ਚੰਡੀਗੜ੍ਹ,(ਸੰਦੀਪ)– ਪੰਜਾਬ ਪੁਲਸ ਵਿਚ ਕਮਾਂਡੋ ਵਜੋਂ ਤਾਇਨਾਤ ਆਪਣੇ ਹੀ ਪਤੀ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋਸ਼ੀ ਪਤਨੀ ਸਮੇਤ 4 ਨੂੰ ਜ਼ਿਲਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਨਾਲ-ਨਾਲ ਹਰੇਕ ਦੋਸ਼ੀ ’ਤੇ 60 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਜ਼ਿਲਾ ਅਦਾਲਤ ਨੇ ਕੇਸ ਵਿਚ ਮ੍ਰਿਤਕ ਦੀ ਪਤਨੀ ਰਾਏਪੁਰ ਕਲਾ ਨਿਵਾਸੀ ਸੁਖਦੀਪ ਕੌਰ, ਵਾਰਦਾਤ ਨੂੰ ਅੰਜਾਮ ਦੇਣ ਵਿਚ ਉਸ ਦਾ ਸਾਥ ਦੇਣ ਵਾਲੇ ਰਾਜਪੁਰਾ ਵਾਸੀ ਸਾਹਿਬ ਸਿੰਘ, ਗੁਰਜਿੰਦਰ ਸਿੰਘ ਅਤੇ ਜਗਤਾਰ ਸਿੰਘ ਨੂੰ ਸਜ਼ਾ ਸੁਣਾਈ ਹੈ। ਸੁਖਦੀਪ ਕੌਰ ਨੇ ਕਿਸੇ ਹੋਰ ਨਾਲ ਵਿਆਹ ਕਰਵਾਉਣ ਦੀ ਖਾਹਿਸ਼ ਵਿਚ ਪਤੀ ਦੀ ਹੱਤਿਆ ਕਰਵਾਈ ਸੀ। ਇਹੋ ਹੀ ਨਹੀਂ, ਉਸ ਨੇ ਪਤੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਖੁਦ ਪੁਲਸ ਨੂੰ ਦਿੱਤੀ ਸੀ। ਮੌਲੀ ਜਾਗਰਾਂ ਥਾਣਾ ਪੁਲਸ ਨੇ 2016 ਵਿਚ ਕੇਸ ਦਰਜ ਕੀਤਾ ਸੀ।
ਜਿਸ ਨੂੰ ਚਾਹੁੰਦੀ ਸੀ, ਉਸ ਦੀ ਫੋਟੋ ਨਾਲ ਹੀ ਕੀਤਾ ਸੀ ਰੋਕਾ
ਪੁਲਸ ਜਾਂਚ ਵਿਚ ਖੁਲਾਸਾ ਹੋਇਆ ਸੀ ਕਿ ਸੁਖਦੀਪ ਕੌਰ ਮੂਲ ਰੂਪ ਵਿਚ ਬਠਿੰਡਾ ਦੇ ਰਹਿਣ ਵਾਲੇ ਹਰਜੀਤ ਸਿੰਘ ਨਾਲ ਪਿਆਰ ਕਰਦੀ ਸੀ। ਹਰਜੀਤ 4 ਸਾਲਾਂ ਤੋਂ ਬਹਿਰੀਨ ਵਿਚ ਰਹਿ ਰਿਹਾ ਸੀ। ਸੁਖਦੀਪ ਕੌਰ ਨੇ ਉਸ ਨੂੰ ਆਪਣੇ ਵਿਆਹ ਬਾਰੇ ਨਾ ਦੱਸਦੇ ਹੋਏ ਉਸ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ ਸੀ। ਇਹੋ ਨਹੀਂ, ਸੁਖਦੀਪ ਇਕ ਵਿਅਕਤੀ ਨੂੰ ਆਪਣਾ ਭਰਾ ਬਣਾ ਕੇ ਬਠਿੰਡਾ ਵਿਚ ਹਰਜੀਤ ਦੇ ਪਰਿਵਾਰ ਨੂੰ ਵੀ ਮਿਲੀ ਸੀ ਅਤੇ ਉਨ੍ਹਾਂ ਨੇ ਹਰਜੀਤ ਦੀ ਫੋਟੋ ਨਾਲ ਉਸ ਦਾ ਰੋਕਾ ਕਰ ਦਿੱਤਾ ਸੀ।
