ਕੱਥੂਨੰਗਲ/ਜੇਠੂਵਾਲ (ਤੱਗੜ)-ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਦੇਸ਼ ਭਰ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦੀ ਅਪਾਰ ਆਈ. ਡੀ. ਬਣਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਤਹਿਤ ਸਕੂਲਾਂ ਵਲੋਂ ਬੱਚਿਆਂ ਦੀ ਅਪਾਰ ਆਈ. ਡੀ. ਬਣਾਉਣ ਲਈ ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਤੇ ਬੱਚਿਆਂ ਦੇ ਆਧਾਰ ਕਾਰਡ ਜਮ੍ਹਾ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਪ੍ਰੰਤੂ ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਵਲੋਂ ਬੱਚਿਆਂ ਦੀ ਅਪਾਰ ਆਈ. ਡੀ. ਨਾ ਬਣਾਉਣ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਚਾਰ ਨਾਲ ਮਾਪੇ ਸ਼ਸ਼ੋਪੰਜੇ ਵਿਚ ਪਏ ਹੋਏ ਹਨ ਕੇ ਉਹ ਆਪਣੇ ਤੇ ਬੱਚਿਆਂ ਦੇ ਆਧਾਰ ਕਾਰਡ ਸਕੂਲਾਂ ਨੂੰ ਦੇਣ ਜਾ ਨਾ ਦੇਣ।
ਸੋਸ਼ਲ ਮੀਡੀਆ ’ਤੇ ਅਪਾਰ ਆਈ. ਡੀ. ਵਿਰੁੱਧ ਚੱਲ ਰਿਹਾ ਪ੍ਰਚਾਰ ਇਸ ਕਦਰ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਕਿ ਕੁਝ ਮਾਪੇ ਸਕੂਲ ਅਧਿਆਪਕਾਂ ਨਾਲ ਬਹਿਸ ਰਹੇ ਹਨ। ਇਸ ਮਾਮਲੇ ’ਚ ਇਲਾਕੇ ਦੇ ਕੁਝ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਮੁਖੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬੱਚੇ ਦੀ ਆਈ. ਡੀ. ਬਨਾਉਣਾ ਲਾਜ਼ਮੀ ਨਹੀਂ ਹੈ। ਇਹ ਉਨ੍ਹਾਂ ਦੇ ਮਾਪਿਆਂ ਦੀ ਸਹਿਮਤੀ ’ਤੇ ਨਿਰਭਰ ਕਰਦਾ ਹੈ ਕਿ ਉਹ ਬਣਵਾਉਣਾ ਚਾਹੁੰਦੇ ਹਨ ਕੇ ਨਹੀਂ, ਪਰ ਸਿੱਖਿਆ ਵਿਭਾਗ ਪੰਜਾਬ ਵਲੋਂ ਉਨ੍ਹਾਂ ਨੂੰ ਸਾਰੇ ਬੱਚਿਆਂ ਦੀ ਆਈ. ਡੀ. ਬਣਾਉਣ ਲਈ ਟੀਚਾ ਦਿੱਤਾ ਹੋਇਆ ਹੈ ਤੇ ਨਿਰੰਤਰ ਉਨ੍ਹਾਂ ਤੋਂ ਫੀਡਬੈਕ ਲਈ ਜਾ ਰਹੀ ਹੈ ਕੇ ਕਿੰਨੇ ਬੱਚਿਆਂ ਦੀ ਆਈ. ਡੀ. ਬਣ ਗਈ ਹੈ।
ਉਨ੍ਹਾਂ ਦੱਸਿਆ ਕੇ ਸੋਸ਼ਲ ਮੀਡੀਆ ’ਤੇ ਚੱਲ ਰਹੇ ਪ੍ਰਚਾਰ ਨਾਲ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਇਸ ਗੁੰਮਰਾਹਕੁੰਨ ਪ੍ਰਚਾਰ ’ਚ ਕੋਈ ਸੱਚਾਈ ਨਹੀਂ ਹੈ। ਜਦਕਿ ਬੱਚੇ ਦੀ ਇਸ ਆਈ. ਡੀ. ਦੇ ਬਣਨ ਨਾਲ ਹਰੇਕ ਬੱਚੇ ਦਾ ਅਕਾਦਮਿਕ ’ਤੇ ਹੋਰ ਗਤੀਵਿਧੀਆਂ ਦਾ ਰਿਕਾਰਡ ਡਿਜੀਟਲ ਹੋ ਜਾਵੇਗਾ ਤੇ ਸਕੂਲ ਪੱਧਰ ਤੋਂ ਲੈਂ ਕੇ ਯੂਨੀਵਰਸਿਟੀ ਤਕ ਦੀ ਪੜ੍ਹਾਈ ਦਾ ਰਿਕਾਰਡ ਇਸ ਵਿਚ ਇਕ ਜਗ੍ਹਾ ਇਕੱਠਾ ਰੱਖਿਆ ਜਾਵੇਗਾ ਜਿਸ ਨਾਲ ਜਿੱਥੇ ਜਾਅਲੀ ਡਿਗਰੀਆਂ ਦਾ ਕੰਮ ਖਤਮ ਹੋ ਜਾਏਗਾ। ਉਥੇ ਹੀ ਜੇਕਰ ਕਿਸੇ ਪੱਧਰ ਦਾ ਕੋਈ ਵੀ ਸਰਟੀਫਿਕੇਟ ਬੱਚੇ ਦਾ ਗੁੰਮ ਹੋ ਜਾਂਦਾ ਹੈ ਤਾਂ ਇਹ ਡੀ. ਜੀ. ਲਾਕਰ ਤੋਂ ਅਸਾਨੀ ਨਾਲ ਪ੍ਰਾਪਤ ਕੀਤਾ ਜਾ ਸਕੇਗਾ।
ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਦਾ ਸਖ਼ਤ ਫ਼ਰਮਾਨ, ਮਤੇ ਪਾ ਕੇ ਕਰ 'ਤਾ ਵੱਡਾ ਐਲਾਨ
NEXT STORY