ਹੈਲਥ ਡੈਸਕ - ਇਕ ਸਮਾਂ ਸੀ ਜਦੋਂ ਵਾਲਾਂ ਦਾ ਚਿੱਟਾ ਹੋਣਾ ਵਧਦੀ ਉਮਰ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ, ਪਰ ਅੱਜ-ਕੱਲ੍ਹ ਸਕੂਲ ਜਾਣ ਵਾਲੇ ਬੱਚਿਆਂ ਅਤੇ ਨੌਜਵਾਨਾਂ 'ਚ ਵੀ ਇਹ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ। 'ਪ੍ਰੀਮੈਚਿਓਰ ਗ੍ਰੇਇੰਗ' ਯਾਨੀ ਉਮਰ ਤੋਂ ਪਹਿਲਾਂ ਵਾਲਾਂ ਦਾ ਚਿੱਟਾ ਹੋਣਾ ਸਿਰਫ਼ ਸੁੰਦਰਤਾ ਦਾ ਮੁੱਦਾ ਨਹੀਂ, ਸਗੋਂ ਇਹ ਤੁਹਾਡੀ ਸਿਹਤ ਨਾਲ ਜੁੜੇ ਕਈ ਸੰਕੇਤ ਵੀ ਦਿੰਦਾ ਹੈ। ਸਿਹਤ ਮਾਹਿਰਾਂ ਅਨੁਸਾਰ, ਸਾਡੀ ਜੀਵਨਸ਼ੈਲੀ 'ਚ ਆਏ ਕੁਝ ਬਦਲਾਅ ਇਸ ਦੇ ਸਭ ਤੋਂ ਵੱਡੇ ਕਾਰਨ ਹਨ।
ਵਿਟਾਮਿਨ ਅਤੇ ਪੋਸ਼ਕ ਤੱਤਾਂ ਦੀ ਕਮੀ
ਸਾਡੀ ਰੋਜ਼ਾਨਾ ਦੀ ਖੁਰਾਕ 'ਚੋਂ ਜ਼ਰੂਰੀ ਤੱਤ ਗਾਇਬ ਹੁੰਦੇ ਜਾ ਰਹੇ ਹਨ। ਖ਼ਾਸ ਕਰਕੇ ਵਿਟਾਮਿਨ B-12, ਆਇਰਨ, ਕਾਪਰ ਅਤੇ ਪ੍ਰੋਟੀਨ ਦੀ ਕਮੀ ਵਾਲਾਂ ਦੇ ਕੁਦਰਤੀ ਰੰਗ ਨੂੰ ਖ਼ਤਮ ਕਰ ਦਿੰਦੀ ਹੈ। ਜੰਕ ਫੂਡ ਦਾ ਜ਼ਿਆਦਾ ਸੇਵਨ ਵਾਲਾਂ ਦੀਆਂ ਜੜ੍ਹਾਂ ਨੂੰ ਕਮਜ਼ੋਰ ਤੇ ਰੰਗਹੀਣ ਬਣਾ ਰਿਹਾ ਹੈ।
ਬਹੁਤ ਜ਼ਿਆਦਾ ਮਾਨਸਿਕ ਤਣਾਅ
ਮਾਹਿਰਾਂ ਅਨੁਸਾਰ, 'ਸਟ੍ਰੈਸ' ਵਾਲਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਜਦੋਂ ਅਸੀਂ ਜ਼ਿਆਦਾ ਚਿੰਤਾ ਕਰਦੇ ਹਾਂ, ਤਾਂ ਸਰੀਰ 'ਚ ਅਜਿਹੇ ਕੈਮੀਕਲ ਪੈਦਾ ਹੁੰਦੇ ਹਨ ਜੋ ਵਾਲਾਂ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਵਾਲ ਨਾ ਸਿਰਫ਼ ਝੜਦੇ ਹਨ, ਸਗੋਂ ਆਪਣੀ ਚਮਕ ਵੀ ਗੁਆ ਦਿੰਦੇ ਹਨ।
ਕੈਮੀਕਲ ਅਤੇ ਹੇਅਰ ਪ੍ਰੋਡਕਟਸ ਦੀ ਵਰਤੋਂ
