ਨਵੀਂ ਦਿੱਲੀ- ਅਸੀਂ ਆਪਣੇ ਕਾਸਮੈਟਿਕਸ ਵਿੱਚ ਟੋਨਰ ਨੂੰ ਸਭ ਤੋਂ ਘੱਟ ਮਹੱਤਵ ਦਿੰਦੇ ਹਾਂ, ਕਿਉਂਕਿ ਅਜੇ ਵੀ ਜ਼ਿਆਦਾਤਰ ਔਰਤਾਂ ਇਸ ਦੀ ਮਹੱਤਤਾ ਅਤੇ ਵਰਤੋਂ ਬਾਰੇ ਨਹੀਂ ਜਾਣਦੀਆਂ ਹਨ ਜਦੋਂ ਕਿ ਦਿਨ ਅਤੇ ਰਾਤ ਵਿੱਚ ਟੋਨਰ ਚਮੜੀ ਦੀ ਦੇਖਭਾਲ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਟੋਨਰ ਚਮੜੀ ਨੂੰ ਸਾਫ਼ ਕਰਨ, ਨਮੀ ਅਤੇ ਪੀਐੱਚ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਸਕਿਨ ਟੋਨਰ ਚਮੜੀ ਨੂੰ ਸਾਫ਼ ਕਰਦਾ ਹੈ, ਪੋਰਸ ਵਿੱਚ ਫਸੀ ਗੰਦਗੀ, ਮੈਲ ਅਤੇ ਹੋਰ ਅਸ਼ੁੱਧੀਆਂ ਨੂੰ ਦੂਰ ਕਰਦਾ ਹੈ ਅਤੇ ਖੁਸ਼ਕ ਚਮੜੀ ਨੂੰ ਨਮੀ ਦਿੰਦਾ ਹੈ।
ਟੋਨਰ ਨਾਲ ਚਮੜੀ ਹਾਈਡਰੇਟ ਹੁੰਦੀ ਹੈ
ਫੇਸ ਵਾਸ਼ ਨਾਲ ਚਿਹਰਾ ਸਾਫ਼ ਕਰਨ ਤੋਂ ਬਾਅਦ ਤੁਹਾਡੀ ਚਮੜੀ ਦੇ ਪੋਰਸ ਖੁੱਲ੍ਹ ਜਾਂਦੇ ਹਨ। ਇਸ ਲਈ ਚਮੜੀ 'ਤੇ ਕੋਈ ਵੀ ਕਰੀਮ ਜਾਂ ਮਾਇਸਚਰਾਈਜ਼ਰ ਲਗਾਉਣ ਤੋਂ ਪਹਿਲਾਂ ਟੋਨਰ ਦੀ ਵਰਤੋਂ ਕਰਨੀ ਚਾਹੀਦੀ ਹੈ। ਟੋਨਰ ਚਮੜੀ ਨੂੰ ਡੂੰਘਾਈ ਤੋਂ ਸਾਫ਼ ਕਰਨ ਦੇ ਨਾਲ-ਨਾਲ ਚਮੜੀ ਦੇ ਪੋਰਸ ਨੂੰ ਟਾਈਟ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਇੱਕ ਕੁਦਰਤੀ ਲੁਬਰੀਕੈਂਟ ਹੈ ਜੋ ਤੁਹਾਡੀ ਚਮੜੀ ਦੇ ਕੁਦਰਤੀ ਤੇਲ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਜਦੋਂ ਇਸ ਨੂੰ ਨਿਯਮਿਤ ਤੌਰ 'ਤੇ ਵਰਤਿਆ ਜਾਂਦਾ ਹੈ ਤਾਂ ਇਹ ਝੁਰੜੀਆਂ ਅਤੇ ਕਿੱਲ ਮੁਹਾਸਿਆਂ ਸਮੇਤ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
ਇਸ ਤਰ੍ਹਾਂ ਟੋਨਰ ਦੀ ਵਰਤੋਂ ਕਰੋ
