ਅੰਮ੍ਰਿਤਸਰ (ਨੀਰਜ) : ਜ਼ਿਲ੍ਹਾ ਪ੍ਰਸ਼ਾਸਨ ਦੀਆਂ ਲੱਖਾਂ ਅਪੀਲਾਂ ਦੇ ਬਾਵਜੂਦ ਕਿਸਾਨ ਪਰਾਲੀ ਨੂੰ ਅੱਗ ਲਾਉਣ ਤੋਂ ਬਾਜ਼ ਨਹੀਂ ਆ ਰਹੇ ਹਨ। ਉਥੇ ਹੀ ਪੂਰੇ ਜ਼ਿਲ੍ਹੇ ’ਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਕਾਰਨ ਜ਼ਿਲ੍ਹੇ ਦਾ ਏਅਰ ਕੁਆਲਿਟੀ ਇੰਡੈਕਸ ਇਸ ਸਮੇਂ 184 ਤੱਕ ਪਹੁੰਚ ਚੁੱਕਾ ਹੈ ਅਤੇ ਕੁਝ ਸਥਾਨਾਂ ’ਚ ਜਿੱਥੇ ਪਹਿਲਾਂ ਹੀ ਕੂੜੇ ਦੇ ਡੰਪ ਕਾਰਨ ਹਵਾ ਖਰਾਬ ਰਹਿੰਦੀ ਹੈ, ਉਥੇ ਏ.ਕਿਊ.ਆਈ. 264 ਤੱਕ ਪਹੁੰਚ ਚੁੱਕਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਆਮ ਜੀਵਨ ਬਤੀਤ ਕਰਨ ਲਈ 1 ਤੋਂ 50 ਦਰਮਿਆਨ ਏ.ਕਿਊ.ਆਈ. ਹੋਣਾ ਚਾਹੀਦਾ ਹੈ ਪਰ ਇਸ ਸਮੇਂ ਏ.ਕਿਊ.ਆਈ. ਖਤਰਨਾਕ ਸਟੇਜ ’ਤੇ ਜਾ ਪਹੁੰਚਿਆ ਹੈ, ਜਿਸ ਨਾਲ ਦਮਾ, ਸਾਹ ਲੈਣ ’ਚ ਤਕਲੀਫ, ਅੱਖਾਂ ਵਿਚ ਜਲਣ ਤੇ ਛਾਤੀ ਨਾਲ ਸਬੰਧਿਤ ਕਈ ਤਰ੍ਹਾਂ ਦੇ ਰੋਗ ਹੁੰਦੇ ਹਨ। ਆਲਮ ਇਹ ਹੈ ਕਿ ਭਾਰਤ-ਪਾਕਿਸਤਾਨ ਬਾਰਡਰ ਅਟਾਰੀ ਤੋਂ ਲੈ ਕੇ ਰਾਵੀ ਦਰਿਆ ਅਤੇ ਬਿਆਸ ਦਰਿਆ ਤੱਕ ਅੰਮ੍ਰਿਤਸਰ ਦੇ ਇਲਾਕਿਆਂ ਚ ਚਾਰੇ ਪਾਸੇ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ, ਉਥੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੀ ਲਗਾਤਾਰ ਪਿੰਡਾਂ ਦਾ ਦੌਰਾ ਕਰ ਰਹੇ ਹਨ ਅਤੇ ਡੀ.ਸੀ. ਨੇ ਲਗਾਤਾਰ ਦੂਜੀ ਵਾਰ ਖੇਤਾਂ ’ਚ ਜਾ ਕੇ ਪਰਾਲੀ ਨੂੰ ਲੱਗੀ ਅੱਗ ਬੁਝਾਈ ਹੈ।
ਜਾਣਕਾਰੀ ਅਨੁਸਾਰ ਡੀ.ਸੀ. ਘਨਸ਼ਿਆਮ ਥੋਰੀ ਅਤੇ ਏ.ਡੀ.ਸੀ. ਹਰਪ੍ਰੀਤ ਸਿੰਘ ਵੱਲੋਂ ਲਗਾਤਾਰ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜਦੋਂ ਪਿੰਡ ਗਾਲਿਬ ’ਚ ਧੂੰਆਂ ਨਿਕਲਦਾ ਦੇਖਿਆ ਗਿਆ ਤਾਂ ਡੀ.