ਗੁਰੂ ਕਾ ਬਾਗ (ਭੱਟੀ)- ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਅੱਜ ਅੰਮ੍ਰਿਤਸਰ ਦੀਆਂ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਜੱਥੇਬੰਦੀਆਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਆ ਰਹੀ ਸੰਗਤ ਅਤੇ ਸਮਾਜ ਸੇਵੀ ਜੱਥੇਬੰਦੀਆਂ ਨਾਲ ਸਹਿਯੋਗ ਕਰਨ ਲਈ ਅਤੇ ਆਪਣੇ ਵੱਲੋਂ ਲੋੜਵੰਦਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਅੱਡਾ ਮਹਿਲ ਬੁਖਾਰੀ ਵਿਚ ਕੈਂਪ ਦੀ ਸ਼ੁਰੂਆਤ ਕੀਤੀ ਗਈ ਤਾਂ ਕਿ ਰਾਹਤ ਸਮੱਗਰੀ ਲੋੜਵੰਦਾਂ ਤੱਕ ਸਹੀ ਢੰਗ ਨਾਲ ਪਹੁੰਚੇ। ਇਸ ਮੌਕੇ ਤੇ ਹਾਜ਼ਰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾਂ, ਜਮਹੂਰੀ ਕਿਸਾਨ ਸਭਾ ਦੇ ਗੁਰਨਾਮ ਸਿੰਘ ਉਮਰ ਪੁਰਾ ਤੇ ਕਿਰਤੀ ਕਿਸਾਨ ਯੂਨੀਅਨ ਦੇ ਧੰਨਵੰਤ ਸਿੰਘ ਖਤਰਾਏ ਕਲਾਂ ਨੇ ਦੱਸਿਆ ਕਿ ਗੈਰ ਕੁਦਰਤੀ ਕਾਰਣਾਂ ਕਰਕੇ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਨਾਲ ਸੰਯੁਕਤ ਕਿਸਾਨ ਮੋਰਚਾ ਤੇ ਪੰਜਾਬ ਦੇ ਆਮ ਲੋਕ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਵੀ ਫੈਸਲਾ ਕੀਤਾ ਹੈ ਕਿ ਹਾੜੀ ਦੀ ਫਸਲ ਪੱਕਣ ਤੱਕ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਦੀ ਮਦਦ ਕਰੇਗਾ ਤੇ ਕਿਸਾਨਾਂ ਮਜ਼ਦੂਰਾਂ ਲਈ ਪਸ਼ੂਆਂ ਦੇ ਚਾਰੇ ਅਤੇ ਫ਼ਸਲ ਬੀਜਣ ਲਈ ਬੀਜ, ਖਾਦ ਆਦਿ ਦਾ ਪ੍ਰਬੰਧ ਕਰੇਗਾ। ਇਸ ਲਈ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਗਰੁੱਪ ਬਣਾਕੇ ਕੈਂਪ ਲਗਾਏ ਜਾਣਗੇ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਨਾਲਾ ਤੇ ਲੋਪੋਕੇ ਤਹਿਸੀਲਾਂ ਨਾਲ ਸਬੰਧਤ ਰਾਹਤ ਸਮੱਗਰੀ ਸਹੀ ਹੱਥਾਂ ਤੱਕ ਪਹੁੰਚਾਉਣ ਲਈ ਇੰਨਾਂ ਕੈਂਪਾਂ ਨਾਲ ਸੰਪਰਕ ਕਰਨ ਕਿਉਂਕਿ ਇਸ ਸਮੱਗਰੀ ਨੂੰ ਹੜਪੱਣ ਲਈ ਬਹੁਤ ਸਾਰੇ ਗੈਰ ਪ੍ਰਭਾਵਿਤ ਅਨਸਰ ਵੀ ਬਹੁਤ ਸਰਗਰਮ ਹੋ ਗਏ ਹਨ। ਸੰਯੁਕਤ ਕਿਸਾਨ ਮੋਰਚੇ ਦੇ ਕੈਂਪ ਆਪ ਕੋਈ ਸਮੱਗਰੀ ਡੰਪ ਨਹੀਂ ਕਰਨਗੇ ਸਿਰਫ ਸਵੈਸੇਵੀ ਲੋਕਾਂ ਦੀ ਮਦਦ ਹੀ ਕਰਨਗੇ ਤਾਂ ਕਿ ਸਵੈਸੇਵੀਆਂ ਦਾ ਉਦੇਸ਼ ਪੂਰਾ ਹੋ ਸਕੇ ਤੇ ਉਹ ਸਹੀ ਲੋਕਾਂ ਤੱਕ ਆਪਣੀ ਕਿਰਤ ਕਮਾਈ ਦਾ ਦਸਵੰਧ ਪਹੁੰਚਾ ਸਕਣ। ਇਸ ਸਮੇਂ ਕਿਸਾਨ ਆਗੂ ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਜੌਹਲ, ਸੁਖਵਿੰਦਰ ਸਿੰਘ ਕਿਆਮਪੁਰ, ਗੁਰਸ਼ਰਨ ਸਿੰਘ ਰਾਣੇ ਵਾਲੀ, ਰਜਿੰਦਰ ਸਿੰਘ ਭਲਾ ਪਿੰਡ, ਬਲਦੇਵ ਸਿੰਘ ਸਹਿੰਸਰਾ, ਗੁਰਿੰਦਰ ਸਿੰਘ ਬਾਠ ਆਦਿ ਹਾਜ਼ਰ ਸਨ।
ਪੰਜਾਬ ਦੇ ਮੌਮਮ ਨੂੰ ਲੈ ਕੇ ਵੱਡੀ ਖ਼ਬਰ, ਵਿਭਾਗ ਨੇ ਜਾਰੀ ਕੀਤੀ Latest Update
NEXT STORY