ ਹੀ ਕਰਦੇ ਹਨ ਅਤੇ ਸਿਰਫ ਅਫਸਰਸ਼ਾਹੀ, ਲੀਡਰਾਂ ਜਾਂ ਮੀਡੀਆ ਦੇ ਦੌਰੇ ਸਮੇਂ ਹੀ ਚਲਾਏ ਜਾਂਦੇ ਹਨ, ਜੋ ਕਿ ਮੰਦਭਾਗਾ ਵਰਤਾਰਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਸਮੇਂ ਦੌਰਾਨ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ’ਚ ਬਹੁਤ ਹੀ ਵੱਡੀ ਪੱਧਰ ’ਤੇ ਵਾਧਾ ਹੋਇਆ ਹੈ। ਇਕ ਰਿਪੋਰਟ ਮੁਤਾਬਕ ਇਹ ਗਿਣਤੀ 2008-2009 ’ਚ 39,781 ਸੀ, ਜੋ ਕਿ ਵੱਧ ਕੇ 2,76,393 ਹੋ ਗਈ ਹੈ, ਜੇਕਰ ਨਵੀਂ ਰਿਪੋਰਟ ਜਨਤਕ ਕੀਤੀ ਜਾਵੇ ਤਾਂ ਅੱਜ ਦੀ ਤਰੀਕ ’ਚ ਇਹ ਗਿਣਤੀ ਇਸ ਤੋਂ ਕਿਤੇ ਵੱਧ ਹੋਵੇਗੀ। ਦਰਿਆਈ ਪਾਣੀਆਂ ਨੂੰ ਬਾਹਰ ਜਾਣ ਤੋਂ ਰੋਕਣ ਅਤੇ ਸੰਭਾਲਣ ਦਾ ਬਹੁਤ ਹੀ ਗੰਭੀਰ ਮਸਲਾ ਹੈ ਪਰ ਇਸ ਨੂੰ ਗੰਭੀਰਤਾ ਨਾਲ ਨਹੀਂ ਦੇਖਿਆ ਜਾ ਰਿਹਾ। ਬੀਤੇ ਦਿਨੀਂ ਬਿਆਸ ਦਰਿਆ ’ਚ ਜ਼ਹਿਰੀਲੇ ਕੈਮੀਕਲ ਕਾਰਨ ਅਨੇਕਾਂ ਜਲ ਜੀਵਾਂ ਦੀ ਮੌਤ ਦੇ ਜ਼ਿੰਮੇਵਾਰ ਫੈਕਟਰੀ ਮਾਲਕਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਵਿਦੇਸ਼ ਭੇਜਣ ਦੇ ਨਾਂ 'ਤੇ 10 ਲੱਖ ਦੀ ਠੱਗੀ
NEXT STORY