ਜੇਕਰ ਤੁਸੀਂ ਮੇਕਅੱਪ ਕੀਤਾ ਹੈ ਤਾਂ ਪਹਿਲਾਂ ਮੇਕਅੱਪ ਹਟਾਓ ਅਤੇ ਫਿਰ ਫੇਸ ਵਾਸ਼ ਨਾਲ ਚਿਹਰਾ ਧੋ ਲਓ। ਚਿਹਰੇ ਨੂੰ ਸਾਫ਼ ਕਰਨ ਤੋਂ ਬਾਅਦ ਟੋਨਰ ਲਗਾਓ। ਜੇਕਰ ਤੁਸੀਂ ਮੇਕਅੱਪ ਨਹੀਂ ਕਰ ਰਹੇ ਹੋ ਤਾਂ ਫੇਸ ਵਾਸ਼ ਤੋਂ ਬਾਅਦ ਟੋਨਰ ਦੀ ਵਰਤੋਂ ਕਰੋ। ਇਸ ਤੋਂ ਬਾਅਦ ਤੁਸੀਂ ਕੋਈ ਵੀ ਸੀਰਮ ਜਾਂ ਆਪਣਾ ਮਾਇਸਚਰਾਈਜ਼ਰ ਲਗਾ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਆਪਣੀ ਬਿਊਟੀ ਕਰੀਮ ਲਗਾਓ। ਬਾਜ਼ਾਰ ਤੋਂ ਟੋਨਰ ਖਰੀਦਣਾ ਕਈ ਵਾਰ ਨਾ ਸਿਰਫ਼ ਮਹਿੰਗਾ ਸਾਬਤ ਹੁੰਦਾ ਹੈ ਬਲਕਿ ਇਸ ਦੀ ਗੁਣਵੱਤਾ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਹਨ। ਸਾਡੀ ਰਸੋਈ ਵਿਚ ਕਈ ਅਜਿਹੀਆਂ ਚੀਜ਼ਾਂ ਮੌਜੂਦ ਹਨ ਜੋ ਟੋਨਰ ਦਾ ਕੰਮ ਕਰਦੀਆਂ ਹਨ ਅਤੇ ਚਮੜੀ ਦੀ ਸੁੰਦਰਤਾ ਨੂੰ ਵਧਾਉਂਦੀਆਂ ਹਨ। ਤੁਸੀਂ ਗੁਲਾਬ ਜਲ, ਖੀਰਾ, ਨਿੰਬੂ, ਖਸਖਸ ਵਰਗੀਆਂ ਸਮੱਗਰੀਆਂ ਨਾਲ ਘਰ ਵਿੱਚ ਟੋਨਰ ਬਣਾ ਸਕਦੇ ਹੋ। ਚਮੜੀ ਨੂੰ ਤਾਜ਼ਾ ਅਤੇ ਨਰਮ ਬਣਾਉਣ ਲਈ ਤੁਸੀਂ ਗ੍ਰੀਨ ਟੀ, ਐਪਲ ਸਾਈਡਰ ਵਿਨੇਗਰ, ਆਲੂ ਅਤੇ ਟਮਾਟਰ ਦੀ ਵਰਤੋਂ ਵੀ ਕਰ ਸਕਦੇ ਹੋ।
ਗੁਲਾਬ ਜਲ ਅਤੇ ਕੱਚਾ ਦੁੱਧ
ਗੁਲਾਬ ਜਲ ਅਤੇ ਕੱਚਾ ਦੁੱਧ ਅਜਿਹੇ ਸਕਿਨ ਟੋਨਰ ਹਨ ਜੋ ਹਰ ਕਿਸਮ ਦੀ ਚਮੜੀ 'ਤੇ ਵਰਤੇ ਜਾ ਸਕਦੇ ਹਨ। ਇਹ ਚੀਜ਼ਾਂ ਰੋਜ਼ਾਨਾ ਘਰੇਲੂ ਲੋੜਾਂ ਵਿੱਚ ਵੀ ਵਰਤੀਆਂ ਜਾਂਦੀਆਂ ਹਨ। ਇਸ ਲਈ, ਤੁਹਾਨੂੰ ਟੋਨਰ ਲਈ ਵੱਖ ਤੋਂ ਪੈਸੇ ਖਰਚ ਕਰਨ ਦੀ ਲੋੜ ਨਹੀਂ ਪੈਂਦੀ ਹੈ।
ਗ੍ਰੀਨ ਟੀ
