ਗੁਰਦਾਸਪੁਰ, (ਹਰਮਨਪ੍ਰੀਤ, ਦੀਪਕ)- ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਸੰਗਤਾਂ ’ਤੇ ਗੋਲੀ ਚਲਾਉਣ ਦੇ ਮਾਮਲਿਆਂ ਦੀ ਕੀਤੀ ਗਈ ਜਾਂਚ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੀ ਭੂਮਿਕਾ ਸਬੰਧੀ ਖੁਲਾਸਿਆਂ ਦੇ ਆਧਾਰ ’ਤੇ ਅੱਜ ਇਥੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸੁਖਪਾਲ ਸਿੰਘ ਖਹਿਰਾ ਦੇ ਨਿਰਦੇਸ਼ਾਂ ਤਹਿਤ ਅਕਾਲੀ ਆਗੂਆਂ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਤਹਿਤ ਸਥਾਨਿਕ ਕਾਹਨੂੰਵਾਨ ਚੌਕ ਵਿਖੇ ਰਾਜਵੰਤ ਸਿੰਘ ਅਲੀਸ਼ੇਰ ਦੀ ਅਗਵਾਈ ਹੇਠ ਇਕੱਤਰ ਹੋਏ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਆਗੂਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਜਿਸ ਦੌਰਾਨ ਅਲੀਸ਼ੇਰ ਸਮੇਤ ਵੱਖ-ਵੱਖ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰ ਵਾਲੀਆਂ ਸਨ। ਪਰ ਉਸ ਮੌਕੇ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਕਾਬੂ ਕਰ ਕੇ ਸਜ਼ਾਵਾਂ ਦੇਣ ਦੇ ਉਲਟ ਇਸ ਅਖੌਤੀ ਪੰਥਕ ਸਰਕਾਰ ਨੇ ਸਿੱਖ ਸੰਗਤਾਂ ’ਤੇ ਹੀ ਗੋਲੀਆਂ ਵਰ੍ਹਾ ਕੇ ਆਪਣਾ ਸਿੱਖ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਾਦਲ ਅਤੇ ਹੋਰ ਆਗੂ ਇਸ ਸਬੰਧੀ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਆਪਣਾ ਪੱਲਾ ਝਾਡ਼ਦੇ ਰਹੇ ਸਨ। ਪਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਸਾਰੀ ਸਚਾਈ ਅਤੇ ਬਾਦਲ ਪਰਿਵਾਰ ਦੀ ਅਸਲੀਅਤ ਜੱਗ ਜਾਹਿਰ ਹੋ ਗਈ ਹੈ। ਉਨ੍ਹਾਂ ਕਿਹਾ ਅਕਾਲੀ ਆਗੂ ਪੰਥ ਦੇ ਵੱਡੇ ਗਦਾਰ ਹਨ ਜਿਨਾਂ ਨੂੰ ਨਾ ਤਾਂ ਕਾਨੂੰਨ ਮੁਆਫ ਕਰੇਗਾ ਅਤੇ ਨਾ ਪੰਜਾਬ ਦੇ ਲੋਕ ਮੁਆਫੀ ਦੇਣਗੇ। ਇਸ ਮੌਕੇ ਅਰਜਨ ਸਿੰਘ ਗੋਹਤ, ਨਿਰਮਲ ਸਿੰਘ, ਡਾ. ਰਾਮ ਸ਼ਰਨ, ਸੁਖਦੀਪ ਸਿੰਘ, ਜਤਿੰਦਰ ਸਿੰਘ, ਗੁਰਨਾਮ ਸਿੰਘ ਨਬੀਪੁਰ, ਬਲਜੀਤ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸਨ।
ਕਾਂਗਰਸੀ ਵਰਕਰਾਂ ਨੇ ਬਾਦਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ
NEXT STORY