ਚੰਡੀਗੜ੍ਹ (ਸੰਦੀਪ)- ਮੌਲੀਜਾਗਰਾਂ 'ਚ ਸ਼ਨੀਵਾਰ ਰਾਤ ਨੂੰ ਚਾਰ ਨੌਜਵਾਨਾਂ ਨੇ ਸਤੀਸ਼ (22) ਨੂੰ ਰਸਤੇ 'ਚ ਘੇਰ ਕੇ ਉਸਦੀ ਹੱਤਿਆ ਕਰ ਦਿੱਤੀ। ਮੁਲਜ਼ਮਾਂ ਨੇ ਉਸਦੇ ਸਿਰ 'ਤੇ ਬੀਅਰ ਦੀ ਬੋਤਲ ਨਾਲ ਹਮਲਾ ਕੀਤਾ ਸੀ। ਇਸ ਨਾਲ ਉਸਦੇ ਸਿਰ ਦੀ ਹੱਡੀ ਟੁੱਟ ਗਈ ਸੀ ਅਤੇ ਇਸ ਕਾਰਨ ਹੀ ਉਸਦੀ ਮੌਤ ਹੋਈ। ਮੌਲੀਜਾਗਰਾਂ ਥਾਣਾ ਪੁਲਸ ਨੇ ਸਤੀਸ਼ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਇਸ ਹੱਤਿਆ ਦੀ ਵਾਰਦਾਤ 'ਚ ਰੰਜਿਸ਼, ਅਫੇਅਰ ਅਤੇ ਹੋਰ ਕਈ ਪਹਿਲੂਆਂ ਨੂੰ ਮੁੱਖ ਰੱਖਦਿਆਂ ਜਾਂਚ 'ਚ ਜੁਟ ਗਈ ਹੈ। ਉਥੇ ਹੀ ਦੂਜੇ ਪਾਸੇ ਐਤਵਾਰ ਨੂੰ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਪੁਲਸ ਨੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਮੁਲਜ਼ਮਾਂ ਨੇ ਰਸਤੇ 'ਚ ਰੋਕਿਆ
ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਰਾਤ 8 ਵਜੇ ਸਤੀਸ਼ ਇਕੱਲਾ ਇਥੇ ਘਰੋਂ ਕੁਝ ਹੀ ਦੂਰੀ 'ਤੇ ਸੜਕ 'ਤੇ ਜਾ ਰਿਹਾ ਸੀ ਕਿ ਇਸ ਦੌਰਾਨ ਸੜਕ 'ਤੇ ਉਸ ਨੂੰ ਚਾਰ ਨੌਜਵਾਨਾਂ ਨੇ ਰੋਕ ਕੇ ਉਸ ਤੋਂ ਮਾਚਿਸ ਮੰਗੀ। ਸਤੀਸ਼ ਨੇ ਕਿਹਾ ਕਿ ਉਸ ਕੋਲ ਮਾਚਿਸ ਨਹੀਂ ਹੈ, ਬਸ ਸਤੀਸ਼ ਦੇ ਇੰਨਾ ਕਹਿੰਦਿਆਂ ਹੀ ਚਾਰਾਂ ਨੌਜਵਾਨਾਂ ਨੇ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਕ ਨੌਜਵਾਨ ਨੇ ਉਸਦੇ ਸਿਰ 'ਚ ਬੀਅਰ ਦੀ ਬੋਤਲ ਮਾਰ ਦਿੱਤੀ, ਜਿਸ ਨਾਲ ਸਤੀਸ਼ ਦੇ ਸਿਰ 'ਚੋਂ ਖੂਨ ਵਗਣ ਲੱਗਾ। ਇੰਨੇ 'ਚ ਦੂਜੇ ਨੌਜਵਾਨ ਨੇ ਵੀ ਉਸਦੇ ਸਿਰ 'ਚ ਬੀਅਰ ਦੀ ਬੋਤਲ ਨਾਲ ਹਮਲਾ ਕਰਨਾ ਚਾਹਿਆ ਪਰ ਸਤੀਸ਼ ਨੇ ਸਿਰ 'ਤੇ ਹੱਥ ਰੱਖ ਲਿਆ, ਜਿਸ 'ਤੇ ਉਸ ਦੇ ਹੱਥ 'ਚ ਬੋਤਲ ਲੱਗਣ ਕਾਰਨ ਉਸਦੇ ਹੱਥ 'ਤੇ ਕੱਟ ਲੱਗ ਗਿਆ ਅਤੇ ਖੂਨ ਨਿਕਲਣ ਲੱਗਾ। ਸਤੀਸ਼ ਦਾ ਰੌਲਾ ਸੁਣ ਕੇ ਲੋਕ ਮੌਕੇ 'ਤੇ ਇਕੱਠੇ ਹੁੰਦੇ ਦੇਖ ਸਾਰੇ ਮੁਲਜ਼ਮ ਉਥੋਂ ਫਰਾਰ ਹੋ ਗਏ।
ਸੜਕ 'ਤੇ ਲਹੂ-ਲੁਹਾਨ ਹਾਲਤ 'ਚ ਪਿਆ ਸੀ