ਰਸਤੇ ’ਚ ਰੋੜਾ ਬਣੇ ਪਤੀ ਦੀ 5 ਲੱਖ ’ਚ ਦਿੱਤੀ ਸੁਪਾਰੀ
ਹੁਣ ਸੁਖਦੀਪ ਅਤੇ ਹਰਜੀਤ ਦੇ ਵਿਆਹ ਵਿਚ ਉਸ ਦਾ ਪਤੀ ਜੈਵੀਰ ਆ ਰਿਹਾ ਸੀ, ਜਿਸ ਨੂੰ ਰਸਤੇ ਵਿਚੋਂ ਹਟਾਉਣ ਲਈ ਹੀ ਸੁਖਦੀਪ ਨੇ ਸਾਹਿਬ ਨਾਲ ਮਿਲ ਕੇ ਉਸ ਦੀ ਹੱਤਿਆ ਦੀ ਯੋਜਨਾ ਬਣਾਈ ਸੀ ਅਤੇ ਇਸ ਲਈ ਉਸ ਨੇ ਉਸ ਨੂੰ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਸੁਖਦੀਪ ਨੇ ਸ਼ੁਰੂ ਵਿਚ ਸਾਹਿਬ ਨੂੰ ਇਕ ਲੱਖ ਰੁਪਏ ਵੀ ਦਿੱਤੇ ਸਨ, ਜਿਨ੍ਹਾਂ ਨਾਲ ਉਸ ਨੇ ਅੱਗੇ ਗੁਰਜਿੰਦਰ ਅਤੇ ਜਗਤਾਰ ਨੂੰ ਹਾਇਰ ਕੀਤਾ ਸੀ। ਯੋਜਨਾ ਅਨੁਸਾਰ ਸੁਖਦੀਪ ਨੇ ਵਾਰਦਾਤ ਦੇ ਦਿਨ ਆਪਣੇ ਪਤੀ ਜੈਵੀਰ ਦੇ ਖਾਣੇ ਵਿਚ ਨੀਂਦ ਵਾਲੀਆਂ ਗੋਲੀਆਂ ਮਿਲਾ ਦਿੱਤੀਆਂ ਸਨ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਸੀ। ਇਸ ਤੋਂ ਬਾਅਦ ਸਾਹਿਬ ਅਤੇ ਉਸ ਦੇ ਸਾਥੀ ਸੁਖਦੀਪ ਦੇ ਘਰ ਪਹੁੰਚੇ ਸਨ। ਸਾਰਿਆਂ ਨੇ ਜੈਵੀਰ ਦੇ ਕੱਪੜੇ ਉਤਾਰ ਕੇ ਉਸ ਨੂੰ ਕਾਰ ਵਿਚ ਪਾਇਆ ਤੇ ਮਨੌਲੀ ਲੈ ਗਏ ਅਤੇ ਉਥੋਂ ਉਸ ਨੂੰ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਸੀ।
ਪਤਨੀ ਨੇ ਦਿੱਤੀ ਸੀ ਪਤੀ ਦੇ ਲਾਪਤਾ ਹੋਣ ਦੀ ਸ਼ਿਕਾਇਤ
ਸੁਖਦੀਪ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ 3 ਮਾਰਚ 2016 ਦੀ ਸਵੇਰੇ ਉਸ ਦਾ ਪਤੀ ਜੈਵੀਰ ਸਿੰਘ ਮੋਹਾਲੀ ਸਥਿਤ ਪੰਜਾਬ ਪੁਲਸ ਦੇ ਕਮਾਂਡੋ ਕੰਪਲੈਕਸ ਵਿਚ ਡਿਊਟੀ ’ਤੇ ਜਾਣ ਲਈ ਘਰੋਂ ਨਿਕਲਆ ਸੀ ਅਤੇ ਸ਼ਾਮ ਤੱਕ ਉਹ ਡਿਊਟੀ ਤੋਂ ਘਰ ਨਹੀਂ ਪਰਤਿਆ ਸੀ। ਉਸ ਦੀ ਸ਼ਿਕਾਇਤ ’ਤੇ ਪੁਲਸ ਨੇ ਉਸ ਦੇ ਪਤੀ ਦੇ ਲਾਪਤਾ ਹੋਣ ਨਾਲ ਸਬੰਧਤ ਕੇਸ ਮੌਲੀ ਜਾਂਗਰਾ ਥਾਣੇ ਵਿਚ ਦਰਜ ਕੀਤਾ ਸੀ।