ਗ੍ਰੀਨ ਟੀ ਟੋਨਰ ਚਮੜੀ ਦੁਆਰਾ ਪੈਦਾ ਹੋਣ ਵਾਲੇ ਸੀਬਮ ਨੂੰ ਕੰਟਰੋਲ ਕਰਦਾ ਹੈ। ਇਹ ਚਮੜੀ ਨੂੰ ਤੇਲ ਮੁਕਤ ਰੱਖਦਾ ਹੈ। ਗ੍ਰੀਨ ਟੀ ਦੇ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਸੋਜ ਨੂੰ ਘੱਟ ਕਰਦੇ ਹਨ। ਇਹ ਮੁਹਾਸਿਆਂ ਨੂੰ ਨਿਯੰਤਰਿਤ ਕਰਦੇ ਹਨ, ਨਤੀਜੇ ਵਜੋਂ ਸਾਫ਼, ਬੇਦਾਗ ਚਮੜੀ ਬਣ ਜਾਂਦੀ ਹੈ।
ਨਿੰਮ ਟੋਨਰ
ਨਿੰਮ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਉਬਾਲੋ। ਉਸ ਪਾਣੀ ਨੂੰ ਇੱਕ ਬੋਤਲ ਵਿੱਚ ਭਰ ਲਓ। ਇਸ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਸ 'ਚ ਅੱਧਾ ਚਮਚ ਐਪਲ ਸਾਈਡਰ ਵਿਨੇਗਰ ਮਿਲਾ ਲਓ। ਇਹ ਮੁਹਾਸੇ ਦੂਰ ਕਰਨ ਦਾ ਸਭ ਤੋਂ ਵਧੀਆ ਕੁਦਰਤੀ ਉਪਾਅ ਹੈ।
ਗੁਲਾਬ ਜਲ
ਗੁਲਾਬ ਜਲ ਸਭ ਤੋਂ ਵਧੀਆ ਸਕਿਨ ਟੋਨਰ ਹੈ। ਸਕਿਨ ਟੋਨਰ ਅਤੇ ਫਰੈਸ਼ਨਰ ਬਣਾਉਣ ਲਈ ਗੁਲਾਬ ਜਲ ਨੂੰ ਵਿਚ ਹੇਜ਼ਲ ਨਾਲ ਮਿਲਾਇਆ ਜਾ ਸਕਦਾ ਹੈ। ਇਹ ਮਿਸ਼ਰਣ ਨਾ ਸਿਰਫ਼ ਚਮੜੀ ਨੂੰ ਟੋਨ ਕਰਦਾ ਹੈ, ਸਗੋਂ ਇਸ ਵਿਚ ਐਂਟੀਸੈਪਟਿਕ ਗੁਣ ਵੀ ਹੁੰਦੇ ਹਨ, ਜੋ ਚਮੜੀ ਨੂੰ ਸਿਹਤਮੰਦ, ਨਰਮ ਅਤੇ ਆਕਰਸ਼ਕ ਬਣਾਉਂਦੇ ਹਨ। ਇਹ ਚਮੜੀ ਨੂੰ ਢਿੱਲੀ ਹੋਣ ਤੋਂ ਰੋਕਦਾ ਹੈ ਅਤੇ ਸੋਜ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।
ਚਮੜੀ ਦੀ ਕਿਸਮ ਦੇ ਅਨੁਸਾਰ ਘਰ ਵਿੱਚ ਟੋਨਰ ਬਣਾਓ
ਗੁਲਾਬ ਜਲ ਅਤੇ ਵਿਚ ਹੇਜ਼ਲ ਨਾਲ ਘਰ ਵਿਚ ਟੋਨਰ ਬਣਾਉਂਦੇ ਸਮੇਂ, ਆਪਣੀ ਚਮੜੀ ਦੀ ਕਿਸਮ ਦੇ ਅਨੁਸਾਰ ਸਹੀ ਮਾਤਰਾ ਦੀ ਚੋਣ ਕਰੋ। ਇੱਥੇ ਅਸੀਂ ਤੁਹਾਨੂੰ ਤੇਲਯੁਕਤ, ਖੁਸ਼ਕ ਅਤੇ ਸਾਧਾਰਨ ਚਮੜੀ ਲਈ ਗੁਲਾਬ ਜਲ ਅਤੇ ਵਿਚ ਹੇਜ਼ਲ ਦਾ ਸਹੀ ਮਿਸ਼ਰਣ ਦੱਸ ਰਹੇ ਹਾਂ ਤਾਂ ਜੋ ਤੁਸੀਂ ਘਰ ਵਿੱਚ ਆਪਣੇ ਲਈ ਇੱਕ ਢੁਕਵਾਂ ਟੋਨਰ ਬਣਾ ਸਕੋ।
