ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜਮਹੂਰੀ ਅਧਿਕਾਰ ਸਭਾ ਦੇ ਸੱਦੇ 'ਤੇ ਕੱਲ ਤਰਕਸ਼ੀਲ ਭਵਨ ਬਰਨਾਲਾ ਵਿਖੇ ਨਾਗਰਿਕਤਾ ਸੋਧ ਐਕਟ ਦੇ ਮੁੱਦੇ ਬਾਰੇ ਜ਼ਿਲੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਹੋਈ।
ਇਸ ਦੀ ਕਾਰਵਾਈ ਬਾਰੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਭਾ ਦੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ, ਸਕੱਤਰ ਸੋਹਨ ਸਿੰਘ ਮਾਝੀ ਅਤੇ ਪ੍ਰੈੱਸ ਸਕੱਤਰ ਹਰਚਰਨ ਸਿੰਘ ਚਹਿਲ ਨੇ ਕਿਹਾ ਕਿ ਨਾਗਰਿਕਤਾ ਸੋਧ ਐਕਟ ਦੇਸ਼ ਦੇ ਧਰਮ-ਨਿਰਪੇਖ ਖਾਸੇ ਨੂੰ ਖੋਰਾ ਲਾਵੇਗਾ ਅਤੇ ਸਮਾਜ ਵਿਚ ਵੰਡੀਆਂ ਪਾ ਕੇ ਸਾਡੀ ਸਮਾਜਕ ਸਦਭਾਵਨਾ ਨੂੰ ਤਾਰ-ਤਾਰ ਕਰੇਗਾ। ਇਹ ਕਾਨੂੰਨ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੋਧ 'ਚ ਹੈ ਅਤੇ ਭਾਰਤ ਦੇ ਮੌਜੂਦਾ ਹਾਕਮਾਂ ਦੇ ਅਸਲੀ ਭੈੜੇ ਮਨਸੂਬਿਆਂ ਨੂੰ ਸਮਝਣ ਲਈ ਇਸ ਕਾਨੂੰਨ ਨੂੰ ਪ੍ਰਸਤਾਵਿਤ ਐੱਨ. ਆਰ. ਸੀ. ਬਿੱਲ ਨਾਲ ਮਿਲਾ ਕੇ ਦੇਖਣ ਦੀ ਲੋੜ ਹੈ। ਭਾਰਤ ਦੀ ਇਕ ਵੱਡੀ ਘੱਟ-ਗਿਣਤੀ ਨੂੰ ਨਿਸ਼ਾਨਾ ਬਣਾ ਕੇ ਬਹੁ-ਗਿਣਤੀ ਦਾ ਧਰੁਵੀਕਰਨ ਕਰਨ ਦੀ ਕੋਝੀ ਅਤੇ ਫੁੱਟ-ਪਾਊ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰ ਸੂਝਵਾਨ ਅਤੇ ਇਨਸਾਫ-ਪਸੰਦ ਨਾਗਰਿਕ ਨੂੰ ਇਸ ਫਿਰਕੂ ਕਾਨੂੰਨ ਦਾ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਇਸੇ ਮੰਤਵ ਅਧੀਨ ਜ਼ਿਲੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਉਹ 22 ਦਸੰਬਰ ਨੂੰ ਸਵੇਰੇ 10 ਵਜੇ ਸਿਵਲ ਹਸਪਤਾਲ ਦੇ ਪਾਰਕ ਵਿਚ ਇਕੱਤਰ ਹੋਣ ਤੋਂ ਬਾਅਦ ਸ਼ਹਿਰ ਵਿਚ ਇਸ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਨ ਲਈ ਰੋਸ ਪ੍ਰਦਰਸ਼ਨ ਕਰਨਗੇ। ਸਭ ਇਨਸਾਫ-ਪਸੰਦ ਅਤੇ ਜਮਹੂਰੀ ਲੋਕਾਂ ਨੂੰ ਵਧ-ਚੜ੍ਹ ਕੇ ਇਸ ਰੋਸ-ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ ਜਾਂਦੀ ਹੈ। ਇਸ ਮੌਕੇ ਬੀ. ਕੇ. ਯੂ. ਉਗਰਾਹਾਂ ਦੇ ਦਰਸ਼ਨ ਸਿੰਘ ਚੀਮਾ, ਬੀਕੇਯੂ ਡਕੌਂਦਾ ਦੇ ਗੁਰਦੇਵ ਮਾਂਗੇਵਾਲ, ਡੀਟੀਐਫ ਦੇ ਰਮੇਸ ਕੁਮਾਰ, ਡੀਐਮਐਫ ਦੇ ਜੁਗਰਾਜ ਸਿੰਘ ਟੱਲੇਵਾਲ, ਮਜ਼ਦੂਰ-ਮੁਕਤੀ ਮੋਰਚਾ ਦੇ ਗੁਰਪ੍ਰੀਤ ਰੂੜੇਕੇ ਆਦਿ ਹਾਜ਼ਰ ਸਨ।
ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਮੁਸਲਮਾਨ ਭਾਈਚਾਰੇ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
NEXT STORY