ਵਾਲਾਂ ਨੂੰ ਸਟਾਈਲਿਸ਼ ਬਣਾਉਣ ਲਈ ਵਰਤੇ ਜਾਣ ਵਾਲੇ ਤੇਜ਼ ਕੈਮੀਕਲ ਵਾਲੇ ਸ਼ੈਂਪੂ, ਹੇਅਰ ਡਾਈ, ਅਤੇ ਕਲਰ ਵਾਲਾਂ ਦੇ ਅੰਦਰੂਨੀ ਹਿੱਸੇ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ 'ਚ ਮੌਜੂਦ ਹਾਈਡ੍ਰੋਜਨ ਪਰਆਕਸਾਈਡ ਵਾਲਾਂ ਨੂੰ ਜਲਦੀ ਚਿੱਟਾ ਕਰਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਪ੍ਰਦੂਸ਼ਣ ਅਤੇ ਸਿਗਰਟਨੋਸ਼ੀ
ਵਾਤਾਵਰਣ 'ਚ ਮੌਜੂਦ ਪ੍ਰਦੂਸ਼ਣ ਅਤੇ ਸਿਗਰਟਨੋਸ਼ੀ ਦੀ ਆਦਤ ਵਾਲਾਂ ਦੇ ਸੈੱਲਾਂ ਨੂੰ 'ਆਕਸੀਡੇਟਿਵ ਸਟ੍ਰੈਸ' ਦਿੰਦੀ ਹੈ। ਸਿਗਰਟ ਪੀਣ ਵਾਲੇ ਲੋਕਾਂ 'ਚ ਵਾਲ ਚਿੱਟੇ ਹੋਣ ਦੀ ਸੰਭਾਵਨਾ ਗੈਰ-ਸਿਗਰਟਨੋਸ਼ੀ ਕਰਨ ਵਾਲਿਆਂ ਨਾਲੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ।
ਜੈਨੇਟਿਕ ਕਾਰਨ
ਕਈ ਵਾਰ ਇਹ ਸਮੱਸਿਆ ਪਰਿਵਾਰਕ ਹੁੰਦੀ ਹੈ। ਜੇਕਰ ਤੁਹਾਡੇ ਮਾਤਾ-ਪਿਤਾ ਜਾਂ ਕਿਸੇ ਹੋਰ ਕਰੀਬੀ ਰਿਸ਼ਤੇਦਾਰ ਦੇ ਵਾਲ ਜਲਦੀ ਚਿੱਟੇ ਹੋਏ ਸਨ, ਤਾਂ ਇਹ ਜੀਨਸ ਰਾਹੀਂ ਤੁਹਾਡੇ ਤੱਕ ਵੀ ਪਹੁੰਚ ਸਕਦੇ ਹਨ।
ਬਚਾਅ ਲਈ ਅਪਣਾਓ ਇਹ ਨੁਸਖ਼ੇ :-
- ਆਪਣੀ ਖੁਰਾਕ 'ਚ ਹਰੀਆਂ ਸਬਜ਼ੀਆਂ, ਫਲ, ਦਹੀਂ ਅਤੇ ਆਂਵਲਾ ਜ਼ਰੂਰ ਸ਼ਾਮਲ ਕਰੋ।
- ਹਫ਼ਤੇ ਵਿੱਚ ਦੋ ਵਾਰ ਨਾਰੀਅਲ ਜਾਂ ਸਰ੍ਹੋਂ ਦੇ ਤੇਲ ਨਾਲ ਹਲਕੀ ਮਾਲਿਸ਼ ਕਰੋ।
- ਕਰੀ ਪੱਤਾ, ਮੇਥੀ ਦਾਣਾ ਅਤੇ ਮਹਿੰਦੀ ਵਰਗੇ ਕੁਦਰਤੀ ਤਰੀਕੇ ਵਾਲਾਂ ਦੇ ਰੰਗ ਨੂੰ ਬਰਕਰਾਰ ਰੱਖਣ 'ਚ ਮਦਦਗਾਰ ਹੁੰਦੇ ਹਨ।
- ਤਣਾਅ ਘੱਟ ਕਰਨ ਲਈ ਰੋਜ਼ਾਨਾ 7-8 ਘੰਟੇ ਦੀ ਨੀਂਦ ਅਤੇ ਯੋਗਾ ਕਰੋ।
ਨੋਟ : ਜੇਕਰ ਵਾਲ ਬਹੁਤ ਤੇਜ਼ੀ ਨਾਲ ਚਿੱਟੇ ਹੋ ਰਹੇ ਹਨ, ਤਾਂ ਕਿਸੇ ਚਮੜੀ ਦੇ ਮਾਹਿਰ ਦੀ ਸਲਾਹ ਜ਼ਰੂਰ ਲਓ।
ਵਾਲਾਂ 'ਚ ਤੇਲ ਲਗਾਉਣ ਦਾ ਸਹੀ ਤਰੀਕਾ: ਸ਼ੈਂਪੂ ਤੋਂ ਪਹਿਲਾਂ ਜਾਂ ਬਾਅਦ 'ਚ? ਜਾਣੋ ਕੀ ਕਹਿੰਦੇ ਨੇ ਐਕਸਪਰਟ
NEXT STORY