ਆਮ ਚਮੜੀ
ਆਮ ਚਮੜੀ ਲਈ, 1/4 ਕੱਪ ਵਿਚ ਹੇਜ਼ਲ ਨੂੰ 3/4 ਕੱਪ ਗੁਲਾਬ ਜਲ ਦੇ ਨਾਲ ਮਿਲਾਓ।
ਤੇਲਯੁਕਤ ਚਮੜੀ
ਤੇਲਯੁਕਤ ਚਮੜੀ ਲਈ, ਗੁਲਾਬ ਜਲ ਅਤੇ ਵਿਚ ਹੇਜ਼ਲ ਨੂੰ ਬਰਾਬਰ ਮਾਤਰਾ ਵਿੱਚ ਮਿਲਾਓ।
ਖੁਸ਼ਕ ਚਮੜੀ
ਖੁਸ਼ਕ ਚਮੜੀ ਲਈ, 3/4 ਕੱਪ ਗੁਲਾਬ ਜਲ ਵਿੱਚ 1/4 ਕੱਪ ਵਿਚ ਹੇਜ਼ਲ ਅਤੇ ਅੱਧਾ ਚਮਚ ਗਲਿਸਰੀਨ ਨੂੰ ਮਿਲਾ ਲਓ।
ਚਮੜੀ ਨੂੰ ਟੋਨ ਕਰਨ ਲਈ ਤੁਸੀਂ ਆਸਾਨੀ ਨਾਲ ਠੰਡੇ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਫਰਿੱਜ 'ਚ ਇਕ ਕਟੋਰੀ 'ਚ ਗੁਲਾਬ ਜਲ ਰੱਖੋ ਅਤੇ ਉਸ 'ਚ ਕਾਟਨ ਦੇ ਫੰਬੇ ਨੂੰ ਭਿਓ ਦਿਓ। ਚਮੜੀ ਨੂੰ ਪੂੰਝਣ ਲਈ ਇਹਨਾਂ ਦੀ ਵਰਤੋਂ ਕਰੋ। ਇਸ ਨੂੰ ਗੱਲ੍ਹਾਂ, ਮੱਥੇ ਅਤੇ ਠੋਡੀ 'ਤੇ ਲਗਾ ਕੇ ਪੂਰੇ ਚਿਹਰੇ ਨੂੰ ਢੱਕ ਲਓ। ਅਜਿਹਾ ਕਰਨ ਨਾਲ ਚਮੜੀ ਡੂੰਘੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਅਤੇ ਚਮਕ ਵਧਦੀ ਹੈ।
ਤੇਲਯੁਕਤ ਚਮੜੀ ਤੋਂ ਵਾਧੂ ਤੇਲ ਨੂੰ ਹਟਾਉਣ ਅਤੇ ਚਮੜੀ ਨੂੰ ਟੋਨ ਕਰਨ ਲਈ, ਗੁਲਾਬ ਜਲ ਨੂੰ ਖੀਰੇ ਦੇ ਰਸ ਜਾਂ ਨਿੰਬੂ ਦੇ ਰਸ ਵਿਚ ਬਰਾਬਰ ਮਾਤਰਾ ਵਿਚ ਮਿਲਾ ਕੇ ਚਮੜੀ 'ਤੇ ਲਗਾਓ।
-ਗੁਲਾਬ ਇੱਕ ਕੁਦਰਤੀ ਕੂਲਰ ਹੈ। ਇਸ ਦੀ ਵਰਤੋਂ ਨਾਲ ਚਮੜੀ ਤਾਜ਼ੀ, ਕੋਮਲ ਅਤੇ ਜਵਾਨ ਬਣੀ ਰਹਿੰਦੀ ਹੈ।
- ਚਮੜੀ ਨੂੰ ਠੰਡਕ ਅਤੇ ਤਾਜ਼ਗੀ ਦੇਣ ਲਈ ਖੀਰੇ ਦੇ ਟੁਕੜਿਆਂ ਨੂੰ ਚਮੜੀ 'ਤੇ ਰਗੜਿਆ ਜਾ ਸਕਦਾ ਹੈ।
- ਡੇਢ ਕੱਪ ਪਾਣੀ 'ਚ ਇਕ ਚਮਚਾ ਸੇਬ ਦਾ ਸਿਰਕਾ ਮਿਲਾਓ। ਇਸ ਵਿੱਚ ਇੱਕ ਸੂਤੀ ਪੈਡ ਨੂੰ ਭਿਓ ਦਿਓ ਅਤੇ ਚਮੜੀ ਨੂੰ ਟੋਨ ਕਰਨ ਲਈ ਇਸ ਦੀ ਵਰਤੋਂ ਕਰੋ।
