ਬਠਿੰਡਾ(ਅਮਿਤ,ਸੁਖਵਿੰਦਰ) : ਬੀਤੀ ਰਾਤ ਨਿਊ ਸ਼ਕਤੀ ਨਗਰ 'ਚ ਰਹਿਣ ਵਾਲੇ ਇਕ ਮੈਡੀਕਲ ਸਟੋਰ ਦੇ ਸੰਚਾਲਕ ਨੇ ਜ਼ਹਿਰੀਲੀ ਦਵਾਈ ਨਿਗਲਣ ਤੋਂ ਬਾਅਦ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ, ਜਿਸਦੀ ਪੁਲਸ ਪੜਤਾਲ ਕਰ ਰਹੀ ਹੈ। ਉਧਰ, ਪੋਸਟਮਾਰਟਮ 'ਚ ਦੇਰੀ ਅਤੇ ਉਕਤ ਮਾਮਲੇ 'ਚ ਮੁਲਜ਼ਮ ਮੰਨੇ ਜਾ ਰਹੇ ਇਕ ਹੋਰ ਕਾਰੋਬਾਰੀ ਦੇ ਖਿਲਾਫ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ ਤੋਂ ਭੜਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਸਾਹਮਣੇ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਬਾਅਦ 'ਚ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਉਚਿਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ, ਜਿਸ ਤੋਂ ਬਾਅਦ ਧਰਨਾ ਹਟਾਇਆ ਗਿਆ।
ਘਰ ਫੋਨ ਕਰਨ ਤੋਂ ਬਾਅਦ ਨਹਿਰ 'ਚ ਮਾਰੀ ਛਾਲ
ਨਿਊ ਸ਼ਕਤੀ ਨਗਰ ਵਾਸੀ ਸੰਜੀਵ ਗਰਗ (40) ਪੁੱਤਰ ਪਵਨ ਕੁਮਾਰ ਗਰਗ ਭੱਟੀ ਰੋਡ 'ਤੇ ਜਨ ਔਸ਼ਧੀ ਮੈਡੀਕਲ ਸਟੋਰ ਚਲਾਉਂਦਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਲਗਭਗ 8 ਵਜੇ ਸੰਜੀਵ ਨੇ ਆਪਣੇ ਘਰ ਫੋਨ ਕਰ ਕੇ ਦੱਸਿਆ ਕਿ ਉਸਨੇ ਜ਼ਹਿਰੀਲੀ ਵਸਤੂ ਨਿਗਲ ਲਈ ਹੈ ਅਤੇ ਹੁਣ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਰਿਹਾ ਹੈ। ਇਸ ਤੋਂ ਬਾਅਦ ਫੋਨ ਹੋਲਡ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ ਫੋਨ 'ਤੇ ਉਲਟੀਆਂ ਕਰਨ ਦੀਆਂ ਆਵਾਜ਼ਾਂ ਸੁਣ ਰਹੀਆਂ ਸਨ ਜੋ ਕੁਝ ਸਮੇਂ ਬਾਅਦ ਬੰਦ ਹੋ ਗਈਆਂ। ਪਰਿਵਾਰਕ ਮੈਂਬਰਾਂ ਵਲੋਂ ਇਸ ਦੀ ਸੂਚਨਾ ਤੁਰੰਤ ਨੌਜਵਾਨ ਵੈੱਲਫੇਅਰ ਸੋਸਾਇਟੀ ਨੂੰ ਦਿੱਤੀ ਗਈ। ਸੂਚਨਾ ਮਿਲਣ 'ਤੇ ਸੋਸਾਇਟੀ ਮੈਂਬਰ ਮਨੀਸ਼ ਮਿੱਤਲ, ਮਨਿਕ ਗਰਗ ਅਤੇ ਰਵੀ ਬਾਂਸਲ ਆਦਿ ਨਹਿਰ 'ਤੇ ਪਹੁੰਚੇ ਅਤੇ ਸੰਜੀਵ ਦੇ ਰਿਸ਼ਤੇਦਾਰਾਂ ਦੀ ਮਦਦ ਨਾਲ ਉਸਦੀ ਨਹਿਰ ਵਿਚ ਤਲਾਸ਼ ਸ਼ੁਰੂ ਕੀਤੀ। ਆਖਿਰਕਾਰ ਬਹਿਮਣ ਪੁਲ ਦੇ ਨਜ਼ਦੀਕ ਉਨ੍ਹਾਂ ਨੂੰ ਸੰਜੀਵ ਬੇਸੁੱਧ ਪਿਆ ਹੋਇਆ ਮਿਲਿਆ ਕਿਉਂਕਿ ਨਹਿਰ 'ਚ ਪਾਣੀ ਘੱਟ ਸੀ, ਜਿਸ ਕਾਰਨ ਉਹ ਪੁਲ ਦੇ ਨਜ਼ਦੀਕ ਚਿੱਕੜ 'ਚ ਫਸ ਗਿਆ। ਮੈਂਬਰਾਂ ਨੇ ਪਰਿਵਾਰ ਦੀ ਮਦਦ ਨਾਲ ਉਸ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ 'ਚ ਉਸਦੀ ਹਾਲਤ ਗੰਭੀਰ ਵੇਖਦਿਆਂ ਨਜ਼ਦੀਕ ਦੇ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ।
ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ
ਪਰਿਵਾਰਕ ਮੈਂਬਰਾਂ ਅਨੁਸਾਰ ਸੰਜੀਵ ਕੁਮਾਰ ਦਾ ਕਿਸੇ ਲਾਟਰੀ ਕਾਰੋਬਾਰੀ ਦੇ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਸੀ, ਜਿਸ ਕਾਰਨ ਸੰਜੀਵ ਕੁਮਾਰ ਪ੍ਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਸੰਜੀਵ ਕੁਮਾਰ ਨੇ ਉਕਤ ਕਾਰੋਬਾਰੀ ਦੇ ਪੈਸੇ ਵਾਪਸ ਵੀ ਕਰ ਦਿੱਤੇ ਸਨ ਪਰ ਉਸਦੇ ਬਾਵਜੁਦ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸੰਜੀਵ ਕੁਮਾਰ ਨੇ ਦੱਸਿਆ ਸੀ ਕਿ ਉਕਤ ਵਿਅਕਤੀ ਉਸ ਨੂੰ ਤੰਗ ਕਰ ਰਿਹਾ ਸੀ। ਇਸ ਕਾਰਨ ਸੰਜੀਵ ਕੁਮਾਰ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਇਸ ਕਾਰਨ ਉਕਤ ਕਦਮ ਚੁੱਕਿਆ ਗਿਆ। ਫਿਲਹਾਲ ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਵੱਡੀ ਰਾਹਤ
NEXT STORY