ਸੀ. ਨੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਸਬੰਧਿਤ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਬੁਲਾ ਕੇ ਅੱਗ ਨੂੰ ਬੁਝਾਇਆ। ਜਾਣਕਾਰੀ ਮੁਤਾਬਕ ਇਕ ਕਿਸਾਨ ਨੇ ਆਪਣੀ 6 ਏਕੜ ਜ਼ਮੀਨ ਵਿਚ ਪਰਾਲੀ ਨੂੰ ਅੱਗ ਲਾਈ ਹੋਈ ਸੀ ਪਰ ਉਹ ਖੁਦ ਮੌਕੇ ’ਤੇ ਮੌਜੂਦ ਨਹੀਂ ਸੀ। ਡੀ.ਸੀ. ਨੇ ਸਬੰਧਿਤ ਕਿਸਾਨ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੇ ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਦਿਲ ਵਲੂੰਧਰਣ ਵਾਲੀ ਘਟਨਾ, ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਭਾਖੜਾ ਨਹਿਰ ’ਚ ਮਾਰੀਆਂ ਛਾਲਾਂ
ਪਿੰਡ ਖਾਸਾ ’ਚ ਐੱਸ.ਡੀ.ਐੱਮ. ਨੇ ਮੌਕੇ ’ਤੇ ਜਾ ਕੇ ਬੁਝਾਈ ਅੱਗ
ਡੀ.ਸੀ. ਘਨਸ਼ਿਆਮ ਥੋਰੀ ਦੀਆਂ ਹਦਾਇਤਾਂ ਅਨੁਸਾਰ ਸਮੂਹ ਐੱਸ.ਡੀ.ਐੱਮਜ਼ ਅਤੇ ਹੋਰ ਅਧਿਕਾਰੀ ਵੀ ਲਗਾਤਾਰ ਪਿੰਡਾਂ ਦਾ ਦੌਰਾ ਕਰ ਰਹੇ ਹਨ ਅਤੇ ਜਿੱਥੇ ਵੀ ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ, ਉਥੇ ਮੌਕੇ ’ਤੇ ਪਹੁੰਚ ਜਾਂਦੇ ਹਨ ਅਤੇ ਪੁਲਸ ਫੋਰਸ ਨੂੰ ਵੀ ਨਾਲ ਲਿਆਂਦਾ ਜਾਂਦਾ ਹੈ। ਜਾਣਕਾਰੀ ਅਨੁਸਾਰ ਪਿੰਡ ਖਾਸਾ ’ਚ ਪਰਾਲੀ ਸਾੜਨ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ.ਡੀ.ਐੱਮ-2 ਨਿਕਾਸ ਕੁਮਾਰ ਅਤੇ ਇਲਾਕੇ ਦੇ ਡੀ.ਐੱਸ.ਪੀ. ਗੁਰਿੰਦਰਪਾਲ ਸਿੰਘ ਨਾਗਰਾ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾ ਕੇ ਖੇਤਾਂ ’ਚ ਲੱਗੀ ਅੱਗ ਨੂੰ ਬੁਝਾਇਆ ਅਤੇ ਸਬੰਧਿਤ ਕਿਸਾਨ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰਵਾ ਦਿੱਤੀ।
ਦੀਵਾਲੀ ਤੋਂ ਬਾਅਦ ਖ਼ਤਰਨਾਕ ਸਟੇਜ ’ਤੇ ਪਹੁੰਚ ਜਾਂਦਾ ਹੈ ਏ.ਕਿਊ.ਆਈ.
ਇਕ ਪਾਸੇ ਪਰਾਲੀ ਤੋਂ ਨਿਕਲਦਾ ਧੂੰਆਂ ਤੇ ਦੂਜੇ ਪਾਸੇ ਪਟਾਕਿਆਂ ਤੋਂ ਨਿਕਲਣ ਵਾਲੇ ਖ਼ਤਰਨਾਕ ਧੂੰਏਂ ਦੇ ਰਲਣ ਕਾਰਨ ਦੀਵਾਲੀ ਵਾਲੇ ਦਿਨ ਅਤੇ ਉਸ ਤੋਂ ਬਾਅਦ ਦੋ-ਤਿੰਨ ਦਿਨਾਂ ਤੱਕ ਏ.ਕਿਊ.ਆਈ. ਖਤਰਨਾਕ ਪੱਧਰ ਤੱਕ ਪਹੁੰਚ ਜਾਂਦਾ ਹੈ। ਹਾਲਾਂਕਿ ਸਰਕਾਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਸਿਰਫ਼ ਗ੍ਰੀਨ ਪਟਾਕੇ ਹੀ ਵੇਚੇ ਜਾ ਸਕਦੇ ਹਨ ਅਤੇ ਗ੍ਰੀਨ ਪਟਾਕੇ ਹੀ ਚਲਾਏ ਜਾ ਸਕਦੇ ਹਨ ਪਰ ਫਿਰ ਵੀ ਦੇਸੀ ਪਟਾਕੇ ਚੱਲਦੇ ਰਹਿੰਦੇ ਹਨ, ਜਿਨ੍ਹਾਂ ’ਚੋਂ ਨਿਕਲਣ ਵਾਲਾ ਧੂੰਆਂ ਕਾਫ਼ੀ ਖ਼ਤਰਨਾਕ ਹੁੰਦਾ ਹੈ।
ਅੰਮ੍ਰਿਤਸਰ ’ਚ ਲੱਗੀ ਅੱਗ ’ਤੇ ਪਾਕਿਸਤਾਨ ਵੀ ਪ੍ਰਗਟਾ ਚੁੱਕਾ ਹੈ ਇਤਰਾਜ਼
ਪਰਾਲੀ ਦੀ ਅੱਗ ਨੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਵੀ ਵਿਅੰਗ ਕਰਨ ਦਾ ਮੌਕਾ ਦਿੱਤਾ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ ਮੁੱਖ ਤੌਰ ਨਾਲ ਸਰਹੱਦੀ ਇਲਾਕੇ ਜੋ ਪਾਕਿਸਤਾਨ ਨਾਲ ਲੱਗਦੇ ਹਨ, ਉਥੇ ਪਰਾਲੀ ਨੂੰ ਅੱਗ ਲਾਏ ਜਾਣ ਕਾਰਨ ਲਾਹੌਰ (ਪਾਕਿਸਤਾਨ) ਵਿਚ ਵੀ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ। ਅਜਿਹਾ ਲਾਹੌਰ ਦੇ ਅਧਿਕਾਰੀਆਂ ਦਾ ਕਹਿਣਾ ਹੈ। ਹਾਲਾਂਕਿ ਪਾਕਿਸਤਾਨੀ ਕਿਸਾਨ ਵੀ ਭਾਰਤੀ ਕਿਸਾਨਾਂ ਵਾਂਗ ਹੀ ਪਰਾਲੀ ਸਾੜਦੇ ਹਨ। ਲਾਹੌਰ ਦੀ ਗੱਲ ਕਰੀਏ ਤਾਂ ਇਹ ਅਟਾਰੀ ਤੋਂ ਸਿਰਫ਼ 22 ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ : ਈ. ਟੀ. ਟੀ. ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਪਾਇਆ ਸਟੇਟਸ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਆਗੂਆਂ ਨੇ ਰਾਜਸਥਾਨ ਦੇ ਸੰਦੀਪ ਦਾਇਮਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
NEXT STORY