-ਪੁਦੀਨੇ ਦੀਆਂ ਪੱਤੀਆਂ ਚਮੜੀ ਨੂੰ ਠੰਡਕ ਅਤੇ ਤਾਜ਼ਗੀ ਵੀ ਪ੍ਰਦਾਨ ਕਰਦੀਆਂ ਹਨ। ਪੁਦੀਨੇ ਦੀਆਂ ਪੱਤੀਆਂ ਨੂੰ ਪੀਸ ਕੇ ਪਾਣੀ ਵਿਚ ਮਿਲਾ ਲਓ। ਇਸ ਨੂੰ ਇਕ ਘੰਟੇ ਲਈ ਇਸ ਤਰ੍ਹਾਂ ਛੱਡ ਦਿਓ। ਇਸ ਨੂੰ ਛਾਣ ਕੇ ਰੂੰ ਨਾਲ ਚਿਹਰੇ 'ਤੇ ਲਗਾਓ। ਤੁਸੀਂ ਠੰਡਾ ਅਤੇ ਤਾਜ਼ਾ ਮਹਿਸੂਸ ਕਰੋਗੇ।
-ਤੇਲਯੁਕਤ ਚਮੜੀ ਲਈ ਆਂਡੇ ਦੀ ਸਫ਼ੈਦੀ ਵਿਚ ਨਿੰਬੂ ਦਾ ਰਸ ਅਤੇ ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨੂੰ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਧੋ ਲਓ। ਇਹ ਚਮੜੀ ਨੂੰ ਸਾਫ਼ ਅਤੇ ਤਾਜ਼ਾ ਬਣਾਉਂਦਾ ਹੈ ਅਤੇ ਪੋਰਸ ਨੂੰ ਖੋਲ੍ਹਦਾ ਹੈ।
-ਚਮੜੀ ਨੂੰ ਤਰੋਤਾਜ਼ਾ ਕਰਨ ਲਈ ਤੁਸੀਂ ਪਾਣੀ 'ਚ ਅਸੈਂਸ਼ੀਅਲ ਆਇਲ ਦੀਆਂ ਕੁਝ ਬੂੰਦਾਂ ਪਾ ਸਕਦੇ ਹੋ। ਜ਼ਰੂਰੀ ਤੇਲ ਕਦੇ ਵੀ ਇਕੱਲੇ ਨਹੀਂ ਵਰਤੇ ਜਾਣੇ ਚਾਹੀਦੇ।
-ਉਦਾਹਰਣ ਵਜੋਂ, 50 ਮਿਲੀਲੀਟਰ ਮਿਨਰਲ ਵਾਟਰ ਵਿੱਚ ਪੰਜ ਬੂੰਦਾਂ ਗੁਲਾਬ ਦੇ ਤੇਲ ਦੀਆਂ ਮਿਲਾਓ। ਇਸ ਨੂੰ ਠੰਡੀ ਜਗ੍ਹਾ 'ਤੇ ਸਟੋਰ ਕਰੋ।
ਇਸ ਤਰ੍ਹਾਂ ਕਰੋ ਵਰਤੋ
ਸਭ ਤੋਂ ਪਹਿਲਾਂ ਚਮੜੀ ਨੂੰ ਕਲੀਨਜ਼ਰ ਜਾਂ ਫੇਸ ਵਾਸ਼ ਨਾਲ ਧੋਵੋ, ਜਿਸ ਨਾਲ ਚਮੜੀ ਤੋਂ ਸਾਰੀ ਗੰਦਗੀ ਨਿਕਲ ਜਾਂਦੀ ਹੈ। ਇਸ ਤੋਂ ਬਾਅਦ ਚਿਹਰੇ ਨੂੰ ਸਾਫ਼ ਅਤੇ ਨਰਮ ਤੌਲੀਏ ਨਾਲ ਪੂੰਝੋ। ਹੁਣ ਕਾਟਨ ਦੀ ਮਦਦ ਨਾਲ ਚਿਹਰੇ ਅਤੇ ਗਰਦਨ 'ਤੇ ਸਕਿਨ ਟੋਨਰ ਨੂੰ ਚੰਗੀ ਤਰ੍ਹਾਂ ਨਾਲ ਲਗਾਓ। ਇੱਕ ਵਾਰ ਜਦੋਂ ਚਮੜੀ ਦਾ ਟੋਨਰ ਚਿਹਰੇ 'ਤੇ ਸਹੀ ਤਰ੍ਹਾਂ ਨਾਲ ਲੱਗ ਜਾਵੇ, ਤਾਂ ਇਸਨੂੰ ਪੂਰੀ ਤਰ੍ਹਾਂ ਸੁੱਕਣ ਦਿਓ। ਜਦੋਂ ਸਕਿਨ ਟੋਨਰ ਪੂਰੀ ਤਰ੍ਹਾਂ ਨਾਲ ਚਮੜੀ 'ਚ ਜਜ਼ਬ ਹੋ ਜਾਵੇ ਤਾਂ ਮਾਇਸਚਰਾਈਜ਼ਰ ਲਗਾਓ।
ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖੋ
-ਹਮੇਸ਼ਾ ਅਲਕੋਹਲ ਮੁਕਤ ਸਕਿਨ ਟੋਨਰ ਦੀ ਵਰਤੋਂ ਕਰੋ।
-ਇਸ ਦੀ ਵਰਤੋਂ ਹਮੇਸ਼ਾ ਕਾਟਨ ਪੈਡ ਦੀ ਮਦਦ ਨਾਲ ਕਰੋ। ਤੁਸੀਂ ਹੱਥਾਂ ਨਾਲ ਟੋਨਰ ਦੀ ਵਰਤੋਂ ਵੀ ਕਰ ਸਕਦੇ ਹੋ ਪਰ ਧਿਆਨ ਰੱਖੋ ਕਿ ਤੁਹਾਡੇ ਹੱਥ ਸਾਫ਼ ਹਨ।
-ਟੋਨਰ ਦੀ ਵਰਤੋਂ ਰੋਜ਼ਾਨਾ ਇਕ ਵਾਰ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡੀ ਚਮੜੀ ਤੇਲਯੁਕਤ ਹੈ ਜਾਂ ਮੇਕਅੱਪ ਕਰਨਾ ਹੈ ਤਾਂ ਇਸ ਨੂੰ ਦਿਨ 'ਚ ਦੋ ਵਾਰ ਲਗਾਇਆ ਜਾ ਸਕਦਾ ਹੈ। ਟੋਨਰ ਦੀ ਵਰਤੋਂ ਹਰ ਰੋਜ਼ ਜਾਂ ਦਿਨ ਵਿੱਚ ਦੋ ਵਾਰ ਤੋਂ ਵੱਧ ਨਹੀਂ ਕਰਨੀ ਚਾਹੀਦੀ। ਜੇਕਰ ਇਸਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਇਹ ਚਮੜੀ ਤੋਂ ਕੁਦਰਤੀ ਤੇਲ ਨੂੰ ਖਤਮ ਕਰ ਸਕਦਾ ਹੈ।
-ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ 'ਤੇ ਸਕਿਨ ਟੋਨਰ ਦੀ ਵਰਤੋਂ ਧਿਆਨ ਨਾਲ ਕਰੋ। ਟੋਨਰ ਦੀ ਵਰਤੋਂ ਕਰਨ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ।
ਨੋਟ- ਲੇਖਿਕਾ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁੰਦਰਤਾ ਮਾਹਿਰ ਹੈ ਅਤੇ ਹਰਬਲ ਰਾਣੀ ਵਜੋਂ ਪ੍ਰਸਿੱਧ ਹੈ।
ਵਿਗਿਆਨੀਆਂ ਨੇ ਲੱਭਿਆ ਸਭ ਤੋਂ ਪੁਰਾਣਾ 'ਬਲੈਕ ਹੋਲ', ਨਿਗਲ ਰਿਹੈ ਆਪਣੀ ਹੀ ਗਲੈਕਸੀ ਨੂੰ
NEXT STORY