ਲੁਧਿਆਣਾ (ਅਨਿਲ) : ਪੰਜਾਬ ਦੇ ਪਿੰਡਾਂ 'ਚ ਠੰਡ ਦੇ ਮੌਸਮ ਵਿਚਾਲੇ ਵੀ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ। ਇਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਵਿਭਾਗ ਵੱਲੋਂ ਹਰ ਰੋਜ਼ 6 ਘੰਟੇ ਦੇ ਲੰਬੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨ ਵੀ ਹਲਕਾ ਗਿੱਲ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਨੂੰ 6 ਘੰਟੇ ਬਿਜਲੀ ਤੋਂ ਬਿਨਾਂ ਰਹਿਣਾ ਪਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਕਈ ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ਦੇ ਇਕ ਦਰਜਨ ਦੇ ਕਰੀਬ ਪਿੰਡਾਂ ’ਚ ਰੋਜ਼ਾਨਾ ਸਵੇਰੇ 4 ਵਜੇ ਦੇ ਕਰੀਬ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ। ਇਹ ਸਵੇਰੇ ਕਰੀਬ 11 ਵਜੇ ਤੱਕ ਇਹ ਬੰਦ ਰਹਿਣ ਕਾਰਨ ਲੋਕਾਂ ਨੂੰ ਸਵੇਰ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਬਿਜਲੀ ਨਾ ਹੋਣ ਵੱਡਾ ਪੰਗਾ ਪੈਂਦਾ ਹੈ ਕਿਉਂਕਿ ਸਵੇਰ ਵੇਲੇ ਬਿਜਲੀ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਖਾਣਾ ਬਣਾਉਣ, ਬੱਚਿਆਂ ਨੂੰ ਨਹਿਲਾਉਣ ਆਦਿ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਬਿਜਲੀ ਵਿਭਾਗ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਲੋਕਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਸ਼ਿਕਾਇਤ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪਿਛਲੇ ਕਰੀਬ ਇਕ ਹਫ਼ਤੇ ਤੋਂ ਹਰ ਦਿਨ ਲੋਕਾਂ ਨੂੰ 6-6 ਘੰਟਿਆਂ ਤੱਕ ਬਿਨਾਂ ਬਿਜਲੀ ਦੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਇਨ੍ਹਾਂ ਸਰਦੀ ਦੇ ਦਿਨਾਂ ’ਚ ਬਿਜਲੀ ਦੇ ਕੱਟ ਲਗਾਉਣੇ ਬੰਦ ਕੀਤੇ ਜਾਣ, ਤਾਂ ਕਿ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ।
ਅੱਜ ਪੰਜਾਬ 'ਚ ਆਵੇਗਾ ਝੱਖੜ-ਤੂਫ਼ਾਨ! ਗੜ੍ਹੇਮਾਰੀ ਲਈ ਵੀ ਜਾਰੀ ਹੋਇਆ ਅਲਰਟ
NEXT STORY