ਸਤੀਸ਼ ਦੇ 2 ਜਾਣਕਾਰਾਂ ਨੇ ਉਸ ਦੇ ਘਰ ਪਹੁੰਚ ਕੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਸਤੀਸ਼ ਲਹੂ-ਲੁਹਾਨ ਹਾਲਤ 'ਚ ਸੜਕ 'ਤੇ ਪਿਆ ਹੈ। ਸਤੀਸ਼ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪੁੱਜੇ ਅਤੇ ਉਸ ਨੂੰ ਘਰ ਲੈ ਆਏ। ਇਸ ਤੋਂ ਬਾਅਦ ਸਤੀਸ਼ ਦਾ ਪਰਿਵਾਰ ਉਸ ਨੂੰ ਪੰਚਕੂਲਾ ਸੈਕਟਰ-6 ਹਸਪਤਾਲ ਲੈ ਕੇ ਪੁੱਜਾ। ਇਥੇ ਡਾਕਟਰਾਂ ਨੇ ਉਸਦੇ ਸਿਰ ਦੀ ਸੀ. ਟੀ. ਸਕੈਨ ਕੀਤੀ ਅਤੇ ਇਲਾਜ ਸ਼ੁਰੂ ਕਰ ਦਿੱਤਾ ਪਰ ਰਾਤ 12 ਵਜੇ ਉਸ ਦੀ ਹਾਲਤ ਵਿਗੜਨ ਕਾਰਨ ਮੌਤ ਹੋ ਗਈ। ਹਸਪਤਾਲ ਤੋਂ ਸੂਚਨਾ ਮਿਲਦਿਆਂ ਹੀ ਮੌਲੀਜਾਗਰਾਂ ਥਾਣਾ ਪੁਲਸ ਰਾਤ ਨੂੰ ਹੀ ਹਸਪਤਾਲ ਪਹੁੰਚੀ। ਪੁਲਸ ਨੇ ਕੇਸ ਦੀ ਜਾਂਚ ਦੇ ਆਧਾਰ 'ਤੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੋਬਾਇਲ 'ਤੇ ਆਖਰੀ ਵਾਰ ਹੋਈ ਸੀ ਇਕ ਜਾਣਕਾਰ ਲੜਕੀ ਨਾਲ ਗੱਲ
ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਸਤੀਸ਼ ਨਾਲ ਹੋਈ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਮੋਬਾਇਲ ਤੋਂ ਇਕ ਜਾਣਕਾਰ ਲੜਕੀ ਨਾਲ ਗੱਲ ਕੀਤੀ ਸੀ, ਜਿਸ ਨੂੰ ਦੇਖਦੇ ਹੋਏ ਪੁਲਸ ਲੜਕੀ ਨਾਲ ਦੋਸਤੀ ਅਤੇ ਉਸ ਸਬੰਧੀ ਕਿਸੇ ਹੋਰ ਨਾਲ ਰੰਜਿਸ਼ ਦੇ ਐਂਗਲ 'ਤੇ ਵੀ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਸ ਏਰੀਏ 'ਚ ਰਹਿਣ ਵਾਲੇ ਅਪਰਾਧਿਕ ਪ੍ਰਵਿਰਤੀ ਦੇ ਲੋਕਾਂ ਤੋਂ ਵੀ ਇਸ ਬਾਰੇ ਪੁੱਛਗਿੱਛ ਕਰ ਰਹੀ ਹੈ। ਡੀ. ਐੱਸ. ਪੀ. ਈਸਟ ਦਿਲਸ਼ੇਰ ਸਿੰਘ ਚੰਦੇਲ ਅਨੁਸਾਰ ਪੁਲਸ ਹਰ ਸੰਭਵ ਐਂਗਲ ਤੋਂ ਕੇਸ ਦੀ ਜਾਂਚ 'ਚ ਜੁਟੀ ਹੋਈ ਹੈ। ਟੀਮਾਂ ਸੂਚਨਾਵਾਂ ਜੁਟਾ ਕੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਛੇਤੀ ਹੀ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।
ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਕਾਬੂ
NEXT STORY