ਪੁਲਸ ਨੇ ਸਖਤੀ ਕੀਤੀ ਤਾਂ ਕਬੂਲਿਆ ਗੁਨਾਹ
ਕਾਫੀ ਸਮੇਂ ਤੱਕ ਜੈਵੀਰ ਦੇ ਨਾ ਮਿਲਣ ’ਤੇ ਪੁਲਸ ਨੇ ਇਸ ਕੇਸ ਦੀ ਜਾਂਚ ਲਈ ਮੌਲੀ ਜਾਂਗਰਾ ਥਾਣਾ ਇੰਚਾਰਜ ਬਲਦੇਵ ਸਿੰਘ ਅਤੇ ਕ੍ਰਾਈਮ ਬ੍ਰਾਂਚ ਇੰਸਪੈਕਟਰ ਰਣਜੀਤ ਸਿੰਘ ਦੀ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਸੀ। ਟੀਮ ਨੇ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਤੇ ਸੁਖਦੀਪ ਕੌਰ ਤੋਂ ਪੁੱਛਗਿੱਛ ਕੀਤੀ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਸੁਖਦੀਪ ਕੌਰ ਨੇ ਹੀ ਰਾਜਪੁਰਾ ਦੇ ਰਹਿਣ ਵਾਲੇ ਸਾਹਿਬ ਸਿੰਘ ਅਤੇ ਉਸ ਦੇ ਹੋਰ ਦੋ ਸਾਥੀਆ ਨਾਲ ਮਿਲ ਕੇ ਜੈਵੀਰ ਦੀ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਹੱਤਿਆ ਅਤੇ ਹੋਰ ਬਣਦੀਆਂ ਧਾਰਾਵਾਂ ਤਹਿਤ ਕੇਸ ਵਿਚ ਸੁਖਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਪੁਲਸ ਸਾਹਿਬ ਸਿੰਘ ਨੂੰ ਪਟਿਆਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਸਾਹਿਬ ਸਿੰਘ ਨੇ ਪੁੱਛਗਿੱਛ ਤੋਂ ਬਾਅਦ ਕੇਸ ਵਿਚ ਉਸ ਦੇ ਦੋ ਹੋਰ ਸਾਥੀਆਂ ਗੁਰਜਿੰਦਰ ਸਿੰਘ ਅਤੇ ਜਗਤਾਰ ਸਿੰਘ ਸਬੰਧੀ ਖੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।
ਸਲਾਰੀਆ ਦੇ ਬਰਥ-ਡੇਅ ਪਾਰਟੀ ’ਚ ਫਾਇਰਿੰਗ ਦੇ ਮੁਲਜ਼ਮ 11 ਦਿਨਾਂ ਬਾਅਦ ਰੋਪਡ਼ ਤੋਂ ਗ੍ਰਿਫਤਾਰ
NEXT STORY