ਲੁਧਿਆਣਾ (ਭੁਪੇਸ਼)-ਤਪੱਸਵੀ ਰਤਨ, ਸੰਜਮ ਸੁਮੇਰੂ ਆਚਾਰਿਆ ਸ਼੍ਰੀਮਦ ਵਿਜੇ ਵਸੰਤ ਸੂਰੀਸ਼ਵਰ ਜੀ ਮਹਾਰਾਜ ਦਾ ਜਨਮ ਜ਼ੀਰਾ (ਪੰਜਾਬ) ਵਿਚ ਪੂਜਨੀਕ ਪਿਤਾ ਅਵਧੂ ਰਾਮ ਜੈਨ ਨੌਲੱਖਾ ਅਤੇ ਪੂਜਨੀਕ ਮਾਤਾ ਵਚਨ ਦੇਵੀ ਦੇ ਘਰ ਹੋਇਆ। ਜਦੋਂ ਆਪ ਨੂੰ ਮੁਨੀ ਦੀਕਸ਼ਾ ਵਿਸ਼ੇ ਸਬੰਧੀ ਪੁੱਛਿਆ ਗਿਆ ਤਾਂ ਆਪ ਨੇ ਅਦਭੂਤ ਪ੍ਰਸੰਗ ਦੱਸਦੇ ਹੋਏ ਕਿਹਾ ਕਿ ਮੈਂ 9 ਸਾਲ ਦੀ ਅਵਸਥਾ ਵਿਚ ਬੀਮਾਰ ਹੋਣ ਕਾਰਨ ਮਰਨਆਸਣ ਅਵਸਥਾ ਵਿਚ ਪੁੱਜ ਗਿਆ ਸੀ। ਮਾਤਾ ਨੂੰ ਮੇਰੇ ਜਿਊਂਦੇ ਰਹਿਣ ਦੀ ਆਸ ਨਹੀਂ ਸੀ। ਮਾਤਾ ਨਿਰਾਸ਼ਾ ਦੀ ਹਾਲਤ ਵਿਚ ਮੈਨੂੰ ਸਵਨਾਮ ਧੰਨ ਆਚਾਰਿਆ ਸ਼੍ਰੀਮਦ ਵਿਜੇ ਵੱਲਭ ਸੂਰੀਸ਼ਵਰ ਜੀ ਮਹਾਰਾਜ ਦੇ ਚਰਨਾਂ ਵਿਚ ਲੈ ਗਈ ਅਤੇ ਅਰਜੋਈ ਕੀਤੀ ਕਿ ਮਹਾਰਾਜ ਇਸ ਨੂੰ ਬਚਾ ਲਓ। ਆਚਾਰਿਆ ਸ਼੍ਰੀ ਜੀ ਬੋਲੇ ਕਿ ਜੇਕਰ ਇਹ ਲਡ਼ਕਾ ਬਚ ਗਿਆ ਤਾਂ ਕੀ ਕਰੇਂਗੀ? ਮਾਤਾ ਨੇ ਕਿਹਾ ਕਿ ਮਹਾਰਾਜ ਮੈਂ ਤੁਹਾਨੂੰ ਭੇਟ ਕਰ ਦੇਵਾਂਗੀ। ਮੈਂ ਬਚ ਗਿਆ ਅਤੇ ਮਾਤਾ ਨੇ ਆਚਾਰਿਆ ਸ਼੍ਰੀ ਜੀ ਦੇ ਚਰਨਾਂ ਵਿਚ ਮੈਨੂੰ ਭੇਟ ਕਰ ਦਿੱਤਾ। ®ਦੀਕਸ਼ਾ ਉਪਰੰਤ ਆਚਾਰਿਆ ਸ਼੍ਰੀਮਦ ਵਿਜੇ ਵਸੰਤ ਸੂਰੀਸ਼ਵਰ ਜੀ ਮਹਾਰਾਜ ਨੇ ਤਪ ਦਾ ਮਾਰਗ ਅਪਣਾਇਆ। ਤਪ ਦੇ ਮਾਰਗ ਨੂੰ ਭਗਵਾਨ ਮਹਾਵੀਰ ਨੇ ਵੀਰਾਂ ਦਾ ਮਾਰਗ ਦੱਸਿਆ। ਜਦੋਂ ਤਪ ਦੇ ਵਿਸ਼ੇ ਵਿਚ ਤੁਹਾਡੇ ਤੋਂ ਪੁੱਛਿਆ ਗਿਆ ਤਾਂ ਤੁਸੀਂ ਦੱਸਿਆ ਕਿ ਭੁੱਖੇ ਰਹਿਣ ਦਾ ਭਾਵ ਤਪ ਨਹੀਂ ਹੈ, ਸਗੋਂ ਸਭ ਤਰ੍ਹਾਂ ਦੇ ਪਦਾਰਥ ਮੁਹੱਈਆ ਹੋਣ ’ਤੇ ਵੀ ਉਨ੍ਹਾਂ ਨੂੰ ਛੱਡਣਾ ਤਪ ਹੈ। ਤਪ ਤੋਂ ਪ੍ਰਾਪਤੀ ਦੇ ਵਿਸ਼ੇ ਵਿਚ ਉਨ੍ਹਾਂ ਕਿਹਾ ਕਿ ਤਪ ਦੀ ਪ੍ਰਾਪਤੀ ਬਿਆਨ ਨਹੀਂ ਕੀਤੀ ਜਾ ਸਕਦੀ ਅਤੇ ਇਹ ਅੰਦਰੂਨੀ ਆਨੰਦ ਦਾ ਮਾਰਗ ਹੈ। ਉਨ੍ਹਾਂ ਦੱਸਿਆ ਕਿ ਭੁੱਖ ਮੈਨੂੰ ਪ੍ਰੇਸ਼ਾਨ ਨਹੀਂ ਕਰਦੀ, ਸਗੋਂ ਮੈਂ ਭੁੱਖ ਨੂੰ ਪ੍ਰੇਸ਼ਾਨ ਕਰਦਾ ਹਾਂ। ਇਹ ਸ਼ਬਦ ਇਕ ਮਹਾਨ ਤਪੱਸਵੀਂ ਦੇ ਤਪ ਲਈ ਕਹੇ ਗਏ ਕੀਮਤੀ ਸ਼ਬਦ ਹਨ। ਅਚਾਰਿਆ ਸ਼੍ਰੀ ਜੀ ਦੀ ਪਵਿੱਤਰ ਦੇਖ-ਰੇਖ ਵਿਚ ਧਰਮ ਚਰਚਾ ਕਰਦੇ ਹੋਏ ਅਜਿਹਾ ਤਜ਼ਰਬਾ ਹੋਇਆ ਮੰਨੋ ਅਸੀਂ ਅਧਿਆਤਮਕ ਜਗਤ ਵਿਚ ਵਿਚਰ ਰਹੇ ਹੋਈਏ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਚਾਰਿਆ ਵਸੰਤ ਸੂਰੀ ਮਹਾਰਾਜ ਲੋਕ ਰੰਜਨ ਦੀ ਬਜਾਏ ਲੋਕ ਮੰਗਲ ਦੀ ਭਾਵਨਾ ਭਰਪੂਰ ਹਨ। 88 ਸਾਲ ਦੀ ਇਸ ਅਵਸਥਾ ਵਿਚ ਵੀ ਤੁਸੀਂ ਸ਼ਰਧਾਲੂਆਂ ਨੂੰ ਮੰਗਲ ਆਸ਼ੀਰਵਾਦ ਦਿੰਦੇ ਹੋ। ਤੁਸੀਂ ਹਸਤਨਾਪੁਰ ਵਿਚ 151 ਫੁੱਟ ਉੱਚਾ ਅਸ਼ਟਾਪਦ ਜੈਨ ਤੀਰਥ ਬਣਵਾਇਆ। ਆਚਾਰਿਆ ਸ਼੍ਰੀ ਜੀ ਨੇ ਜਗ ਬਾਣੀ ਰਾਹੀਂ ਆਪਣਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਵਿਚ ਸ਼ਰਧਾ ਅਤੇ ਭਗਤੀ ਦੀ ਪਰਪੱਕ ਭਾਵਨਾ ਹੈ। ਮੈਂ ਸਾਰੇ ਲੋਕਾਂ ਦੇ ਸੁਨਹਿਰੀ ਭਵਿੱਖ ਦੀ ਮੰਗਲ ਕਾਮਨਾ ਕਰਦਾ ਹਾਂ।
ਪੀ. ਏ. ਯੂ. ਨੂੰ ਮਿਲਿਆ ਸਰਵੋਤਮ ਸਰਵ ਭਾਰਤੀ ਖੋਜ ਕੇਂਦਰ ਦਾ ਪੁਰਸਕਾਰ
NEXT STORY